ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 31 ਮਾਰਚ, 2027 ਤਕ ਇਨ੍ਹਾਂ ਗਤੀਵਿਧੀਆਂ ਦੀ ਵਿਸਤ੍ਰਿਤ ਰਿਪੋਰਟ ਅਤੇ ਫੋਟੋਆਂ ਮੁੱਖ ਦਫ਼ਤਰ ਨੂੰ ਭੇਜਣ। ਇਸ ਤੋਂ ਇਲਾਵਾ, ਸਕੂਲਾਂ ਨੂੰ ਇਨ੍ਹਾਂ ਗਤੀਵਿਧੀਆਂ ਦਾ ਪੂਰਾ ਰਿਕਾਰਡ ਇੱਕ ਰਜਿਸਟਰ ਵਿੱਚ ਸੰਭਾਲ ਕੇ ਰੱਖਣਾ ਹੋਵੇਗਾ। ਇਸ ਕਦਮ ਨਾਲ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਿਲਚਸਪ ਬਣੇਗੀ, ਉੱਥੇ ਹੀ ਉਨ੍ਹਾਂ ਦੀਆਂ ਲੁਕੀਆਂ ਹੋਈਆਂ ਪ੍ਰਤਿਭਾਵਾਂ ਨੂੰ ਵੀ ਉਭਰਨ ਦਾ ਮੌਕਾ ਮਿਲੇਗਾ।

ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡੀ ਤੇ ਖੁਸ਼ੀ ਵਾਲੀ ਖ਼ਬਰ ਹੈ। ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (SCERT), ਪੰਜਾਬ ਨੇ ਅਕਾਦਮਿਕ ਸੈਸ਼ਨ 2026-27 ਲਈ ਸੂਬੇ ਦੇ ਸਾਰੇ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ (ਪੀਐਮ ਸ਼੍ਰੀ ਸਕੂਲਾਂ ਨੂੰ ਛੱਡ ਕੇ) 'ਚ ਵੱਖ-ਵੱਖ ਵਿਸ਼ਿਆਂ ਦੇ 'ਸਰਕਲ' ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਸ ਨਵੀਂ ਪਹਿਲਕਦਮੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਰੱਟਾ ਮਾਰਨ ਦੀ ਪ੍ਰਵਿਰਤੀ ਨੂੰ ਖਤਮ ਕਰਕੇ ਉਨ੍ਹਾਂ ਵਿਚ ਪ੍ਰਯੋਗਾਤਮਕ ਸਿੱਖਿਆ, ਵਿਗਿਆਨਕ ਸੋਚ ਅਤੇ ਤਰਕਸ਼ੀਲਤਾ ਦਾ ਵਿਕਾਸ ਕਰਨਾ ਹੈ।
SCERT ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਸਕੂਲਾਂ ਵਿੱਚ ਮੁੱਖ ਤੌਰ 'ਤੇ ਸੱਤ ਕਿਸਮਾਂ ਦੇ ਸਰਕਲ ਗਠਿਤ ਕੀਤੇ ਜਾਣਗੇ:
ਗਣਿਤ ਤੇ ਵਿਗਿਆਨ ਸਰਕਲ: ਵਿਦਿਆਰਥੀਆਂ 'ਚ ਵਿਗਿਆਨਕ ਨਜ਼ਰੀਆ ਪੈਦਾ ਕਰਨ ਅਤੇ ਰੋਜ਼ਾਨਾ ਜੀਵਨ 'ਚ ਗਣਿਤ ਦੀ ਵਰਤੋਂ ਸਮਝਾਉਣ ਲਈ।
