ਹੁਸ਼ਿਆਰਪੁਰ ਵਿਖੇ ਭੰਗੀ ਪੁਲ ਤੋਂ ਟਾਂਡਾ ਬਾਈਪਾਸ ਤੱਕ ਦਾ ਹਨੇਰਾ ਹੋਇਆ ਦੂਰ
ਹੁਸ਼ਿਆਰਪੁਰ ਵਿਖੇ ਭੰਗੀ ਪੁਲ ਤੋਂ
Publish Date: Fri, 05 Dec 2025 06:12 PM (IST)
Updated Date: Fri, 05 Dec 2025 06:15 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿਚ ਲਗਾਤਾਰ ਵਿਕਾਸ ਦੀ ਲੜੀ ਵਿਚ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸੂਚ ਹਸਪਤਾਲ (ਭੰਗੀ ਪੁਲ) ਤੋਂ ਟਾਂਡਾ ਬਾਈਪਾਸ ਤੱਕ ਅਤਿ-ਆਧੁਨਿਕ ਹਾਈ-ਮਾਸਟ ਅਤੇ ਸਟ੍ਰੀਟ ਐਲ.ਡੀ.ਡੀ ਲਾਈਟਾਂ ਇਲਾਕਾ ਵਾਸੀਆਂ ਨੂੰ ਸਮਰਪਿਤ ਕੀਤੀਆਂ। ਇਹ ਪ੍ਰੋਜੈਕਟ ਇਲਾਕੇ ਦੀ ਲੰਬੇ ਸਮੇਂ ਤੋਂ ਮੰਗ ਸੀ, ਜਿਸ ਨੂੰ 21.70 ਲੱਖ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਕੁੱਲ 41 ਅਤਿ-ਆਧੁਨਿਕ ਐਲ.ਈ.ਡੀ ਲਾਈਟਾਂ ਲਗਾਈਆਂ ਗਈਆਂ ਹਨ, ਜੋ ਰਾਤ ਨੂੰ ਪੂਰੇ ਰਸਤੇ ਨੂੰ ਪੂਰੀ ਤਰ੍ਹਾਂ ਰੋਸ਼ਨ ਕਰਨਗੀਆਂ। ਇਨ੍ਹਾਂ ਲਾਈਟਾਂ ਦੀ ਸਥਾਪਨਾ ਨਾਲ ਨਾ ਸਿਰਫ਼ ਸੜਕ ਸੁਰੱਖਿਆ ਵਿੱਚ ਕਾਫ਼ੀ ਸੁਧਾਰ ਹੋਵੇਗਾ, ਸਗੋਂ ਰਾਤ ਦੀ ਆਵਾਜਾਈ ਨੂੰ ਸੁਚਾਰੂ ਅਤੇ ਸੁਰੱਖਿਅਤ ਵੀ ਬਣਾਇਆ ਜਾਵੇਗਾ, ਦੁਰਘਟਨਾਵਾਂ ਨੂੰ ਘਟਾਇਆ ਜਾਵੇਗਾ ਅਤੇ ਪੂਰੇ ਇਲਾਕੇ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ। ਵਿਧਾਇਕ ਜਿੰਪਾ ਨੇ ਕਿਹਾ ਕਿ ਜਨਤਾ ਦੀ ਹਰ ਛੋਟੀ-ਵੱਡੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਮੇਰੀ ਸਰਕਾਰ ਅਤੇ ਮੇਰੀ ਨਿੱਜੀ ਜ਼ਿੰਮੇਵਾਰੀ ਹੈ। ਇਹ ਪ੍ਰੋਜੈਕਟ ਉਸੇ ਵਚਨਬੱਧਤਾ ਦਾ ਹਿੱਸਾ ਹੈ। ਆਉਣ ਵਾਲੇ ਦਿਨਾਂ ਵਿੱਚ ਹੁਸ਼ਿਆਰਪੁਰ ਨੂੰ ਹੋਰ ਵੀ ਵਧੀਆ, ਸੁਰੱਖਿਅਤ ਅਤੇ ਵਿਕਸਿਤ ਬਣਾਉਣ ਲਈ ਕਈ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਇਸ ਮੌਕੇ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਕੌਂਸਲਰ ਮੁਕੇਸ਼ ਮੱਲ, ਤੀਰਥ ਰਾਮ, ਜਸਪਾਲ ਸੁਮਨ, ਸੰਜੇ ਸ਼ਰਮਾ ਅਤੇ ਹੋਰ ਬਹੁਤ ਸਾਰੇ ਪਤਵੰਤੇ ਵੀ ਮੌਜੂਦ ਸਨ।