ਨਸ਼ੇ ਦੀ ਹਾਲਤ ’ਚ ਘੁੰਮਦੇ ਤਿੰਨ ਨੌਜਵਾਨ ਕਾਬੂ, ਡੋਪ ਟੈਸਟ ਪੋਜ਼ਿਟਿਵ ਆਉਣ ’ਤੇ ਕੇਸ ਦਰਜ
ਪੁਲਿਸ ਮੁਤਾਬਕ ਉੱਥੇ ਤਿੰਨ ਨੌਜਵਾਨ ਸ਼ੱਕੀ ਹਾਲਤ ਵਿੱਚ ਘੁੰਮਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਮੁਸਤੈਦੀ ਦਿਖਾਉਂਦੇ ਹੋਏ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਘੇਰਾਬੰਦੀ ਕਰਕੇ ਮੌਕੇ 'ਤੇ ਹੀ ਦਬੋਚ ਲਿਆ ਗਿਆ।
Publish Date: Thu, 28 May 2026 01:56 PM (IST)
Updated Date: Thu, 28 May 2026 01:58 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਥਾਣਾ ਮੇਹਟੀਆਣਾ ਪੁਲਿਸ ਨੇ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ, ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਡੋਪ ਟੈਸਟ ਪੋਜ਼ਿਟਿਵ ਆਉਣ ’ਤੇ ਉਨ੍ਹਾਂ ਖਿਲਾਫ ਐਨ.ਡੀ.ਪੀ.ਐਸ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ।
ਚੈਕਿੰਗ ਦੌਰਾਨ ਮਿਲੀ ਗੁਪਤ ਸੂਚਨਾ: ਨਸ਼ੇ ਦੀ ਹਾਲਤ ਵਿੱਚ ਘੁੰਮ ਰਹੇ ਸਨ ਮੁਲਜ਼ਮ
ਪੁਲਿਸ ਨੇ ਦੱਸਿਆ ਕਿ ਏ.ਐਸ.ਆਈ. ਓਂਕਾਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਪ੍ਰਾਈਵੇਟ ਵਾਹਨ 'ਤੇ ਪਿੰਡ ਫਲਾਹੀ ਵੱਲ ਗਸ਼ਤ 'ਤੇ ਸੀ। ਇਸੇ ਦੌਰਾਨ ਮੁਖ਼ਬਿਰ ਨੇ ਇਤਲਾਹ ਦਿੱਤੀ ਸੀ ਕਿ ਤਿੰਨ ਨੌਜਵਾਨ, ਜੋ ਕਥਿਤ ਤੌਰ ’ਤੇ ਨਸ਼ੇ ਦੇ ਆਦਿ ਹਨ, ਇਸ ਵੇਲੇ ਨਸ਼ੇ ਦੀ ਲੋਰ ਵਿੱਚ ਪਿੰਡ ਫਲਾਹੀ ਤੋਂ ਭਟਰਾਣਾ ਨੂੰ ਜਾਣ ਵਾਲੇ ਰਸਤੇ 'ਤੇ ਘੁੰਮ ਰਹੇ ਹਨ। ਮੁਖ਼ਬਿਰ ਦੀ ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਏ.ਐਸ.ਆਈ. ਓਂਕਾਰ ਸਿੰਘ ਨੇ ਤੁਰੰਤ ਐਕਸ਼ਨ ਲਿਆ ਅਤੇ ਦੱਸੀ ਹੋਈ ਜਗ੍ਹਾ 'ਤੇ ਛਾਪੇਮਾਰੀ ਕੀਤੀ। ਪੁਲਿਸ ਮੁਤਾਬਕ ਉੱਥੇ ਤਿੰਨ ਨੌਜਵਾਨ ਸ਼ੱਕੀ ਹਾਲਤ ਵਿੱਚ ਘੁੰਮਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਮੁਸਤੈਦੀ ਦਿਖਾਉਂਦੇ ਹੋਏ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਘੇਰਾਬੰਦੀ ਕਰਕੇ ਮੌਕੇ 'ਤੇ ਹੀ ਦਬੋਚ ਲਿਆ ਗਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ
ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਤਿੰਨਾਂ ਨੌਜਵਾਨਾਂ ਨੇ ਪੁੱਛਗਿੱਛ ਦੌਰਾਨ ਆਪਣੀ ਪਛਾਣ ਜਸਵਿੰਦਰ ਸਿੰਘ ਉਰਫ਼ ਜੱਸੀ ਪੁੱਤਰ ਹਰਮੇਸ਼ ਲਾਲ, ਵਾਸੀ ਪਿੰਡ ਬਡਲਾ, ਸੰਦੀਪ ਕੁਮਾਰ ਉਰਫ਼ ਦੀਪਾ ਪੁੱਤਰ ਬਲਕਾਰ, ਵਾਸੀ ਪਿੰਡ ਪੰਡੋਰੀ ਕੱਦ, ਹਰਜੀਤ ਸਿੰਘ ਪੁੱਤਰ ਸੋਢੀ ਸਿੰਘ, ਵਾਸੀ ਪਿੰਡ ਫਲਾਹੀ ਵਜੋਂ ਦੱਸੀ।
ਡੋਪ ਟੈਸਟ ਨੇ ਖੋਲ੍ਹੇ ਰਾਜ਼: ਹਸਪਤਾਲ ਦੀ ਰਿਪੋਰਟ ਤੋਂ ਬਾਅਦ ਐਫ.ਆਈ.ਆਰ.
ਪੁਲਿਸ ਨੇ ਫੜੇ ਗਏ ਨੌਜਵਾਨਾਂ 'ਤੇ ਦੋਸ਼ ਲਗਾਇਆ ਹੈ ਕਿ ਉਹ ਮੌਕੇ 'ਤੇ ਨਸ਼ੇ ਦੀ ਹਾਲਤ ਵਿੱਚ ਸਨ। ਇਸ ਪੁਖਤਾ ਸਬੂਤ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਲਈ ਏ.ਐਸ.ਆਈ. ਓਂਕਾਰ ਸਿੰਘ ਨੇ ਤਿੰਨਾਂ ਮੁਲਜ਼ਮਾਂ ਨੂੰ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਂਦਾ। ਹਸਪਤਾਲ ਵਿੱਚ ਇਨ੍ਹਾਂ ਦੇ ਮੈਡੀਕਲ ਅਤੇ ਡੋਪ ਟੈਸਟ ਕਰਵਾਏ ਗਏ। ਪੁਲਿਸ ਨੇ ਦੱਸਿਆ ਕਿ ਡੋਪ ਟੈਸਟ ਦੀ ਤਿੰਨਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਤਿੰਨਾਂ ਦੇ ਖ਼ਿਲਾਫ ਮਾਮਲਾ ਦਰਜ਼ ਕੀਤਾ ਗਿਆ।