ਹੁਸ਼ਿਆਰਪੁਰ ਪੁਲਿਸ ਵੱਲੋਂ ‘ਆਪ੍ਰੇਸ਼ਨ ਪ੍ਰਹਾਰ’ ਲਾਂਚ, 80 ਗੈਂਗਸਟਰ/ਅਪਰਾਧੀ ਗ੍ਰਿਫ਼ਤਾਰ
ਹੁਸ਼ਿਆਰਪੁਰ ਪੁਲਿਸ ਵੱਲੋਂ ‘ਆਪ੍ਰੇਸ਼ਨ ਪ੍ਰਹਾਰ’ ਲਾਂਚ, 80 ਗੈਂਗਸਟਰ/ਅਪਰਾਧੀ ਗ੍ਰਿਫ਼ਤਾਰ
Publish Date: Wed, 21 Jan 2026 05:18 PM (IST)
Updated Date: Wed, 21 Jan 2026 05:21 PM (IST)

500 ਤੋਂ ਵੱਧ ਪੁਲਿਸ ਮੁਲਾਜ਼ਮ, 70-80 ਟੀਮਾਂ ਵੱਲੋਂ ਲਗਾਤਾਰ ਛਾਪੇ ਨਾਜਾਇਜ਼ ਹਥਿਆਰ ਜਿਨ੍ਹਾਂ ਵਿੱਚ 3 ਫਾਇਰ ਆਰਮ ਸ਼ਾਮਲ, ਹੋਏ ਬਰਾਮਦ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਐੱਐੱਸਪੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਦੀਆਂ ਹਦਾਇਤਾਂ ਅਨੁਸਾਰ ਹੁਸ਼ਿਆਰਪੁਰ ਪੁਲਿਸ ਵੱਲੋਂ ਆਰਗਨਾਈਜ਼ਡ ਕ੍ਰਾਈਮ ਅਤੇ ਗੈਂਗਸਟਰ ਨੈਟਵਰਕ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾ ਰਹੀ ਹੈ। ਇਸੇ ਤਹਿਤ ਜ਼ਿਲ੍ਹੇ ਵਿੱਚ ‘ਆਪ੍ਰੇਸ਼ਨ ਪ੍ਰਹਾਰ’ ਲਾਂਚ ਕੀਤਾ ਗਿਆ ਹੈ। ਸਥਾਨਕ ਧੋਬੀ ਘਾਟ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਮਲਿਕ ਨੇ ਦੱਸਿਆ ਕਿ ‘ਵਾਰ ਅਗੇਂਸਟ ਡਰੱਗਜ਼’ (ਯੁੱਧ ਨਸ਼ਿਆਂ ਵਿਰੁੱਧ) ਦੀ ਤਰ੍ਹਾਂ ਹੀ ਹੁਣ ‘ਵਾਰ ਅਗੇਂਸਟ ਗੈਂਗਸਟਰਜ਼’ ਅਧੀਨ ਗੈਂਗਸਟਰਾਂ, ਆਰਗਨਾਈਜ਼ਡ ਕ੍ਰਾਈਮ, ਗੈਂਗਸਟਰਾਂ ਨੂੰ ਹਥਿਆਰ ਸਪਲਾਈ, ਅਪਰਾਧਿਕ ਵਿੱਤ, ਸੇਫ਼ ਹਾਊਸ ਅਤੇ ਸਹਾਇਕ ਨੈਟਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਪ੍ਰਹਾਰ ਤਹਿਤ ਜ਼ਿਲ੍ਹੇ ਵਿੱਚ 500 ਤੋਂ ਵੱਧ ਪੁਲਿਸ ਮੁਲਾਜ਼ਮਾਂ ਅਤੇ 70-80 ਪੁਲਿਸ ਟੀਮਾਂ ਵੱਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਬੁੱਧਵਾਰ ਦੁਪਿਹਰ ਤੱਕ ਪੁਲਿਸ ਵੱਲੋਂ ਕਰੀਬ 300 ਸਥਾਨਾਂ ‘ਤੇ ਛਾਪੇਮਾਰੀ ਦੌਰਾਨ 150 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚੋਂ 80 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਨਾਜਾਇਜ਼ ਹਥਿਆਰ, ਜਿਨ੍ਹਾਂ ਵਿੱਚ 3 ਫਾਇਰ ਆਰਮ ਸ਼ਾਮਲ ਹਨ, ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਐਸਐਸਪੀ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਡੂੰਘੀ ਪੁੱਛਗਿੱਛ ਜਾਰੀ ਹੈ ਅਤੇ ਮਿਲ ਰਹੀ ਕਾਰਵਾਈਯੋਗ ਜਾਣਕਾਰੀ ਦੇ ਆਧਾਰ ‘ਤੇ ਹੋਰ ਕਾਰਵਾਈ ਕੀਤੀ ਜਾ ਰਹੀ ਹੈ। ਇਹ ਮੁਹਿੰਮ ਸਿਰਫ਼ ਹੁਸ਼ਿਆਰਪੁਰ ਤੱਕ ਸੀਮਿਤ ਨਹੀਂ, ਸਗੋਂ ਅੰਤਰ-ਜ਼ਿਲ੍ਹਾ ਅਤੇ ਅੰਤਰਰਾਜੀ ਪੱਧਰ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਦੇਸ਼ਾਂ ‘ਚ ਬੈਠੇ ਅਪਰਾਧੀਆਂ ਖ਼ਿਲਾਫ਼ ਐਕਸਟ੍ਰਾਡੀਸ਼ਨ (ਦੋਸ਼ੀ ਦੀ ਵਾਪਸੀ ਦੀ ਕਾਰਵਾਈ) ਅਤੇ ਰੈਡ/ਬਲੂ ਕਾਰਨਰ ਨੋਟਿਸ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਵਿੱਤੀ ਜਾਂਚ ਇਸ ਮੁਹਿੰਮ ਦਾ ਸਭ ਤੋਂ ਅਹਿਮ ਹਿੱਸਾ ਹੈ। ਅਪਰਾਧ ਤੋਂ ਕਮਾਈ ਗਈ ਸੰਪਤੀ ਦੀ ਪਛਾਣ, ਫ੍ਰੀਜ਼ਿੰਗ ਅਤੇ ਅਟੈਚਮੈਂਟ ਦੀ ਕਾਰਵਾਈ ਵੀ ਕਾਨੂੰਨ ਅਨੁਸਾਰ ਕੀਤੀ ਜਾਵੇਗੀ। ਐਸਐਸਪੀ ਮਲਿਕ ਨੇ ਗਲਤ ਰਾਹ ਪਏ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਹੁਣ ਮੁੱਖ ਧਾਰਾ ਵਿੱਚ ਵਾਪਸੀ ਦਾ ਸਮਾਂ ਹੈ ਅਤੇ ਉਹ ਮੁੱਖ ਧਾਰਾ ਵਿੱਚ ਸ਼ਾਮਲ ਹੋ ਜਾਣ। ਇਸ ਦੌਰਾਨ ਪੁਲਿਸ ਵੱਲੋਂ ਨਰਮ ਰਵੱਈਆ ਅਪਣਾਇਆ ਜਾ ਰਿਹਾ ਹੈ, ਪਰ ਇਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਪਾਈ ਗਈ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿੱਚ ਕੋਈ ਵੀ ਘਿਨਾਉਣਾ ਅਪਰਾਧ ਅਣਸੁਲਝਾ ਨਹੀਂ ਹੈ। ਪਿਛਲੇ ਕੁਝ ਦਿਨਾਂ ਦੌਰਾਨ ਮਿਆਣੀ ਵਿਖੇ ਇੱਕ ਦੁਕਾਨਦਾਰ ਦੇ ਗੋਲੀ ਮਾਰ ਕੇ ਕਤਲ ਦੇ ਮਾਮਲੇ ਸਬੰਧੀ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਸਾਰੇ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਪੁਲਿਸ ਬਹੁਤ ਨੇੜੇ ਹੈ। “ਪਹਿਲਾਂ ਵੀ ਕਿਸੇ ਨੂੰ ਬਖ਼ਸ਼ਿਆ ਨਹੀਂ ਗਿਆ, ਅੱਗੇ ਵੀ ਨਹੀਂ ਬਖ਼ਸ਼ਿਆ ਜਾਵੇਗਾ,” ਉਨ੍ਹਾਂ ਦੋ ਟੁਕ ਕਿਹਾ।