ਸਵ. ਇੰਦਰਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਟ
ਸਵ. ਇੰਦਰਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਟ
Publish Date: Sat, 22 Nov 2025 04:11 PM (IST)
Updated Date: Sat, 22 Nov 2025 04:13 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਮੁਕੇਰੀਆਂ ਵਿਖੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਦੇ ਜਨਮ ਦਿਹਾੜੇ ਮੌਕੇ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਤਰਸੇਮ ਮਿਨਹਾਸ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੁਮਿਤ ਡਡਵਾਲ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਤੇ ਕਾਰਕੁੰਨਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਆਪਣੇ ਸੰਬੋਧਨ ਵਿੱਚ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਵ. ਇੰਦਰਾ ਗਾਂਧੀ ਦਾ ਜਨਮ ਦਿਹਾੜਾ ਸਿਰਫ਼ ਇੱਕ ਸਮਰਪਣ ਦਾ ਦਿਨ ਨਹੀਂ, ਸਗੋਂ ਭਾਰਤ ਦੇ ਆਧੁਨਿਕ ਇਤਿਹਾਸ ਦੇ ਮਹੱਤਵਪੂਰਨ ਹਿੱਸੇ ਨੂੰ ਯਾਦ ਕਰਨ ਦਾ ਮੌਕਾ ਹੈ। ਨੌਜਵਾਨ ਪੀੜ੍ਹੀ ਲਈ ਇੰਦਰਾ ਗਾਂਧੀ ਦਾ ਜੀਵਨ ਮੁਸ਼ਕਿਲ ਹਾਲਾਤਾਂ ਵਿੱਚ ਵੀ ਠੋਸ ਇੱਛਾ ਸ਼ਕਤੀ ਮੂਹਰੇ ਨਾ ਝੁੱਕਣ ਦਾ ਸੁਨੇਹਾ ਦਿੰਦਾ ਹੈ। ਇੰਦਰਾ ਗਾਂਧੀ ਨੇ ਰਾਸ਼ਟਰ ਦੀ ਤਰੱਕੀ ਲਈ ਆਪਣਾ ਸਾਰਾ ਜੀਵਨ ਸਮਰਪਿਤ ਕੀਤਾ ਤੇ ਉਨ੍ਹਾਂ ਦਾ ਚਰਿੱਤਰ, ਨੀਤੀਆਂ ਅਤੇ ਫ਼ੈਸਲੇ ਅੱਜ ਵੀ ਭਾਰਤ ਦੇ ਸਿਆਸੀ ਇਤਿਹਾਸ ਅਤੇ ਕੌਮੀ ਵਿਕਾਸ ਦੇ ਦਿਸ਼ਾ-ਸੂਚਕ ਹਨ। ਉਨ੍ਹਾਂ ਦੀ ਸੋਚ ਅਤੇ ਕਰਮ-ਸ਼ੈਲੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਾਸ਼ਟਰ-ਹਿਤ, ਸੇਵਾ ਅਤੇ ਸਮਰਪਣ ਦੀ ਪ੍ਰੇਰਣਾ ਦਿੰਦੀ ਰਹੇਗੀ। ਇਸ ਮੌਕੇ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਹਰਮਿੰਦਰ ਕੌਰ, ਰਣਜੋਧ ਸਿੰਘ ਕੁੱਕੂ, ਅਸ਼ਵਨੀ ਕੁਮਾਰ ਤੇ ਵੱਡੀ ਗਿਣਤੀ ਕਾਂਗਰਸੀ ਕਾਰਕੁੰਨ ਹਾਜ਼ਰ ਸਨ।