ਕਾਵਿ ਸੰਗ੍ਰਹਿ ‘ਸਰਦਲ ਤੋਂ ਸਰਦਲ ਤੱਕ’ ਲੋਕ ਅਰਪਣ ਤੇ ਸਾਹਿਤਕ ਚਰਚਾ
ਕਵੀ ਦਿਲਪ੍ਰੀਤ ਕਾਹਲੋਂ ਦਾ ਕਾਵਿ ਸੰਗ੍ਰਹਿ ‘ਸਰਦਲ ਤੋਂ ਸਰਦਲ ਤੱਕ’ ਦਾ ਲੋਕ ਅਰਪਣ ਅਤੇ ਸਾਹਿਤਕ ਚਰਚਾ
Publish Date: Sat, 24 Jan 2026 05:24 PM (IST)
Updated Date: Sat, 24 Jan 2026 05:25 PM (IST)

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਭਾਸ਼ਾ ਕਲਚਰ ਕਲੱਬ, ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਵੀ ਦਿਲਪ੍ਰੀਤ ਕਾਹਲੋਂ ਦੇ ਪਲੇਠੇ ਕਾਵਿ ਸੰਗ੍ਰਹਿ ‘ਸਰਦਲ ਤੋਂ ਸਰਦਲ ਤੱਕ’ ਦਾ ਲੋਕ ਅਰਪਣ ਅਤੇ ਸਾਹਿਤਕ ਚਰਚਾ ਸਮਾਗਮ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ ਵਿੱਚ ਇਲਾਕੇ ਦੇ ਨਾਮਵਰ ਸਾਹਿਤਕਾਰਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰੋ. ਸੁਰਜੀਤ ਜੱਜ, ਵਾਈਸ ਪ੍ਰਿੰਸੀਪਲ ਸੰਜੀਵ ਸਿੰਘ, ਪ੍ਰੋ.ਸੰਧੂ ਵਰਿਆਣਵੀ (ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ), ਸੁਰਿੰਦਰ ਸਿੰਘ ਨੇਕੀ, ਪ੍ਰੋ. ਬਲਦੇਵ ਸਿੰਘ ਬੱਲੀ, ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ, ਜਗਦੀਸ਼ ਰਾਣਾ, ਡਾ. ਜਸਵੰਤ ਰਾਏ ਸ਼ਾਮਲ ਹੋਏ। ਪੰਜਾਬੀ ਵਿਭਾਗ ਦੇ ਮੁਖੀ ਡਾ. ਦਿਲਬਾਰਾ ਸਿੰਘ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਅੰਦਰ ਸਾਹਿਤਕ ਰੁਚੀਆਂ ਪੈਦਾ ਕਰਨ ਲਈ ਸਹਾਇਕ ਸਿੱਧ ਹੁੰਦੇ ਹਨ। ਪ੍ਰੋ. ਸੁਰਜੀਤ ਜੱਜ ਨੇ ਕਵਿਤਾ ਦੀ ਬਣਤਰ ਅਤੇ ਬੁਣਤਰ ਬਾਰੇ ਜਾਣਕਾਰੀ ਦਿੱਤੀ ਅਤੇ ਕਾਹਲੋਂ ਦੀ ਕਵਿਤਾ ਵਿਚਲੇ ਸਾਹਿਤਕ ਗੁਣਾਂ ਦੀ ਵਿਆਖਿਆ ਕੀਤੀ। ਪ੍ਰੋ. ਬਲਦੇਵ ਸਿੰਘ ਬੱਲੀ ਨੇ ਕਿਹਾ ਕਿ ਦਿਲਪ੍ਰੀਤ ਸਿੰਘ ਕਾਹਲੋਂ ਚੇਤਨਾ, ਸੰਵੇਦਨਾ ਅਤੇ ਅਨੁਭਵ ਦਾ ਕਵੀ ਹੈ। ਡਾ. ਅਰਮਨਪ੍ਰੀਤ ਸਿੰਘ ਨੇ ਪੁਸਤਕ ਉੱਪਰ ਆਪਣਾ ਪੇਪਰ ਪੇਸ਼ ਕਰਦਿਆਂ ਕਿਹਾ ਕਿ ਕਾਵਿ ਸੰਗ੍ਰਹਿ ‘ਸਰਦਲ ਤੋਂ ਸਰਦਲ ਤੱਕ’ ਆਧੁਨਿਕ ਪੰਜਾਬੀ ਕਵਿਤਾ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਹੈ, ਜੋ ਮਨੁੱਖੀ ਜੀਵਨ ਦੇ ਸੰਘਰਸ਼, ਸੰਵੇਦਨਸ਼ੀਲਤਾ ਅਤੇ ਸਮਾਜਿਕ ਸੱਚਾਈਆਂ ਨੂੰ ਬੜੀ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕਰਦਾ ਹੈ। ਇਸ ਮੌਕੇ ਉੱਘੇ ਸਾਹਿਤਕਾਰਾਂ ਡਾ. ਜਸਵੰਤ ਰਾਏ, ਕੇਵਲ ਕਲੋਟੀ, ਪੋ੍. ਸ਼ਾਮ ਸਿੰਘ, ਜਗਦੀਸ਼ ਰਾਣਾ ਜਲੰਧਰ, ਰਜਿੰਦਰ ਸਿੰਘ ਢੱਡਾ ਨੇ ਕਾਵਿ ਸੰਗ੍ਰਹਿ ਉੱਪਰ ਗੰਭੀਰ ਅਤੇ ਵਿਚਾਰਪੂਰਕ ਚਰਚਾ ਕਰਦਿਆਂ ਕਿਹਾ ਕਿ ਦਿਲਪ੍ਰੀਤ ਕਾਹਲੋਂ ਦੀ ਕਵਿਤਾ ਵਿੱਚ ਭਾਸ਼ਾਈ ਸੁੰਦਰਤਾ ਦੇ ਨਾਲ-ਨਾਲ ਵਿਚਾਰਧਾਰਕ ਡੂੰਘਾਈ ਵੀ ਪ੍ਰਗਟ ਹੁੰਦੀ ਹੈ। ਕਵਿਤਾਵਾਂ ਵਿੱਚ ਸਮਕਾਲੀ ਸਮਾਜ ਦੀਆਂ ਵਿਡੰਬਨਾਵਾਂ, ਮਨੁੱਖੀ ਭਾਵਨਾਵਾਂ ਅਤੇ ਅੰਦਰੂਨੀ ਟਕਰਾਅ ਨੂੰ ਬੜੀ ਸੁੂਖ਼ਮਤਾ ਨਾਲ ਪੇਸ਼ ਕੀਤਾ ਗਿਆ ਹੈ। ਵਿਦਵਾਨਾਂ ਅਨੁਸਾਰ ‘ਸਰਦਲ ਤੋਂ ਸਰਦਲ ਤੱਕ’ ਇੱਕ ਅਜਿਹਾ ਕਾਵਿ ਸੰਗ੍ਰਹਿ ਹੈ ਜੋ ਪਾਠਕ ਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ ਅਤੇ ਅੰਦਰੂਨੀ ਸੰਵਾਦ ਨੂੰ ਜਨਮ ਦਿੰਦਾ ਹੈ। ਲੇਖਕ ਦਿਲਪ੍ਰੀਤ ਕਾਹਲੋਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਕਾਵਿ ਸੰਗ੍ਰਹਿ ਉਨ੍ਹਾਂ ਦੇ ਜੀਵਨ ਅਨੁਭਵਾਂ ਅਤੇ ਸਮਾਜਿਕ ਅਧਿਐਨ ਦਾ ਨਤੀਜਾ ਹੈ। ਕਵਿਤਾ ਮਨੁੱਖ ਨੂੰ ਆਪਣੇ ਅੰਦਰ ਝਾਕਣ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਬਣਨ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਨੇ ਕਾਲਜ ਪ੍ਰਬੰਧਨ, ਪੰਜਾਬੀ ਵਿਭਾਗ ਅਤੇ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸੁਰਿੰਦਰ ਸਿੰਘ ਨੇਕੀ ਨੇ ਆਏ ਹੋਏ ਮਹਿਮਾਨਾਂ, ਸਾਹਿਤਕਾਰਾਂ ਕਾਲਜ ਪ੍ਰਬੰਧਕ ਕਮੇਟੀ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜਗਦੀਸ਼ ਰਾਣਾ ਦਾ ਕਲੰਡਰ ਸ਼ਾਇਰਾਂ ਦੀ ਦੁਨੀਆਂ (2026) ਵੀ ਰਿਲੀਜ਼ ਕੀਤਾ ਗਿਆ। ਕਾਲਜ, ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਦਿਲਪ੍ਰੀਤ ਕਾਹਲੋਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।