ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ’ਤੇ ਕੇਂਦਰੀ ਜਾਂਚ ਏਜੰਸੀ ਵੱਲੋਂ ਛਾਪੇਮਾਰੀ ਤੀਜੇ ਦਿਨ ਵੀ ਜਾਰੀ
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ‘ਤੇ ਕੇਂਦਰੀ ਜਾਂਚ ਏਜੰਸੀ ਵੱਲੋਂ ਛਾਪੇਮਾਰੀ ਤੀਜੇ ਦਿਨ ਵੀ ਜਾਰੀ
Publish Date: Fri, 30 Jan 2026 08:23 PM (IST)
Updated Date: Sat, 31 Jan 2026 04:13 AM (IST)

ਐਚ ਐਸ ਪੀ : 43 ਸੁੰਦਰ ਸ਼ਾਮ ਅਰੋੜਾ ਦੇ ਨਿਵਾਸ ਦਾ ਬਾਹਰ ਦਾ ਦ੍ਰਿਸ਼ 44 ਸੁੰਦਰ ਸ਼ਾਮ ਅਰੋੜਾ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਾਬਕਾ ਪੰਜਾਬ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁੰਦਰ ਸ਼ਾਮ ਅਰੋੜਾ ਦੇ ਨਿਵਾਸ ’ਤੇ ਕੇਂਦਰੀ ਜਾਂਚ ਏਜੰਸੀ ਵੱਲੋਂ ਛਾਪੇਮਾਰੀ, ਜੋ ਬੁੱਧਵਾਰ ਤੜਕਸਾਰ ਸ਼ੁਰੂ ਹੋਈ ਸੀ, ਸ਼ੱਕਰਵਾਰ ਤੀਜੇ ਲਗਾਤਾਰ ਦਿਨ ਵੀ ਜਾਰੀ ਰਹੀ। ਜੌਧਾ ਮਲ ਰੋਡ ’ਤੇ ਸਥਿਤ ਅਰੋੜਾ ਦੇ ਘਰ ਅੰਦਰ ਕੇਂਦਰੀ ਸੁਰੱਖਿਆ ਬਲ ਤਾਇਨਾਤ ਰਹੇ ਤੇ ਕਾਰਵਾਈ ਦੌਰਾਨ ਮੁੱਖ ਗੇਟ ਬੰਦ ਰੱਖੇ ਗਏ। ਕਿਸੇ ਨੂੰ ਵੀ ਬਿਨਾਂ ਇਜਾਜ਼ਤ ਅੰਦਰ ਜਾਂ ਬਾਹਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਸੂਤਰਾਂ ਮੁਤਾਬਕ ਤਲਾਸ਼ੀ ਦੌਰਾਨ ਅਧਿਕਾਰੀ ਦਸਤਾਵੇਜ਼ਾਂ ਤੇ ਹੋਰ ਰਿਕਾਰਡ ਦੀ ਜਾਂਚ ਕਰ ਰਹੇ ਹਨ। ਛਾਪੇਮਾਰੀ ਸਮੇਂ ਸੁੰਦਰ ਸ਼ਾਮ ਅਰੋੜਾ ਆਪਣੇ ਨਿਵਾਸ ’ਤੇ ਹੀ ਮੌਜੂਦ ਰਹੇ। ਸੂਤਰਾਂ ਅਨੁਸਾਰ ਇਹ ਛਾਪੇਮਾਰੀ ਕਥਿਤ ਵਿੱਤੀ ਲੈਣ-ਦੇਣ ਤੇ ਸੰਬੰਧਤ ਮਾਮਲਿਆਂ ਦੀ ਜਾਂਚ ਤਹਿਤ ਕੀਤੀ ਜਾ ਰਹੀ ਹੈ, ਹਾਲਾਂਕਿ ਕੇਂਦਰੀ ਏਜੰਸੀ ਵੱਲੋਂ ਅਧਿਕਾਰਿਕ ਪੁਸ਼ਟੀਕਰਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਸੁੰਦਰ ਸ਼ਾਮ ਅਰੋੜਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੌਰਾਨ ਉਦਯੋਗ ਤੇ ਵਪਾਰ ਮੰਤਰੀ ਰਹਿ ਚੁੱਕੇ ਹਨ। ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹ ਜੂਨ 2022 ਵਿੱਚ ਭਾਜਪਾ ’ਚ ਸ਼ਾਮਲ ਹੋਏ ਸਨ ਅਤੇ ਅਗਸਤ 2024 ਵਿੱਚ ਮੁੜ ਕਾਂਗਰਸ ਵਿੱਚ ਵਾਪਸ ਆ ਗਏ। ਅਕਤੂਬਰ 2022 ’ਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਉਦਯੋਗਿਕ ਪਲਾਟ ਦੇ ਤਬਾਦਲੇ ਤੇ ਗ਼ੈਰ-ਅਨੁਪਾਤੀ ਸੰਪਤੀ ਮਾਮਲੇ ਦੀ ਜਾਂਚ ਦੌਰਾਨ ਉਨ੍ਹਾਂ ਨੂੰ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਂਸ ਬਿਊਰੋ ਦਾ ਦਾਅਵਾ ਸੀ ਕਿ ਅਰੋੜਾ ਨੂੰ ਚਲ ਰਹੀਆਂ ਜਾਂਚਾਂ ਨੂੰ ਪ੍ਰਭਾਵਿਤ ਕਰਨ ਲਈ 50 ਲੱਖ ਰੁਪਏ ਦੀ ਰਕਮ ਸੌਂਪਦੇ ਸਮੇਂ ਫੜਿਆ ਗਿਆ। ਜਨਵਰੀ 2023 ਵਿੱਚ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਐਕਟ ਸਮੇਤ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਹੇਠ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਸੀ। ਹਾਲਾਂਕਿ ਦਸੰਬਰ 2024 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਦਯੋਗਿਕ ਪਲਾਟ ਦੇ ਕਥਿਤ ਗੈਰਕਾਨੂੰਨੀ ਤਬਾਦਲੇ ਨਾਲ ਸਬੰਧਤ ਇੱਕ ਐਫਆਈਆਰ ਨੂੰ ਰੱਦ ਕਰ ਦਿੱਤਾ। ਫਿਲਹਾਲ, ਇਸ ਸਟੋਰੀ ਦੀ ਫਾਇਲਿੰਗ ਤੱਕ ਕੇਂਦਰੀ ਜਾਂਚ ਏਜੰਸੀ ਦੀ ਕਾਰਵਾਈ ਤੀਜੇ ਦਿਨ ਵੀ ਜਾਰੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।