ਬੀਬੀਐੱਮਬੀ ਡੀਏਵੀ ਸਕੂਲ ਦਾ ਨਿੱਜੀਕਰਨ ਕਰਨਾ ਮੰਦਭਾਗਾ
ਬੀਬੀਐੱਮਬੀ ਡੀਏਵੀ ਸਕੂਲ ਦਾ ਨਿੱਜੀਕਰਨ ਕਰਨਾ ਮੰਦਭਾਗਾ
Publish Date: Sat, 13 Dec 2025 04:40 PM (IST)
Updated Date: Sat, 13 Dec 2025 04:42 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ,
ਮੁਕੇਰੀਆਂ: ਬੀਬੀਐਮਬੀ ਡੀਏਵੀ ਪਬਲਿਕ ਸਕੂਲ ਤਲਵਾੜਾ ਦੇ ਪ੍ਰਬੰਧਾਂ ਨੂੰ ਇੱਕ ਨਿੱਜੀ ਸੰਸਥਾ ਦੇ ਹਵਾਲੇ ਕਰਨ ਦੀ ਯੋਜਨਾ ਦੇ ਖ਼ਿਲਾਫ਼ ਇਲਾਕੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਤੇ ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਇਸ ਨਿੱਜੀਕਰਨ ਦਾ ਤਿੱਖਾ ਵਿਰੋਧ ਕਰਦਿਆਂ ਜੁਆਇੰਟ ਐਕਸ਼ਨ ਕਮੇਟੀ ਦਾ ਪੂਰਾ ਸਾਥ ਦਿੱਤਾ ਜਾਵੇਗਾ। ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਮੁਕੇਰੀਆਂ ਤੋਂ ਸਰਕਲ ਪ੍ਰਧਾਨ ਅਵਤਾਰ ਸਿੰਘ ਬੌਬੀ, ਜਰਨਲ ਸਕੱਤਰ ਦਲਜੀਤ ਸਿੰਘ ਮੰਝਪੁਰ, ਖਜ਼ਾਨਚੀ ਬਲਜੀਤ ਸਿੰਘ ਛੰਨੀ ਨੰਦ ਸਿੰਘ, ਹਰਜਾਪ ਸਿੰਘ ਜਹਾਨਪੁਰ, ਪਰਮਜੀਤ ਸਿੰਘ ਗੁਰਦਾਸਪੁਰ ਨੇ ਉਕਤ ਐਲਾਨ ਕਰਦਿਆਂ ਰੋਸ ਪ੍ਰਗਟਾਇਆ ਕਿ ਪਿਛਲੇ 40 ਸਾਲਾਂ ਤੋਂ ਚਲ ਰਹੇ ਬੀਬੀਐਮਬੀ ਡੀਏਵੀ ਪਬਲਿਕ ਸਕੂਲ ਤਲਵਾੜਾ ਨੂੰ ਇੱਕ ਨਿੱਜੀ ਸੰਸਥਾ ਦੇ ਹਵਾਲੇ ਕਰਨ ਦੀ ਯੋਜਨਾ ਬੇਹੱਦ ਮੰਦਭਾਗੀ ਹੈ। ਇਸ ਫ਼ੈਸਲੇ ਨਾਲ ਸਕੂਲ ਵਿੱਚ ਪੜ੍ਹ ਰਹੇ ਲਗਭਗ 1200 ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵੱਲ ਧੱਕਿਆ ਗਿਆ ਹੈ, ਜਿਸ ਕਾਰਨ ਮਾਪਿਆਂ, ਵਿਦਿਆਰਥੀਆਂ, ਅਧਿਆਪਕਾਂ ਸਮੇਤ ਸਮਾਜ ਸੇਵੀ ਸੰਸਥਾਵਾਂ ਵਿੱਚ ਵੀ ਗਹਿਰੀ ਚਿੰਤਾ ਪਾਈ ਜਾ ਰਹੀ ਹੈ।
ਬੀਬੀਐਮਬੀ ਵਰਗੀ ਸੰਸਥਾ ਕੋਲ੍ਹ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਹਰ ਸਾਲ ਸਕੂਲ ਦੇ ਨਤੀਜ਼ੇ ਵੀ ਚੰਗੇ ਆ ਰਹੇ ਹਨ, ਫਿਰ ਵੀ ਬੀਬੀਐਮਬੀ ਕਿਸ ਦਬਾਅ ਹੇਠ ਸਕੂਲ ਨੂੰ ਨਿੱਜੀ ਹੱਥਾਂ ਵਿੱਚ ਦੇਣ ਜਾ ਰਹੀ ਹੈ, ਇਹ ਕਾਰਵਾਈ ਸਮਝ ਤੋਂ ਪਰ੍ਹੇ ਹੈ। ਸਿੱਖਿਆ ਇੱਕ ਮੂਲ ਅਧਿਕਾਰ ਹੈ, ਨਾ ਕਿ ਵਪਾਰਕ ਵਸਤੂ। ਨਿੱਜੀ ਸੰਸਥਾਵਾਂ ਅਕਸਰ ਮੁਨਾਫ਼ੇ ਨੂੰ ਤਰਜੀਹ ਦਿੰਦੀਆਂ ਹਨ, ਜਿਸ ਨਾਲ ਸਿੱਖਿਆ ਦੀ ਗੁਣਵੱਤਾ ਅਤੇ ਸਮਾਨਤਾ ਪ੍ਰਭਾਵਿਤ ਹੁੰਦੀ ਹੈ ਜੋ ਕਿ ਆਮ ਤੇ ਮੱਧ ਵਰਗ ਲਈ ਸਿੱਖਿਆ ਨੂੰ ਪਹੁੰਚ ਤੋਂ ਬਾਹਰ ਕਰ ਦਿੰਦੀ ਹੈ। ਜਥੇਬੰਦੀ ਇਸ ਸੰਘਰਸ਼ ਵਿੱਚ ਜੁਆਇੰਟ ਐਕਸ਼ਨ ਕਮੇਟੀ ਸਮੇਤ ਸਮੂਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਤੇ 20 ਦਸੰਬਰ ਦੇ ਰੋਸ ਧਰਨੇ ਵਿੱਚ ਭਰਵੀਂ ਸ਼ਮੂਲੀਅਤ ਕਰੇਗੀ। ਉਨ੍ਹਾਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਮਾਮਲੇ ਵਿੱਚ ਤੁਰੰਤ ਦਖ਼ਲ ਦਿੰਦੇ ਹੋਏ ਸਕੂਲ ਨੂੰ ਨਾ ਤਾਂ ਬੰਦ ਕੀਤਾ ਜਾਵੇ ਅਤੇ ਨਾ ਹੀ ਕਿਸੇ ਨਿੱਜੀ ਸੰਸਥਾ ਨੂੰ ਸੌਂਪਿਆ ਜਾਵੇ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ।