ਵਿਕਟੋਰੀਆ ਸਕੂਲ ਵਿਖੇ ਸਲਾਨਾ ਵਿਗਿਆਨ ਪ੍ਰਦਰਸ਼ਨੀ ਲਗਾਈ
ਵਿਕਟੋਰੀਆ ਸਕੂਲ ਵਿਖੇ ਸਲਾਨਾ ਵਿਗਿਆਨ ਪ੍ਰਦਰਸ਼ਨੀ ਲਗਾਈ
Publish Date: Fri, 21 Nov 2025 04:02 PM (IST)
Updated Date: Fri, 21 Nov 2025 04:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਖੇ ਸਲਾਨਾ ਵਿਗਿਆਨ ਪ੍ਰਦਰਸ਼ਨੀ ਉਤਸ਼ਾਹ ਨਾਲ ਲਗਾਈ ਗਈ। ਪ੍ਰਦਰਸ਼ਨੀ ਦਾ ਉਦਘਾਟਨ ਸਕੂਲ ਦੇ ਡਾਇਰੈਕਟਰ ਪ੍ਰੋਫੈੱਸਰ ਜੀਐੱਸ ਮੁਲਤਾਨੀ ਅਤੇ ਨੀਰੂ ਮੁਲਤਾਨੀ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਪ੍ਰਿੰਸੀਪਲ ਅਰਚਨਾ ਸੂਦਨ ਨੇ ਮੁੱਖ ਮਹਿਮਾਨਾਂ ਨੂੰ ਇੱਕ ਬੂਟਾ ਭੇਟ ਕਰ ਕੇ ਉਨ੍ਹਾਂ ਦਾ ਵਿਗਿਆਨ ਪ੍ਰਦਰਸ਼ਨੀ ਵਿੱਚ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਵਿਗਿਆਨ ਪ੍ਰਦਰਸ਼ਨੀ ਦੌਰਾਨ ਚੌਥੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਗਿਆਨਕ ਮਾਡਲ ਪੇਸ਼ ਕੀਤੇ। ਮਾਡਲਾਂ ਵਿੱਚ ਏਟੀਐਮ ਮਸ਼ੀਨ, ਨਿਊਕਲੀਅਰ ਪਾਵਰ ਪਲਾਂਟ, ਡੀਐਨਏ ਮਾਡਲ, ਚੰਦਰਯਾਨ, ਰੋਬੋਟ, 5ਜੀ ਸਿਸਟਮ, ਕੈਲਸ਼ੀਅਮ ਕਾਰਬਾਈਡ ਗਨ, ਫਾਇਰ ਅਲਾਰਮ, ਵੇਸਟ ਮਟੀਰੀਅਲ ਤੋਂ ਬਿਜਲੀ, ਏਅਰ ਕਲੀਨਰ, ਵਾਟਰ ਪਿਊਰੀਫਾਇਰ ਅਤੇ ਸਮਾਰਟ ਸਿਟੀ ਵਰਗੇ ਆਕਰਸ਼ਕ ਪ੍ਰੋਜੈਕਟ ਸ਼ਾਮਲ ਸਨ। ਵਿਦਿਆਰਥੀਆਂ ਨੇ 100 ਤੋਂ ਵੱਧ ਮਾਡਲ ਪ੍ਰਦਰਸ਼ਿਤ ਕੀਤੇ, ਜੋ ਉਨ੍ਹਾਂ ਦੀ ਮਿਹਨਤ, ਸਿਰਜਣਾਤਮਕਤਾ ਅਤੇ ਵਿਗਿਆਨਕ ਗਿਆਨ ਦੀ ਉੱਤਮ ਮਿਸਾਲ ਸਨ। ਇਸ ਸਮੇਂ ਮੁੱਖ ਮਹਿਮਾਨਾਂ ਅਤੇ ਮਾਪਿਆਂ ਨੇ ਸਾਰੇ ਮਾਡਲਾਂ ਨੂੰ ਦੇਖਿਆ ਅਤੇ ਵਿਦਿਆਰਥੀਆਂ ਦੀ ਵਿਗਿਆਨਕ ਸੋਚ, ਨਵੀਨਤਾ ਅਤੇ ਪੇਸ਼ਕਾਰੀ ਦੇ ਹੁਨਰ ਦੀ ਭਰਪੂਰ ਸ਼ਲਾਘਾ ਕੀਤੀ। ਵਿਦਿਆਰਥੀਆਂ ਨੇ ਆਪਣੀ ਵਿਗਿਆਨਕ ਸਮਝ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਨ ਕਰਦੇ ਹੋਏ ਆਤਮ ਵਿਸ਼ਵਾਸ ਨਾਲ ਆਪਣੇ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪੇਸ਼ ਕੀਤੀ। ਪ੍ਰਦਰਸ਼ਨੀ ਦੇ ਅੰਤ ਵਿੱਚ ਪ੍ਰਿੰਸੀਪਲ ਨੇ ਆਏ ਹੋਏ ਸਾਰੇ ਮਹਿਮਾਨਾਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਭਵਿੱਖ ਵਿੱਚ ਹੋਰ ਵੀ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ।