SCERT ਨੇ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਸਿੱਖਿਆ) ਅਤੇ ਡਾਇਟ ਪ੍ਰਿੰਸੀਪਲਾਂ ਨੂੰ ਹਦਾਇਤਾਂ ਜਾਰੀ ਕਰਦਿਆਂ ‘ਐਜੂਸੈਟ’ ਅਤੇ ‘ਪੀਐਮ ਈ-ਵਿਦਿਆ’ ਚੈਨਲ ਲਈ ਵਿਗਿਆਨ ਵਿਸ਼ੇ ਦੇ ਨਵੇਂ ਵੀਡੀਓ ਲੈਕਚਰ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਹੈ।

ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (SCERT) ਵੱਲੋਂ ਸੂਬੇ ਦੇ ਵਿਦਿਆਰਥੀਆਂ ਨੂੰ ਡਿਜੀਟਲ ਮਾਧਿਅਮ ਰਾਹੀਂ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਅਧਿਕਾਰਤ ਸੂਤਰਾਂ ਮੁਤਾਬਕ ਐਸਸੀਈਆਰਟੀ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਸਿੱਖਿਆ) ਅਤੇ ਡਾਇਟ ਪ੍ਰਿੰਸੀਪਲਾਂ ਨੂੰ ਹਦਾਇਤਾਂ ਜਾਰੀ ਕਰਦਿਆਂ ‘ਐਜੂਸੈਟ’ ਅਤੇ ‘ਪੀਐਮ ਈ-ਵਿਦਿਆ’ ਚੈਨਲ ਲਈ ਵਿਗਿਆਨ ਵਿਸ਼ੇ ਦੇ ਨਵੇਂ ਵੀਡੀਓ ਲੈਕਚਰ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਹੈ।
ਐਸਸੀਈਆਰਟੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਿਗਿਆਨ ਵਿਸ਼ੇ ਦੇ ਨਵੇਂ ਸਿਲੇਬਸ ਅਨੁਸਾਰ ਸਾਰੀਆਂ ਜਮਾਤਾਂ ਲਈ ਵੀਡੀਓ ਲੈਕਚਰ ਤਿਆਰ ਕੀਤੇ ਜਾ ਰਹੇ ਹਨ। ਇਸ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਤਜਰਬੇਕਾਰ ਅਧਿਆਪਕਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਤਾਂ ਜੋ ਪਾਠਕ੍ਰਮ ਅਧਾਰਿਤ ਉੱਚ-ਗੁਣਵੱਤਾ ਵਾਲੀ ਡਿਜੀਟਲ ਸਮੱਗਰੀ ਤਿਆਰ ਕੀਤੀ ਜਾ ਸਕੇ।
ਨਿਰਦੇਸ਼ਾਂ ਅਨੁਸਾਰ ਸੰਬੰਧਤ ਅਧਿਆਪਕ ਕੰਮਕਾਜੀ ਦਿਨਾਂ ਦੌਰਾਨ ਆਪਣੇ-ਆਪਣੇ ਜ਼ਿਲ੍ਹਿਆਂ ਦੇ ਡਾਇਟ ਜਾਂ ਐਜੂਸੈਟ ਸਟੂਡੀਓ ਵਿੱਚ ਵੀਡੀਓ ਰਿਕਾਰਡ ਕਰਨਗੇ। ਤਿਆਰ ਕੀਤੇ ਗਏ ਵੀਡੀਓ ਲੈਕਚਰ ਨਿਰਧਾਰਤ ਸਮੇਂ ਅੰਦਰ ਸਮੀਖਿਆ ਕਮੇਟੀ ਨੂੰ ਭੇਜੇ ਜਾਣਗੇ।
ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਵੀਡੀਓ ਲੈਕਚਰ 10 ਮਈ 2026 ਤੱਕ ਤਿਆਰ ਕਰਕੇ ਸਮੀਖਿਆ ਲਈ ਭੇਜਣ ਲਾਜ਼ਮੀ ਹਨ, ਤਾਂ ਜੋ ਉਨ੍ਹਾਂ ਦੀ ਸਮੇਂ ਸਿਰ ਜਾਂਚ ਅਤੇ ਮਨਜ਼ੂਰੀ ਹੋ ਸਕੇ। ਇਸ ਦੇ ਲਈ ਤਕਨੀਕੀ ਮਾਪਦੰਡਾਂ ਦੀ ਪਾਲਣਾ ਕਰਨੀ ਹੋਵੇਗੀ
ਵੀਡੀਓ ਤਿਆਰ ਕਰਨ ਲਈ ਕੁਝ ਤਕਨੀਕੀ ਮਾਪਦੰਡ ਨਿਰਧਾਰਤ ਕੀਤੇ ਗਏ ਹਨ:
ਸਾਰੇ ਵੀਡੀਓ ਲੈਕਚਰ ਪੀਪੀਟੀ ਅਧਾਰਿਤ ਹੋਣਗੇ ਅਤੇ ਹਰ ਲੈਕਚਰ ਦੀ ਮਿਆਦ 27 ਤੋਂ 30 ਮਿੰਟ ਦੇ ਵਿਚਕਾਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਤਿਆਰ ਵੀਡੀਓ ਗੂਗਲ ਡਰਾਈਵ ‘ਤੇ ਅਪਲੋਡ ਕਰਕੇ ਸਾਰਿਆਂ ਲਈ ਪਹੁੰਚ ਯਕੀਨੀ ਬਣਾਉਣੀ ਹੋਵੇਗੀ ਅਤੇ ਉਨ੍ਹਾਂ ਨੂੰ ਡਰਾਈਵ ਤੋਂ ਹਟਾਇਆ ਨਹੀਂ ਜਾਵੇਗਾ।
ਹੁਕਮਾਂ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸਮੇਂ ਸਿਰ ਸੂਚਿਤ ਕਰਕੇ ਵੀਡੀਓ ਤਿਆਰੀ ਦੇ ਕੰਮ ਵਿੱਚ ਪੂਰਾ ਸਹਿਯੋਗ ਯਕੀਨੀ ਬਣਾਉਣ।