ਗੈਰ-ਕਾਨੂੰਨੀ ਪਰਚੀ ਪ੍ਰਣਾਲੀ ਖ਼ਿਲਾਫ਼ ਭਾਜਪਾ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰਾ
ਹਾਜੀਪੁਰ ਦੇ ਸਰਕਾਰੀ ਸੀਐਚਸੀ ਹਸਪਤਾਲ ਵਿੱਚ ਗੈਰਕਾਨੂੰਨੀ ਪਰਚੀ ਪ੍ਰਣਾਲੀ ਦੇ ਖ਼ਿਲਾਫ਼ ਭਾਜਪਾ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ
Publish Date: Sat, 17 Jan 2026 06:50 PM (IST)
Updated Date: Sun, 18 Jan 2026 04:13 AM (IST)

ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਪਿੰਡ ਹਾਜੀਪੁਰ ਦੇ ਸਰਕਾਰੀ ਸੀਐਚਸੀ ਹਸਪਤਾਲ ਵਿੱਚ ਕਾਨੂੰਨ ਨੂੰ ਛਿੱਕੇ ਟੰਗ ਕੇ ਲਾਈ ਗਈ ਗੈਰ-ਕਾਨੂੰਨੀ ਪਰਚੀ ਪ੍ਰਣਾਲੀ ਦੇ ਵਿਰੋਧ ’ਚ ਭਾਜਪਾ ਵਰਕਰਾਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਖ਼ਿਲਾਫ਼ ਤਿੱਖੇ ਨਾਅਰੇਬਾਜ਼ੀ ਕਰਦੇ ਹੋਏ ਇਸ ਪ੍ਰਣਾਲੀ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ।ਇਸ ਮੌਕੇ ਸੰਮਤੀ ਮੈਂਬਰ ਹਾਜੀਪੁਰ ਦੇ ਸਾਬਕਾ ਚੇਅਰਮੈਨ ਅਨਿਲ ਵਸ਼ਿਸ਼ਟ ਤੇ ਭਾਜਪਾ ਹਾਜੀਪੁਰ ਦੇ ਬਲਾਕ ਪ੍ਰਧਾਨ ਸ਼ਮੀ ਵਸ਼ਿਸ਼ਟ ਨੇ ਕਿਹਾ ਕਿ ਸਰਕਾਰੀ ਹਸਪਤਾਲ ਗਰੀਬ ਤੇ ਮੱਧ ਵਰਗ ਲੋਕਾਂ ਲਈ ਇਲਾਜ ਦੀ ਆਸ ਹੁੰਦੇ ਹਨ, ਪਰ ਇੱਥੇ ਗਰੀਬ ਮਰੀਜ਼ਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਅੰਦਰ ਇਲਾਜ ਲਈ 10 ਰੁਪਏ ਦੀ ਸਰਕਾਰੀ ਪਰਚੀ ਹੈ, ਪਰ ਹਸਪਤਾਲ ਦੇ ਬਾਹਰ ਗੈਰਕਾਨੂੰਨੀ ਤੌਰ ‘ਤੇ ਗੁੰਡਾ ਟੈਕਸ ਦੇ ਨਾਮ ‘ਤੇ ਸਕੂਟੀ ਲਈ 20 ਰੁਪਏ ਅਤੇ ਗੱਡੀ ਲਈ 50 ਰੁਪਏ ਵਸੂਲੇ ਜਾ ਰਹੇ ਹਨ। ਭਾਜਪਾ ਆਗੂਆਂ ਨੇ ਕਿਹਾ ਕਿ ਇਹ ਰਕਮ ਕਿਸੇ ਵੀ ਕਾਨੂੰਨੀ ਟੈਂਡਰ ਤੋਂ ਬਿਨਾਂ ਵਸੂਲੀ ਜਾ ਰਹੀ ਹੈ, ਜੋ ਕਿ ਸਿੱਧਾ-ਸਿੱਧਾ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੀ ਨਾਕਾਮ ਨੀਤੀਆਂ ਕਾਰਨ ਹੁਣ ਗਰੀਬਾਂ ’ਤੇ ਸਰਕਾਰੀ ਹਸਪਤਾਲਾਂ ਵਿੱਚ ਵੀ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਵਿੱਚ ਇਸ ਕਿਸਮ ਦੀ ਕੋਈ ਵੀ ਪਰਚੀ ਜਾਂ ਫੀਸ ਲਾਉਣ ਲਈ ਟੈਂਡਰ ਦੀ ਪ੍ਰਕਿਰਿਆ ਲਾਜ਼ਮੀ ਹੁੰਦੀ ਹੈ ਪਰ ਇੱਥੇ ਬਿਨਾਂ ਕਿਸੇ ਪ੍ਰਕਿਰਿਆ ਦੇ ਮਨਮਰਜ਼ੀ ਨਾਲ ਲੋਕਾਂ ਤੋਂ ਪੈਸੇ ਵਸੂਲੇ ਜਾ ਰਹੇ ਹਨ। ਇਹ ਗਰੀਬ ਮਰੀਜ਼ਾਂ ਨਾਲ ਸਿੱਧਾ ਧੋਖਾ ਅਤੇ ਅਨਿਆਂ ਹੈ। ਭਾਜਪਾ ਵਰਕਰਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਗੈਰਕਾਨੂੰਨੀ ਪਰਚੀ ਪ੍ਰਣਾਲੀ ਤੁਰੰਤ ਬੰਦ ਨਾ ਕੀਤੀ ਗਈ ਤਾਂ ਭਾਜਪਾ ਵੱਲੋਂ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਅਤੇ ਸਰਕਾਰ ਤੱਕ ਲੈ ਕੇ ਜਾਇਆ ਜਾਵੇਗਾ। ਪ੍ਰਦਰਸ਼ਨ ਦੌਰਾਨ ਭਾਜਪਾ ਦੇ ਕਈ ਸੀਨੀਅਰ ਅਤੇ ਸਥਾਨਕ ਵਰਕਰ ਮੌਜੂਦ ਰਹੇ, ਜਿਨ੍ਹਾਂ ਨੇ ਇਕਜੁੱਟ ਹੋ ਕੇ ਗਰੀਬਾਂ ਦੇ ਹੱਕਾਂ ਲਈ ਲੜਨ ਦਾ ਸੰਕਲਪ ਦੁਹਰਾਇਆ। ਸੀਐੱਚਸੀ ਹਾਜੀਪੁਰ ਦੀ ਐੱਸਐੱਮਓ ਰਵਿੰਦਰ ਕੌਰ ਨੇ ਕਿਹਾ ਕਿ ਇਹ ਹਦਾਇਤਾਂ ਪੰਜਾਬ ਸਰਕਾਰ ਵੱਲੋਂ ਹਨ,ਜਿਸ ਲਈ ਇਹ ਪਰਚੀ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਹਦਾਇਤਾਂ ਜਾਰੀ ਸਨ ਕਿ ਜਿੰਨੇ ਵੀ ਪੰਜਾਬ ਵਿੱਚ ਸੀਐਚਸੀ ਹਸਪਤਾਲਾਂ ਵਿੱਚ ਸਾਈਕਲ ਸਟੈਂਡ ਬਣਾਏ ਜਾਣ। ਜਿਸ ਕਰਕੇ ਇਹ ਸਾਈਕਲ ਸਟੈਂਡ ਦੀ ਪਰਚੀ ਸ਼ੁਰੂ ਕੀਤੀ ਗਈ ਹੈ। ਪਿੰਡ ਹਾਜੀਪੁਰ ਦੀ ਸਰਪੰਚ ਕਿਰਨ ਵਾਲਾ ਨੇ ਕਿਹਾ ਕਿ ਸਰਕਾਰ ਵੱਲੋਂ ਪੰਚਾਇਤ ਨੂੰ ਕੋਈ ਵੀ ਜਾਨਕਾਰੀ ਨਹੀਂ ਦਿੱਤੀ ਗਈ ਹੈ, ਜੋ ਗਲਤ ਹੈ। ਊਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਕਈ ਲੋਕਾਂ ਨੂੰ ਤੇ 10 ਰੁਪਏ ਦੇਣੇ ਔਖੇ ਹੋ ਜਾਂਦੇ ਹਨ। ਪਰ ਪੰਜਾਬ ਸਰਕਾਰ ਇਹ ਹਸਪਤਾਲ ਵਿੱਚ ਨਵੀਂ ਪਰਚੀਆਂ ਲਗਾ ਕੇ ਲੋਕਾਂ ਨਾਲ ਧੱਕਾ ਕਰ ਰਹੀ ਹੈ।