ਜੈਜੋਂ ਰੇਲ ਮਸਲੇ ’ਤੇ ਅਵਿਨਾਸ਼ ਰਾਏ ਖੰਨਾ ਰੇਲ ਰਾਜ ਮੰਤਰੀ ਨੂੰ ਮਿਲੇ
ਜੈਜੋਂ ਰੇਲ ਮਸਲੇ ’ਤੇ ਅਵਿਨਾਸ਼ ਰਾਏ ਖੰਨਾ ਨੇ ਕੇਂਦਰੀ ਰੇਲ ਰਾਜ ਮੰਤਰੀ ਨਾਲ ਕੀਤੀ ਮੁਲਾਕਾਤ
Publish Date: Mon, 19 Jan 2026 07:00 PM (IST)
Updated Date: Tue, 20 Jan 2026 04:13 AM (IST)

ਜੈਜੋਂ-ਜਲੰਧਰ ਟ੍ਰੇਨ ਬਹਾਲੀ ਦੀਆਂ ਰੁਕਾਵਟਾਂ ਦੂਰ ਕਰਨ ਦਾ ਦਿੱਤਾ ਭਰੋਸਾ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜੈਜੋਂ ਰੇਲਵੇ ਸਟੇਸ਼ਨ ਨਾਲ ਜੁੜੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਤੇ ਟ੍ਰੇਨ ਬਹਾਲੀ ਦੇ ਮਸਲੇ ਨੂੰ ਲੈ ਕੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਇੱਕ ਵਾਰ ਫਿਰ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨਾਲ ਮੁਲਾਕਾਤ ਕੀਤੀ। ਖੰਨਾ ਦੇ ਦਫ਼ਤਰ ਵੱਲੋਂ ਜਾਰੀ ਪ੍ਰੈਸ ਬਿਆਣ ਅਨੁਸਾਰ, ਅਵਿਨਾਸ਼ ਰਾਏ ਖੰਨਾ ਨੇ ਕੇਂਦਰੀ ਮੰਤਰੀ ਨੂੰ ਜੈਜੋਂ ਰੇਲਵੇ ਸਟੇਸ਼ਨ ਨਾਲ ਸਬੰਧਤ ਮੁੱਦਿਆਂ ਬਾਰੇ ਵਿਸਥਾਰ ਨਾਲ ਅਵਗਤ ਕਰਵਾਇਆ। ਉਨ੍ਹਾਂ ਕਿਹਾ ਕਿ ਜੈਜੋਂ ਵਪਾਰਕ ਅਤੇ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਇੱਕ ਮਹੱਤਵਪੂਰਨ ਕਸਬਾ ਹੈ, ਜਿੱਥੇ ਦੀ ਵੱਡੀ ਆਬਾਦੀ ਵਪਾਰ ’ਤੇ ਨਿਰਭਰ ਕਰਦੀ ਹੈ। ਸ਼ਿਵਾਲਿਕ ਪਹਾੜੀ ਸ਼੍ਰੇਣੀ ਦੇ ਨੇੜੇ ਹੋਣ ਕਰਕੇ, ਇਹ ਇਸ ਖੇਤਰ ਦੇ ਲੋਕਾਂ ਅਤੇ ਇਸਦੇ ਆਲੇ ਦੁਆਲੇ ਦੇ ਵਸਨੀਕਾਂ ਲਈ ਇੱਕੋ ਇੱਕ ਆਵਾਜਾਈ ਪਲੇਟਫਾਰਮ ਵਜੋਂ ਵੀ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਬ੍ਰਿਟਿਸ਼ ਯੁੱਗ ਦਾ ਬਣਿਆ ਇਹ ਰੇਲਵੇ ਸਟੇਸ਼ਨ ਪਹਿਲਾਂ ਜੈਜੋਂ ਤੋਂ ਜਲੰਧਰ ਲਈ ਟ੍ਰੇਨ ਸੇਵਾ ਨਾਲ ਜੁੜਿਆ ਹੋਇਆ ਸੀ, ਜੋ ਕੋਰੋਨਾ ਕਾਲ ਦੌਰਾਨ ਬੰਦ ਕਰ ਦਿੱਤੀ ਗਈ ਸੀ। ਸਥਿਤੀ ਆਮ ਵਾਂਗ ਹੋਣ ਦੇ ਬਾਵਜੂਦ ਟ੍ਰੇਨ ਸੇਵਾ ਮੁੜ ਸ਼ੁਰੂ ਨਾ ਹੋਣ ਕਾਰਨ ਰੇਲ ਯਾਤਰੀਆਂ ਅਤੇ ਵਪਾਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੰਨਾ ਨੇ ਇਹ ਮੰਗ ਵੀ ਰੱਖੀ ਕਿ ਜੇਕਰ ਜੈਜੋਂ ਰੇਲਵੇ ਸਟੇਸ਼ਨ ਤੋਂ ਊਨਾ (ਹਿਮਾਚਲ ਪ੍ਰਦੇਸ਼) ਤੱਕ ਰੇਲ ਲਾਈਨ ਦਾ ਵਿਸਥਾਰ ਕੀਤਾ ਜਾਵੇ ਤਾਂ ਲੋਕਾਂ ਨੂੰ ਦੋ ਵੱਡੇ ਵਪਾਰਕ ਕੇਂਦਰਾਂ ਨਾਲ ਜੋੜਿਆ ਜਾ ਸਕਦਾ ਹੈ, ਜਿਸ ਨਾਲ ਇਲਾਕੇ ਦੇ ਵਿਕਾਸ ਨੂੰ ਹੋਰ ਗਤੀ ਮਿਲੇਗੀ। ਇਸ ਮੌਕੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਭਰੋਸਾ ਦਿਵਾਇਆ ਕਿ ਜੈਜੋਂ ਰੇਲਵੇ ਸਟੇਸ਼ਨ ’ਤੇ ਟ੍ਰੇਨ ਬਹਾਲੀ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਜਲਦੀ ਦੂਰ ਕਰਕੇ ਟ੍ਰੇਨ ਸੇਵਾ ਮੁੜ ਸ਼ੁਰੂ ਕਰਵਾਈ ਜਾਵੇਗੀ।