ਬੇਟੀ ਬਚਾਓ ਬੇਟੀ ਪੜ੍ਹਾੳ ਜਾਗਰੂਕਤਾ ਕੈਂਪ ਲਗਾਇਆ
ਬੇਟੀ ਬਚਾਓ ਬੇਟੀ ਪੜ੍ਹਾੳ ਜਾਗਰੂਕਤਾ ਕੈਂਪ ਲਗਾਇਆ ਗਿਆ
Publish Date: Wed, 26 Nov 2025 02:02 PM (IST)
Updated Date: Wed, 26 Nov 2025 02:05 PM (IST)

ਰਾਜਿੰਦਰ ਸਿੰਘ, ਪੰਜਾਬੀ ਜਾਗਰਣ, ਦਸੂਹਾ : ਸਿਵਲ ਸਰਜਨ ਹੁਸ਼ਿਆਰਪੁਰ ਬਲਵੀਰ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਬਰੂਟਾ ਦੀ ਯੋਗ ਅਗਵਾਈ ਹੇਠ ਆਯੁਸ਼ਮਾਨ ਅਰੋਗਿਆ ਕੇਂਦਰ ਪੰਡੋਰੀ ਅਰਾਈਆਂ ਵਿਖੇ ਬੇਟੀ ਬਚਾਓ ਬੇਟੀ ਪੜਾਓ ਦਾ ਜਾਗਰੂਕ ਕੈਂਪ ਲਗਾਇਆ ਗਿਆ| ਇਸ ਮੌਕੇ ਸੀ ਐਚ ਓ ਮਧੂ ਰਾਣੀ ਤੇ ਏ ਐਨ ਐਮ ਦਲਵਿੰਦਰ ਕੌਰ ਨੇ ਦੱਸਿਆ ਕਿ ਬੇਟੀ ਬਚਾਓ, ਬੇਟੀ ਪੜ੍ਹਾਓ ਭਾਰਤ ਵਿੱਚ ਕੁੜੀਆਂ ਦੀ ਘੱਟ ਰਹੀ ਗਿਣਤੀ ਅਤੇ ਭਾਰਤ ਵਿੱਚ ਕੰਨਿਆ ਭਰੂਣ-ਹੱਤਿਆ ਵਿੱਚ ਹੋ ਰਹੇ ਵਾਧੇ ਨਾਲ ਜਨਸੰਖਿਆ ਨਾਲ ਜੁੜੇ ਸੰਕਟ ਪੈਦਾ ਹੋ ਰਹੇ ਹਨ। ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਹੀ ਜਾ ਰਹੀ ਹੈ। ਕੰਨਿਆ-ਭਰੂਣ ਹੱਤਿਆ ਸਾਡੀ ਆਪਣੀ ਮਾਨਸਿਕ ਸੋਚ ਨਾਲ ਵੀ ਜੁੜੀ ਹੋਈ ਹੈ। ਅਸੀਂ ਅੱਜ ਵੀ ਕੁੜੀਆਂ ਨਾਲੋਂ ਮੁੰਡਿਆਂ ਨੂੰ ਪਹਿਲ ਤੇ ਵਿਸ਼ੇਸ਼ ਰੁਤਬਾ ਦਿੰਦੇ ਹਾਂ। ਕਹਿਣ ਨੂੰ ਤਾਂ ਭਾਵੇਂ ਕੁੜੀਆਂ-ਮੁੰਡਿਆਂ ਨੂੰ ਬਰਾਬਰ ਸਮਝ ਰਹੇ ਹਾਂ ਤੇ ਧੀਆਂ ਦੀ ਲੋਹੜੀ ਵੀ ਮਨਾ ਲੈਂਦੇ ਹਾਂ ਪਰ ਸਾਡੀ ਬਿਮਾਰ ਤੇ ਪਿਛਾਂਹ ਖਿੱਚੂ ਮਾਨਸਿਕਤਾ ਅਜੇ ਵਿਕਸਤ ਨਹੀਂ ਹੋਈ। ਸਮਾਜ ਗਵਾਹ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਕੁੜੀਆਂ ਨੇ ਮੁੰਡਿਆਂ ਨਾਲੋਂ ਕਿਤੇ ਵੱਧ ਤਰੱਕੀ ਕਰ ਲਈ ਹੈ। ਹਰ ਖੇਤਰ ਵਿੱਚ ਜਿੱਤਾਂ ਤੇ ਪ੍ਰਾਪਤੀਆਂ ਦੇ ਮਾਣਮੱਤੇ ਝੰਡੇ ਗੱਡੇ ਹਨ ਪਰ ਫਿਰ ਵੀ ਸਾਡੀ ਸੋਚ ਸੌੜੀ ਹੋ ਕੇ ਰਹਿ ਜਾਂਦੀ ਹੈ ਕਿ ਕੁੜੀਆਂ ਨੂੰ ਦਸਵੀਂ-ਬਾਰ੍ਹਵੀਂ ਤੋਂ ਵੱਧ ਪੜ੍ਹਾਉਣਾ ਹੀ ਨਹੀਂ ਜਦ ਕਿ ਇਹ ਆਸ ਰੱਖੀ ਜਾਂਦੀ ਹੈ ਕਿ ਨੂੰਹਾਂ ਪੜ੍ਹੀਆਂ-ਲਿਖੀਆਂ ਹੋਣ। ਅਸੀਂ ਆਪਣੀ ਸੋਚ ਨੂੰ ਹੀ ਜੰਗਾਲ ਲਾਈ ਬੈਠੇ ਹਾਂ ਤੇ ਭਰੂਣ-ਹੱਤਿਆ ਵਰਗੇ ਬੱਜਰ ਪਾਪ ਵਿੱਚ ਸ਼ਾਮਲ ਹੋ ਜਾਂਦੇ ਹਾਂ।‘ਬੇਟੀ ਪੜ੍ਹਾਓ, ਬੇਟੀ ਬਚਾਓ’ ਅਭਿਆਨ ਦਾ ਮੂਲ ਮਕਸਦ ਬੇਟੀਆਂ ਨੂੰ ਬਚਾਉਣਾ, ਪੜ੍ਹਾਉਣਾ ਤੇ ਉਨ੍ਹਾਂ ਦੀ ਸੁੱਰਖਿਆ ਨੂੰ ਯਕੀਨੀ ਬਣਾਉਣਾ ਹੈ। ਜਿਸ ਨਾਲ ਇਸ ਕੁਰੀਤੀ ਨੂੰ ਜੜੋਂ ਵੱਢਿਆ ਜਾ ਸਕਦਾ ਹੈ। ਇਸ ਮੌਕੇ ਮਲਟੀਪਰਪਜ ਹੈਲਥ ਵਰਕਰ ਰਜਿੰਦਰ ਸਿੰਘ ਹੀਰ ,ਆਸ਼ਾ ਵਰਕਰ ਸੁਮਨ , ਰਾਜ ਰਾਣੀ,ਬਲਜਿੰਦਰ ਕੌਰ ਤੇ ਪਿੰਡ ਵਾਸੀ ਹਾਜ਼ਰ ਸਨ।