ਸਾਈਬਰ ਅਤੇ ਕੰਪਿਊਟਰ ਸਰਕਲ: ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਕੋਡਿੰਗ ਤੇ ਸਾਈਬਰ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ।
ਸਮਾਜਿਕ ਵਿਗਿਆਨ, ਭਾਸ਼ਾ, ਕਲਾ ਅਤੇ ਖੇਡ ਸਰਕਲ: ਇਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਅਨੁਸਾਰ ਕਰੀਅਰ ਦੇ ਵਿਕਲਪਾਂ ਅਤੇ ਉੱਚ ਸਿੱਖਿਆ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਇਨ੍ਹਾਂ ਸਰਕਲਾਂ ਦੀਆਂ ਸਾਰੀਆਂ ਗਤੀਵਿਧੀਆਂ ਸਕੂਲਾਂ 'ਚ ਨਿਰਧਾਰਤ 'ਬੈਗਲੈੱਸ ਡੇ' (ਬਿਨਾਂ ਬਸਤੇ ਵਾਲੇ ਦਿਨ) 'ਤੇ ਕਰਵਾਈਆਂ ਜਾਣਗੀਆਂ। ਹਰੇਕ ਸਰਕਲ ਦੀ ਅਗਵਾਈ ਸਕੂਲ ਦੇ ਸਬੰਧਤ ਵਿਸ਼ੇ ਦੇ ਸੀਨੀਅਰ ਅਧਿਆਪਕ ਵੱਲੋਂ ਕੀਤੀ ਜਾਵੇਗੀ। ਵਿਦਿਆਰਥੀ ਆਪਣੀ ਮਰਜ਼ੀ ਅਤੇ ਦਿਲਚਸਪੀ ਅਨੁਸਾਰ ਕਿਸੇ ਵੀ ਇੱਕ ਸਰਕਲ ਦੀ ਚੋਣ ਕਰ ਸਕਣਗੇ।
ਕੀ ਹੋਣਗੀਆਂ ਮੁੱਖ ਗਤੀਵਿਧੀਆਂ?
SCERT ਨੇ ਇਨ੍ਹਾਂ ਸਰਕਲਾਂ ਲਈ ਦਿਲਚਸਪ ਗਤੀਵਿਧੀਆਂ ਦਾ ਸੁਝਾਅ ਦਿੱਤਾ ਹੈ, ਜਿਸ ਵਿੱਚ ਗਣਿਤ ਲਈ ਸੁਡੋਕੂ ਤੇ ਰੂਬਿਕਸ ਕਿਊਬ, ਵਿਗਿਆਨ ਲਈ ਪ੍ਰਕਿਰਤੀ ਸੈਰ, ਸਮਾਜਿਕ ਵਿਗਿਆਨ ਲਈ ਮੌਕ ਪਾਰਲੀਮੈਂਟ, ਅਤੇ ਸਾਈਬਰ ਸਰਕਲ ਲਈ ਡਿਜੀਟਲ ਰੰਗੋਲੀ ਅਤੇ ਸੁਰੱਖਿਅਤ ਪਾਸਵਰਡ ਬਣਾਉਣਾ ਸ਼ਾਮਲ ਹੈ।
ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 31 ਮਾਰਚ, 2027 ਤਕ ਇਨ੍ਹਾਂ ਗਤੀਵਿਧੀਆਂ ਦੀ ਵਿਸਤ੍ਰਿਤ ਰਿਪੋਰਟ ਅਤੇ ਫੋਟੋਆਂ ਮੁੱਖ ਦਫ਼ਤਰ ਨੂੰ ਭੇਜਣ। ਇਸ ਤੋਂ ਇਲਾਵਾ, ਸਕੂਲਾਂ ਨੂੰ ਇਨ੍ਹਾਂ ਗਤੀਵਿਧੀਆਂ ਦਾ ਪੂਰਾ ਰਿਕਾਰਡ ਇੱਕ ਰਜਿਸਟਰ ਵਿੱਚ ਸੰਭਾਲ ਕੇ ਰੱਖਣਾ ਹੋਵੇਗਾ। ਇਸ ਕਦਮ ਨਾਲ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਿਲਚਸਪ ਬਣੇਗੀ, ਉੱਥੇ ਹੀ ਉਨ੍ਹਾਂ ਦੀਆਂ ਲੁਕੀਆਂ ਹੋਈਆਂ ਪ੍ਰਤਿਭਾਵਾਂ ਨੂੰ ਵੀ ਉਭਰਨ ਦਾ ਮੌਕਾ ਮਿਲੇਗਾ।