ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟ੍ਰੇਸ਼ਨ ਸ਼ੁਰੂ
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿੱਚ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ
Publish Date: Fri, 23 Jan 2026 08:50 PM (IST)
Updated Date: Sat, 24 Jan 2026 04:16 AM (IST)

ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕੀਤੀ ਯੋਜਨਾ ਦੀ ਰਸਮੀ ਸ਼ੁਰੂਆਤ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਵਿਸ਼ਵ-ਪੱਧਰੀ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਅੱਜ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿੱਚ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਲੋਕ-ਹਿਤੈਸ਼ੀ ਯੋਜਨਾ ਦੀ ਰਸਮੀ ਸ਼ੁਰੂਆਤ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਕੀਤੀ ਗਈ। ਇਸ ਮੌਕੇ ਵਿਧਾਇਕ ਜਿੰਪਾ ਨੇ ਕਿਹਾ ਕਿ ਵਿਧਾਨ ਸਭਾ ਹਲਕੇ ਦੇ ਸ਼ਹਿਰੀ ਵਾਰਡਾਂ ਅਤੇ ਪਿੰਡਾਂ ਸਮੇਤ ਕੁੱਲ 23 ਥਾਵਾਂ ’ਤੇ ਯੋਜਨਾ ਤਹਿਤ ਲੋਕਾਂ ਤੱਕ ਪਹੁੰਚ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿਹਤ ਖੇਤਰ ਵਿੱਚ ਇਤਿਹਾਸਕ ਬਦਲਾਅ ਲਿਆ ਰਹੀ ਹੈ। ਇਸ ਯੋਜਨਾ ਨਾਲ ਸੂਬੇ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੇਸ ਅਤੇ ਮੁਫ਼ਤ ਇਲਾਜ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਮਹਿੰਗੇ ਨਿੱਜੀ ਹਸਪਤਾਲ ਵੀ ਗਰੀਬ, ਕਿਸਾਨ, ਮਜ਼ਦੂਰ ਅਤੇ ਆਮ ਨਾਗਰਿਕਾਂ ਲਈ ਸੌਖੇ ਹੋਣਗੇ, ਜੋ ਲੋਕ-ਸੇਵਾ ਦੇ ਖੇਤਰ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ। ਵਿਧਾਇਕ ਨੇ ਕਿਹਾ ਕਿ ਇਸ ਯੋਜਨਾ ਦੀ ਸ਼ੁਰੂਆਤ ਨਾਲ ਇਹ ਸਾਬਤ ਹੋ ਗਿਆ ਹੈ ਕਿ ਸਰਕਾਰ ਦੀਆਂ ਨੀਤੀਆਂ ਸਿਰਫ਼ ਐਲਾਨਾਂ ਤੱਕ ਸੀਮਿਤ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਲਾਗੂ ਵੀ ਕੀਤੀਆਂ ਜਾ ਰਹੀਆਂ ਹਨ। ਯੋਜਨਾ ਵਿੱਚ ਕਿਸੇ ਵੀ ਤਰ੍ਹਾਂ ਦੀ ਆਮਦਨ ਸੀਮਾ ਨਹੀਂ ਰੱਖੀ ਗਈ, ਜਿਸ ਨਾਲ ਸਮਾਜ ਦੇ ਹਰ ਵਰਗ ਨੂੰ ਇਸ ਦਾ ਲਾਭ ਮਿਲੇਗਾ। ਵਿਧਾਇਕ ਜ਼ਿਮਪਾ ਨੇ ਜਾਣਕਾਰੀ ਦਿੱਤੀ ਕਿ ਯੋਜਨਾ ਅਧੀਨ 2,356 ਤੋਂ ਵੱਧ ਇਲਾਜ ਪੈਕੇਜ ਸ਼ਾਮਲ ਹਨ, ਜਿਨ੍ਹਾਂ ਵਿੱਚ ਆਮ ਬਿਮਾਰੀਆਂ ਤੋਂ ਇਲਾਵਾ ਦਿਲ ਦੇ ਰੋਗ, ਕੈਂਸਰ, ਕਿਡਨੀ ਡਾਇਲਿਸਿਸ ਅਤੇ ਟ੍ਰਾਂਸਪਲਾਂਟ, ਨਿਊਰੋ ਸਰਜਰੀ, ਔਰਥੋਪੀਡਿਕ ਇਲਾਜ, ਡਿਲੀਵਰੀ ਸੇਵਾਵਾਂ, ਨਵਜਾਤ ਸ਼ਿਸ਼ੂ ਸੰਭਾਲ, ਹਾਦਸਿਆਂ ਅਤੇ ਐਮਰਜੈਂਸੀ ਇਲਾਜ ਵਰਗੀਆਂ ਵਿਸ਼ੇਸ਼ ਸੇਵਾਵਾਂ ਸ਼ਾਮਲ ਹਨ। ਇਲਾਜ ਨਾਲ ਸੰਬੰਧਤ ਸਾਰੀਆਂ ਜਾਂਚਾਂ ਅਤੇ ਦਵਾਈਆਂ ਵੀ ਪੂਰੀ ਤਰ੍ਹਾਂ ਮੁਫ਼ਤ ਹੋਣਗੀਆਂ। ਉਨ੍ਹਾਂ ਕਿਹਾ ਕਿ ਮਰੀਜ਼ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਨਾਲ ਹੀ ਇਲਾਜ ਪੂਰੀ ਤਰ੍ਹਾਂ ਕੈਸ਼ਲੈੱਸ ਹੋਵੇਗਾ ਅਤੇ ਸਿਰਫ਼ ਸਿਹਤ ਕਾਰਡ ਦਿਖਾ ਕੇ ਸਾਰੀਆਂ ਸਹੂਲਤਾਂ ਪ੍ਰਾਪਤ ਕੀਤੀਆਂ ਜਾ ਸਕਣਗੀਆਂ। ਵਰਤਮਾਨ ਸਮੇਂ ਵਿੱਚ ਯੋਜਨਾ ਅਧੀਨ 850 ਤੋਂ ਵੱਧ ਸਰਕਾਰੀ ਅਤੇ ਨਿੱਜੀ ਹਸਪਤਾਲ ਸੂਚੀਬੱਧ ਕੀਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਹਸਪਤਾਲ ਵੀ ਜੋੜੇ ਜਾਣਗੇ। ਵਿਧਾਇਕ ਨੇ ਕਿਹਾ ਕਿ ਪੰਜਾਬ ਅੱਜ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿੱਥੇ ਹਰ ਨਾਗਰਿਕ ਨੂੰ ਮੁਫ਼ਤ ਸਿਹਤ, ਮੁਫ਼ਤ ਸਿੱਖਿਆ, ਮੁਫ਼ਤ ਬਿਜਲੀ ਅਤੇ ਮੁਫ਼ਤ ਬੱਸ ਯਾਤਰਾ ਦੀ ਗਾਰੰਟੀ ਦਿੱਤੀ ਗਈ ਹੈ। ਇਹ ਯੋਜਨਾ ਪੰਜਾਬ ਸਰਕਾਰ ਦੀ ਜਨ-ਪੱਖੀ ਸੋਚ ਅਤੇ ਆਮ ਆਦਮੀ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਕੁਲਜੀਤ ਸਿੰਘ, ਯੂਥ ਕੋਆਰਡੀਨੇਟਰ ਪ੍ਰੀਤਪਾਲ ਸਿੰਘ, ਐਡਵੋਕੇਟ ਅਮਰਜੋਤ ਸੈਣੀ ਸਮੇਤ ਸਥਾਨਕ ਜਨਪ੍ਰਤੀਨਿਧੀ, ਪਾਰਟੀ ਵਰਕਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।