ਅੰਗਦਾਨ ਸਹੁੰ ਮੁਹਿੰਮ, ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਇਕੱਤਰਤਾ
ਅੰਗਦਾਨ ਸਹੁੰ ਮੁਹਿੰਮ; ਹੁਸ਼ਿਆਰਪੁਰ
Publish Date: Thu, 27 Nov 2025 05:27 PM (IST)
Updated Date: Thu, 27 Nov 2025 05:29 PM (IST)

- ਹੁਣ ਤਕ ਜ਼ਿਲ੍ਹੇ ’ਚ 785 ਤੇ ਪੂਰੇ ਪੰਜਾਬ ’ਚ 9150 ਤੋਂ ਵੱਧ ਲੋਕਾਂ ਨੇ ਲਿਆ ਅੰਗ ਦਾਨ ਦਾ ਪ੍ਰਣ - ਸਹਾਇਕ ਕਮਿਸ਼ਨਰ ਨੇ ਅੰਗ ਦਾਨ ਦਾ ਆਨਲਾਈਨ ਸਹੁੰ ਫਾਰਮ ਭਰ ਕੇ ਪੇਸ਼ ਕੀਤੀ ਮਿਸਾਲ ਅੰਕੁਸ਼ ਗੋਇਲ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਅੰਗਦਾਨ ਸੰਕਲਪ ਮੁਹਿੰਮ, ਜੋ ਕਿ 19 ਨਵੰਬਰ 2025 ਤੋਂ ਪੰਜਾਬ ਭਰ ਵਿੱਚ ਸ਼ੁਰੂ ਕੀਤਾ ਗਈ ਹੈ, ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਹ ਮੀਟਿੰਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਸ਼ੋਕ ਚੱਕਰ ਮੀਟਿੰਗ ਹਾਲ ਵਿੱਚ ਵਧੀਕ ਕਮਿਸ਼ਨਰ (ਜ) ਪਰਮਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸਿਹਤ ਵਿਭਾਗ (ਨੋਡਲ ਵਿਭਾਗ ਵਜੋਂ) ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਅਤੇ ਅੰਗਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਨੁਮਾਇੰਦੇ ਵੀ ਮੌਜੂਦ ਸਨ। ਇਸ ਦੌਰਾਨ ਸਹਾਇਕ ਕਮਿਸ਼ਨਰ (ਜ) ਪਰਮਪ੍ਰੀਤ ਸਿੰਘ ਨੇ ਸਾਰੇ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਇਸ ਮਹੱਤਵਪੂਰਨ ਸਮਾਜਿਕ ਮੁਹਿੰਮ ਵਿੱਚ ਸਰਗਰਮ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅੰਗਦਾਨ ਨਾ ਸਿਰਫ਼ ਕਈ ਕੀਮਤੀ ਜਾਨਾਂ ਬਚਾਉਣ ਵਿੱਚ ਮਦਦ ਕਰਦਾ ਹੈ, ਸਗੋਂ ਇਹ ਮਨੁੱਖਤਾ ਦੀ ਸੇਵਾ ਦੀ ਸਭ ਤੋਂ ਵੱਡੀ ਉਦਾਹਰਨ ਵੀ ਹੈ। ਮੀਟਿੰਗ ਵਿੱਚ ਮੌਜੂਦ ਸਾਰੇ ਪ੍ਰਤੀਨਿਧੀਆਂ ਨੂੰ ਰਾਸ਼ਟਰੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ ਦੀ ਵੈੱਬਸਾਈਟ https://notto.obdm.gov.in/ ਦਾ ਲਿੰਕ ਅਤੇ ਕਿਊ ਆਰ ਕੋਡ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ-ਆਪਣੇ ਵਿਭਾਗ ਦੇ ਦਫ਼ਤਰਾਂ, ਸੰਸਥਾਵਾਂ, ਹਸਪਤਾਲਾਂ, ਸਕੂਲਾਂ ਅਤੇ ਹੋਰ ਜਨਤਕ ਥਾਵਾਂ ’ਤੇ ਕਿਊ ਆਰ ਕੋਡ ਪ੍ਰਦਰਸ਼ਿਤ ਕਰਨ ਅਤੇ ਲੋਕਾਂ ਨੂੰ ਸਕੈਨ ਕਰਕੇ ਰੈਜ਼ੋਲੂਸ਼ਨ ਫਾਰਮ ਭਰਨ ਲਈ ਉਤਸ਼ਾਹਿਤ ਕਰਨ। ਇਸ ਮੌਕੇ ਪਰਮਪ੍ਰੀਤ ਸਿੰਘ ਨੇ ਖ਼ੁਦ ਸਭ ਤੋਂ ਪਹਿਲਾਂ ਆਨਲਾਈਨ ਅੰਗਦਾਨ ਸਹੁੰ ਫਾਰਮ ਭਰ ਕੇ ਲੋਕਾਂ ਲਈ ਇਕ ਮਿਸਾਲ ਕਾਇਮ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਭਾਗ ਲੈਣ ਤਾਂ ਜੋ ਸਮਾਜ ਵਿੱਚ ਅੰਗ ਦਾਨ ਪ੍ਰਤੀ ਸਕਾਰਾਤਮਕ ਸੋਚ ਵਿਕਸਿਤ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਇਸ ਜ਼ਿਲ੍ਹਾ ਪੱਧਰੀ ਮੁਹਿੰਮ ਦੀ ਸ਼ੁਰੂਆਤ ਹੁਸ਼ਿਆਰਪੁਰ ਵਿੱਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ 21 ਨਵੰਬਰ 2025 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਕੀਤੀ ਸੀ। ਇਸ ਮੌਕੇ ਜ਼ਿਲ੍ਹੇ ਦੇ 9 ਸਤਿਕਾਰਯੋਗ ਨਾਗਰਿਕਾਂ ਨੇ ਆਪਣੇ ਪੂਰੇ ਸਰੀਰ ਦੇ ਅੰਗ ਦਾਨ ਕਰਨ ਦਾ ਪ੍ਰਣ ਲਿਆ। ਇਸ ਪਹਿਲਕਦਮੀ ਨੇ ਜ਼ਿਲ੍ਹੇ ਵਿੱਚ ਅੰਗਦਾਨ ਜਾਗਰੂਕਤਾ ਨੂੰ ਬਹੁਤ ਹੁਲਾਰਾ ਦਿੱਤਾ ਹੈ। ਸਹਾਇਕ ਸਿਵਲ ਸਰਜਨ ਡਾ. ਅਜੇ ਬਸਰਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਮੁਹਿੰਮ ਤਹਿਤ ਹੁਣ ਤਕ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਲੱਗਭਗ 785 ਲੋਕਾਂ ਨੇ ਆਨਲਾਈਨ ਅੰਗਦਾਨ ਸਹੁੰ ਫਾਰਮ ਭਰਿਆ ਹੈ, ਜਦੋਂ ਕਿ ਪੂਰੇ ਪੰਜਾਬ ਵਿੱਚ ਲਗਭਗ 9150 ਲੋਕ ਇਸ ਮੁਹਿੰਮ ਵਿੱਚ ਸ਼ਾਮਿਲ ਹੋਏ ਹਨ। ਆਨਲਾਈਨ ਸਹੁੰ ਫਾਰਮ ਲਗਾਤਾਰ ਭਰੇ ਜਾ ਰਹੇ ਹਨ ਅਤੇ ਲੋਕਾਂ ਦੀ ਭਾਗੀਦਾਰੀ ਲਗਾਤਾਰ ਵੱਧ ਰਹੀ ਹੈ। ਅਖ਼ੀਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪਵਿੱਤਰ ਮੁਹਿੰਮ ਵਿੱਚ ਸ਼ਾਮਿਲ ਹੋਣ ਅਤੇ ਅੰਗ ਦਾਨ ਕਰਨ ਦਾ ਪ੍ਰਣ ਲੈਣ, ਅਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰਨ, ਤਾਂ ਜੋ ਵੱਧ ਤੋਂ ਵੱਧ ਕੀਮਤੀ ਜਾਨਾਂ ਬਚਾਈਆਂ ਜਾ ਸਕਣ।