ਹੁਸ਼ਿਆਰਪੁਰ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ: ਅਚਾਨਕ ਬਦਲੇ ਮੌਸਮ ਨੇ ‘ਲੂ’ ਤੋਂ ਦਿਵਾਈ ਨਿਜਾਤ, ਪਈਆਂ ਹਲਕੀਆਂ ਕਣੀਆਂ
ਬੱਦਲਾਂ ਦੇ ਇਸ ਆਉਣ-ਜਾਣ ਨਾਲ ਮੌਸਮ ਦੀ ਗਰਮਾਹਟ ਵਿੱਚ ਕੁਝ ਕਮੀ ਆਈ ਹੈ ਅਤੇ ਲੋਕਾਂ ਨੇ ਇਸਨੂੰ ਤਪਦੀ ਗਰਮੀ ਤੋਂ ਵੱਡੀ ਰਾਹਤ ਵਜੋਂ ਮਹਿਸੂਸ ਕੀਤਾ।
Publish Date: Thu, 21 May 2026 12:09 PM (IST)
Updated Date: Thu, 21 May 2026 12:11 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਅਤੇ ਕਹਿਰ ਦੀ ‘ਲੂ’ ਦਾ ਸਾਹਮਣਾ ਕਰ ਰਹੇ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਅੱਜ ਉਸ ਵੇਲੇ ਵੱਡੀ ਰਾਹਤ ਮਿਲੀ, ਜਦੋਂ ਮੌਸਮ ਨੇ ਅਚਾਨਕ ਕਰਵਟ ਲੈ ਲਈ।
ਸਵੇਰੇ ਲਗਭਗ 10 ਵਜੇ ਤੋਂ ਬਾਅਦ ਆਸਮਾਨ ਵਿੱਚ ਅਚਾਨਕ ਗੂੜ੍ਹੀ ਬੱਦਲਵਾਈ ਛਾ ਗਈ। ਇਸ ਦੌਰਾਨ ਕਈ ਥਾਵਾਂ ‘ਤੇ ਕਰੀਬ 10 ਮਿੰਟ ਲਈ ਹਲਕਾ ਮੀਂਹ ਅਤੇ ਤੇਜ਼ ਛਿੱਟੇ ਪਏ, ਜਿਸ ਨਾਲ ਸੜਕਾਂ ਗਿੱਲੀਆਂ ਹੋ ਗਈਆਂ। ਹਾਲਾਂਕਿ ਇਸ ਤੋਂ ਬਾਅਦ ਬੱਦਲ ਕੁਝ ਹੱਦ ਤੱਕ ਛੱਟਣ ਲੱਗ ਪਏ, ਪਰ ਆਸਮਾਨ ਵਿੱਚ ਬੱਦਲਾਂ ਦੀ ਆਵਾਜਾਈ ਅਜੇ ਵੀ ਜਾਰੀ ਹੈ। ਕਦੇ ਹਲਕੀ ਧੁੱਪ ਨਿਕਲ ਆਉਂਦੀ ਹੈ ਤੇ ਕਦੇ ਸੂਰਜ ਬੱਦਲਾਂ ਦੇ ਪਿੱਛੇ ਲੁਕ ਜਾਂਦਾ ਹੈ।
ਬੱਦਲਾਂ ਦੇ ਇਸ ਆਉਣ-ਜਾਣ ਨਾਲ ਮੌਸਮ ਦੀ ਗਰਮਾਹਟ ਵਿੱਚ ਕੁਝ ਕਮੀ ਆਈ ਹੈ ਅਤੇ ਲੋਕਾਂ ਨੇ ਇਸਨੂੰ ਤਪਦੀ ਗਰਮੀ ਤੋਂ ਵੱਡੀ ਰਾਹਤ ਵਜੋਂ ਮਹਿਸੂਸ ਕੀਤਾ।
ਇੱਥੇ ਦੱਸਣਯੋਗ ਹੈ ਕਿ ਉੱਤਰੀ ਖੇਤਰ ਵਿੱਚ ਚੱਲ ਰਹੀ ਹੀਟ ਵੇਵ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਬੀਤੇ ਮੰਗਲਵਾਰ ਨੂੰ ਗਰਮੀ ਦੀ ਚਿਤਾਵਨੀ ਨੂੰ ‘ਯੈਲੋ’ ਤੋਂ ‘ਓਰੇਂਜ ਅਲਰਟ’ ਵਿੱਚ ਅਪਗ੍ਰੇਡ ਕੀਤਾ ਗਿਆ ਸੀ, ਜਿਸਦਾ ਮਤਲਬ “ਸਿਰਫ਼ ਸਾਵਧਾਨ ਰਹੋ” ਤੋਂ “ਪੂਰੀ ਤਿਆਰੀ ਰੱਖੋ” ਵੱਲ ਬਦਲਾਅ ਹੈ। ਵਿਭਾਗ ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਲਈ ਐਤਵਾਰ ਤੱਕ ਗੰਭੀਰ ਲੂ ਜਾਰੀ ਰਹਿਣ ਦੀ ਚਿਤਾਵਨੀ ਦਿੱਤੀ ਹੈ।
ਅਲਰਟ ਮੁਤਾਬਕ ਪੂਰਾ ਹਫ਼ਤਾ ਤੀਬਰ ਗਰਮੀ, ਮੀਂਹ ਦੀ ਗੈਰਹਾਜ਼ਰੀ ਅਤੇ ਤੇਜ਼ ਹਵਾਵਾਂ ਨਾ ਚੱਲਣ ਦੀ ਸੰਭਾਵਨਾ ਜਤਾਈ ਗਈ ਸੀ। ਇਸ ਦਰਮਿਆਨ ਅੱਜ ਹੋਈ ਹਲਕੀ ਬੂੰਦਾਬਾਂਦੀ ਨੇ ਸਥਾਨਕ ਲੋਕਾਂ ਨੂੰ ਅੱਗ ਉਗਲਦੀ ਗਰਮੀ ਤੋਂ ਕੁਝ ਸਮੇਂ ਲਈ ਸੁੱਖ ਦਾ ਸਾਹ ਜ਼ਰੂਰ ਦਿਵਾਇਆ ਹੈ।