ਬਿੱਲਾ ਕਤਲ ਦੀ ਜ਼ਿੰਮੇਵਾਰੀ ਤੇਜਾ ਮਹਿੰਦਪੁਰੀਆ ਗਰੁੱਪ ਨੇ ਲਈ
ਬਿੱਲਾ ਕਤਲ ਦੀ ਜ਼ਿੰਮੇਵਾਰੀ ਤੇਜਾ ਮਹਿੰਦਪੁਰੀਆ ਗਰੁੱਪ ਨੇ ਲਈ
Publish Date: Fri, 19 Dec 2025 06:22 PM (IST)
Updated Date: Fri, 19 Dec 2025 06:25 PM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਬੀਤੇ ਦਿਨ ਪਿੰਡ ਕਲੋਆ ਅੱਡੇ ’ਤੇ ਹੋਏ ਬਲਜੀਤ ਸਿੰਘ ਬਿੱਲਾ ਮਾਮਲੇ ਵਿੱਚ ਟਾਂਡਾ ਪੁਲਿਸ ਨੇ ਪਰਦੀਪ ਸਿੰਘ ਵਾਸੀ ਗੜਦੀਵਾਲ, ਅਮਨਦੀਪ ਸਿੰਘ ਵਾਸੀ ਪਿੰਡ ਮਾਂਗਾ ਗੜਦੀਵਾਲ, ਲੱਭਾ ਸੀਕਰੀ ਬੁਲੋਵਾਲ, ਅਰਸ਼ਦੀਪ ਗੜਦੀਵਾਲ ਅਤੇ ਤਿੰਨ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਐਸਐਚੳ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਟਾਂਡਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਅਤਿੰਦਰਪਾਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਢਡਿਆਲਾ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਪਿੰਡ ਢਡਿਆਲਾ ਦਾ ਮੌਜੂਦਾ ਸਰਪੰਚ ਹੈ ਅਤੇ ਬਲਜੀਤ ਸਿੰਘ ਉਰਫ ਬਿੱਲਾ ਉਸਦਾ ਦੋਸਤ ਸੀ। ਬਲਜੀਤ ਬਿੱਲੇ ਨੇ ਮੈਨੂੰ ਇੱਕ ਦਿਨ ਪਹਿਲਾ ਦੱਸਿਆ ਸੀ ਕਿ ਪਰਦੀਪ ਸਿੰਘ ਵਾਸੀ ਗੜਦੀਵਾਲ ਜੋ ਇਸ ਵਕਤ ਵਿਦੇਸ਼ ਅਮਰੀਕਾ ਵਿੱਚ ਹੈ ਅਤੇ ਅਮਰਦੀਪ ਸਿੰਘ ਉਰਫ ਬੂਈ ਵਾਸੀ ਮਾਂਗਾ ਥਾਣਾ ਗੜਦੀਵਾਲਾ ਹਾਲ ਵਾਸੀ ਦੁਬਈ, ਲੱਭਾ ਵਾਸੀ ਸੀਕਰੀ ਹਾਲ ਵਾਸੀ ਕੈਨੇਡਾ ਅਤੇ ਅਰਸ਼ ਵਾਸੀ ਗੜਦੀਵਾਲਾ ਨੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਮਿਤੀ 18 ਦਸੰਬਰ 2025 ਨੂੰ ਵਕਤ ਕਰੀਬ 5 ਵਜੇ ਸ਼ਾਮ ਮੈਂ ਆਪਣੇ ਦੋਸਤ ਨਾਲ ਕਾਰ ’ਤੇ ਸਵਾਰ ਹੋ ਕੇ ਢਡਿਆਲਾ ਪਿੰਡ ਤੋਂ ਕੰਧਾਲਾ ਸ਼ੇਖਾਂ ਨੂੰ ਕਾਰ ਚਲਾ ਕੇ ਜਾ ਰਿਹਾ ਸੀ। ਜਦੋਂ ਉਹ ਪਿੰਡ ਕਲੋਆਂ ਦੇ ਬੱਸ ਸਟੈਂਡ ਪਾਸ ਦੁਕਾਨ ਤੋਂ ਪਾਣੀ ਅਤੇ ਬਰਫੀ ਲੈਣ ਲਈ ਰੁਕੇ ਤਾਂ ਬਿੱਲਾ ਕਾਰ ਤੋਂ ਉੱਤਰ ਕੇ ਦੁਕਾਨ ਤੋਂ ਪਾਣੀ ਦੀ ਬੋਤਲ ਅਤੇ ਬਰਫੀ ਲੈਣ ਗਿਆ ਤਾਂ ਬਰਫੀ ਅਤੇ ਪਾਣੀ ਲੈ ਕੇ ਕਾਰ ਵਿੱਚ ਵਿੱਚ ਬੈਠਣ ਲੱਗਾ ਤਾਂ ਇੱਕ ਮੋਟਰ ਸਾਇਕਲ ਪਰ ਧਰਮਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਖਡਿਆਲਾ ਸੈਣੀਆਂ ਥਾਣਾ ਬੁੱਲੋਵਾਲ ਸਮੇਤ ਦੋ ਅਣਪਛਾਤੇ ਵਿਅਕਤੀ ਕਾਰ ਦੇ ਕੋਲ ਰੁਅੇ ਅਤੇ ਬਿੱਲੇ ’ਤੇ ਫਾਇਰ ਕਰਨ ਲੱਗ ਪਏ ਤਾਂ ਉਹ ਜ਼ਮੀਨ ਪਰ ਡਿੱਗ ਪਿਆ ਅਤੇ ਤਿੰਨੋ ਵਿਅਕਤੀ ਮੋਟਰ ਸਾਇਕਲ ’ਤੇ ਫਰਾਰ ਹੋ ਗਏ। ਮੈਂ ਰਾਹਗੀਰਾ ਦੀ ਮਦਦ ਨਾਲ ਬਿੱਲੇ ਨੂੰ ਗੱਡੀ ਵਿੱਚ ਪਾ ਕੇ ਵੇਵਜ਼ ਹਸਪਤਾਲ ਟਾਂਡਾ ਵਿਖੇ ਲੈ ਆਇਆ ਸੀ। ਜਿੱਥੇ ਡਾਕਟਰ ਸਾਹਿਬ ਨੇ ਉਸਨੂੰ ਚੈੱਕ ਕਰਕੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਟਾਂਡਾ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।