ਗੜ੍ਹਸ਼ੰਕਰ ਨੂੰ ਤੋੜੇ ਜਾਣ ਦੀਆਂ ਚਰਚਾਵਾਂ ਖ਼ਿਲਾਫ਼ ਮੁਕੰਮਲ ਰਿਹਾ ਬੰਦ
ਗੜਸ਼ੰਕਰ ਨੂੰ ਤੋੜੇ ਜਾਣ ਦੀਆਂ
Publish Date: Thu, 20 Nov 2025 06:21 PM (IST)
Updated Date: Thu, 20 Nov 2025 06:22 PM (IST)

- ਗੜ੍ਹਸ਼ੰਕਰ ਸ਼ਹਿਰ ਬੰਦ ਕਰਨ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ ਗੜ੍ਹਸ਼ੰਕਰ : ਸਬ ਡਵੀਜ਼ਨ ਗੜ੍ਹਸ਼ੰਕਰ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਨਾਲੋਂ ਤੋੜ ਕੇ ਟੁਕੜਿਆਂ ਵਿੱਚ ਵੰਡੇ ਜਾਣ ਦੀਆਂ ਚੱਲ ਰਹੀਆਂ ਚਰਚਾਵਾਂ ਖ਼ਿਲਾਫ਼ ਵੱਖ-ਵੱਖ ਸਿਆਸੀ ਪਾਰਟੀਆਂ, ਬਾਰ ਕੌਂਸਲ ਗੜ੍ਹਸ਼ੰਕਰ ਅਤੇ ਇਲਾਕਾ ਵਾਸੀਆਂ ਵੱਲੋਂ ਸ਼ਹਿਰ ਬੰਦ ਕਰਨ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ, ਜਿਸ ਕਾਰਨ ਰੋਸ ਵਜੋਂ ਸ਼ਹਿਰ ਦੀਆਂ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰਹੀਆਂ। ਇਸ ਸਬੰਧੀ ਗੜ੍ਹਸ਼ੰਕਰ ਸ਼ਹਿਰ ਵਿੱਚ ਰੋਸ ਮਾਰਚ ਵੀ ਕੱਢਿਆ ਗਿਆ, ਜਿਸ ਵਿਚ ਸਰਕਾਰ ਅਤੇ ਸਥਾਨਕ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਗੜ੍ਹਸ਼ੰਕਰ ਨੂੰ ਤੋੜ ਕੇ ਤਿੰਨ ਜ਼ਿਲ੍ਹਿਆਂ ਵਿੱਚ ਵੰਡੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਗੜ੍ਹਸ਼ੰਕਰ ਹਲਕੇ ਦੀਆਂ ਅਨੇਕਾਂ ਸਮੱਸਿਆਵਾਂ ਹਨ, ਜਿਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਸਗੋਂ ਇਸ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਨਵਾਂ ਸ਼ਗੂਫਾ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਸ਼ਹਿਰ ਵਿੱਚ ਟ੍ਰੈਫਿਕ ਇੱਕ ਵੱਡੀ ਸਮੱਸਿਆ ਹੈ, ਜਿਸ ਦੇ ਹੱਲ ਲਈ ਬਾਈਪਾਸ ਬਣਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਸੀਵਰੇਜ, ਸੜਕਾਂ ਦੀ ਖ਼ਸਤਾ ਹਾਲਤ ਤੋਂ ਇਲਾਵਾ ਬਹੁਤ ਸਾਰੀਆਂ ਸਮੱਸਿਆਵਾਂ ਹਨ, ਜਿਨ੍ਹਾਂ ਦਾ ਹੱਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗੜ੍ਹਸ਼ੰਕਰ ਦੀ ਭੰਨਤੋੜ ਕੀਤੀ ਗਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ, ਅਮਰਪ੍ਰੀਤ ਸਿੰਘ ਲਾਲੀ, ਨਮੀਸ਼ਾ ਮਹਿਤਾ, ਬੀਬੀ ਸੁਭਾਸ਼ ਮੱਟੂ, ਇਕਬਾਲ ਸਿੰਘ ਖੇੜਾ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਸਰਿਤਾ ਸ਼ਰਮਾ, ਕੁਲਵਿੰਦਰ ਬਿੱਟੂ, ਮਹਿੰਦਰ ਕੁਮਾਰ ਬਢੋਆਣ, ਗੁਰਨੇਕ ਸਿੰਘ ਭੱਜਲ, ਕੁਲਵਿੰਦਰ ਸੰਘਾ, ਕੌਂਸਲਰ ਦੀਪਕ ਕੁਮਾਰ, ਐਡਵੋਕੇਟ ਰਾਜਕੁਮਾਰ ਭੱਟੀ, ਅਜੇ ਕੁਮਾਰ ਬਿੱਲੜੋਂ, ਚੌਧਰੀ ਅੱਛਰ ਸਿੰਘ, ਐਡਵੋਕੇਟ ਹਰਵਿੰਦਰ ਪਾਲ ਐਡਵੋਕੇਟ ਅਮਰਿੰਦਰ ਸਿੰਘ ਭੁੱਲਰ ਅਤੇ ਇਲਾਕਾ ਵਾਸੀ ਆਦਿ ਹਾਜ਼ਰ ਸਨ।