ਜਦੋਂ ਪੰਚਾਇਤਾਂ ਮਜ਼ਬੂਤ ਹੁੰਦੀਆਂ ਹਨ ਤਾਂ ਪਿੰਡ ਖ਼ੁਦ-ਬ-ਖ਼ੁਦ ਅੱਗੇ ਵੱਧਦੇ ਹਨ : ਡਾ. ਰਵਜੋਤ ਸਿੰਘ
ਜਦੋਂ ਪੰਚਾਇਤਾਂ ਮਜ਼ਬੂਤ ਹੁੰਦੀਆਂ ਹਨ
Publish Date: Sat, 15 Nov 2025 05:14 PM (IST)
Updated Date: Sat, 15 Nov 2025 05:17 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਦੇ ਪਿੰਡ ਪੱਧਰ ’ਤੇ ਵਿਕਾਸਮੁਖੀ ਉਪਰਾਲਿਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਟੇਟ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ (ਐਸ.ਆਈ.ਆਰ ਡੀ) ਮੁਹਾਲੀ ਵੱਲੋਂ ਬੀ.ਡੀ.ਪੀ.ਓ ਹੁਸ਼ਿਆਰਪੁਰ ਬਲਾਕ-1 ਵਿਚ ਗ੍ਰਾਮ ਪੰਚਾਇਤ ਡਿਵੈਲਪਮੈਂਟ ਪਲਾਨ (ਜੀ.ਪੀ.ਡੀ.ਪੀ) ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿਚ ਕੈਬਿਨੇਟ ਮੰਤਰੀ ਡਾ. ਰਵਜੋਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਰਪੰਚਾਂ, ਪੰਚਾਂ, ਆਸ਼ਾ ਤੇ ਆਂਗਨਵਾੜੀ ਵਰਕਰਾਂ, ਸੈਲਫ ਹੈਲਪ ਗਰੁੱਪਾਂ ਅਤੇ ਮਨਰੇਗਾ ਸਟਾਫ਼ ਨੇ ਇਸ ਪ੍ਰੋਗਰਾਮ ਵਿਚ ਉਤਸ਼ਾਹ ਨਾਲ ਭਾਗ ਲਿਆ। ਆਪਣੇ ਸੰਬੋਧਨ ਵਿਚ ਡਾ. ਰਵਜੋਤ ਨੇ ਕਿਹਾ ਕਿ ਗ੍ਰਾਮ ਪੰਚਾਇਤਾਂ ਦਾ ਸਸ਼ਕਤੀਕਰਨ ਹੀ ਪਿੰਡਾਂ ਦੇ ਵਿਕਾਸ ਦੀ ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਚਾਇਤਾਂ ਮਜ਼ਬੂਤ ਹੁੰਦੀਆਂ ਹਨ ਤਾਂ ਪਿੰਡ ਖ਼ੁਦ-ਬ-ਖ਼ੁਦ ਅੱਗੇ ਵੱਧਦੇ ਹਨ। ਉਨ੍ਹਾਂ ਨੇ ਤਰਲਤਾ, ਸਾਂਝੀ ਭਾਗੀਦਾਰੀ ਅਤੇ ਵਿਭਾਗੀ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਜੋ ਵਿਕਾਸਮੁਖੀ ਕੰਮਾਂ ਦਾ ਫ਼ਾਇਦਾ ਸਿੱਧਾ ਜ਼ਮੀਨ ਤੱਕ ਪਹੁੰਚੇ। ਜੀ.ਪੀ.ਡੀ.ਪੀ ਨੂੰ ਉਨ੍ਹਾਂ ਨੇ ਪਿੰਡ ਬਦਲਾਅ ਦੀ ਇਕ ਰਹਿਨੁਮਾਈ ਯੋਜਨਾ ਕਰਾਰ ਦਿੱਤਾ। ਉਨ੍ਹਾਂ ਨੇ ਆਸ਼ਾ, ਆਂਗਨਵਾੜੀ ਵਰਕਰਾਂ, ਐਸ.ਐਚ.ਜੀ ਮੈਂਬਰਾਂ ਅਤੇ ਪੰਚਾਇਤ ਪ੍ਰਤੀਨਿਧੀਆਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਯਕੀਨ ਦਵਾਇਆ ਕਿ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਪ੍ਰੋਗਰਾਮ ਦੀ ਨਿਗਰਾਨੀ ਏ.ਡੀ.ਸੀ (ਵਿਕਾਸ) ਨਿਕਾਸ ਕੁਮਾਰ ਨੇ ਕੀਤੀ ਜਦਕਿ ਡਿਪਟੀ ਸੀ.ਈ.ਓ ਧਾਰਾ ਕੱਕੜ ਨੇ ਨੋਡਲ ਅਫ਼ਸਰ ਵਜੋਂ ਤਾਲਮੇਲ ਅਤੇ ਮਾਨੀਟਰਿੰਗ ਦੀ ਜ਼ਿੰਮੇਵਾਰੀ ਨਿਭਾਈ। ਇਸ ਤੋਂ ਪਹਿਲਾਂ ਜ਼ਿਲ੍ਹਾ ਕੋਆਰਡੀਨੇਟਰ ਨੇਹਾ ਸ਼ਰਮਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਜੀ.ਪੀ.ਡੀ.ਪੀ ਦੇ ਉਦੇਸ਼ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਡੀ.ਪੀ.ਐਮ ਮੁਕੇਸ਼ ਕੁਮਾਰ ਨੇ ਵੀ ਟ੍ਰੇਨਿੰਗ ਮਾਡਿਊਲਾਂ, ਸਰਕਾਰੀ ਯੋਜਨਾਵਾਂ ਅਤੇ ਪਿੰਡ ਵਿਕਾਸ ਦੇ ਵਧੀਆ ਮਾਡਲਾਂ ਬਾਰੇ ਮਹੱਤਵਪੂਰਣ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਰਿਸੋਰਸ ਪਰਸਨ ਰਜਿੰਦਰ ਕੌਰ, ਸ਼ੋਭਾ ਰਾਣੀ ਅਤੇ ਸਾਹਿਲ ਕੁਮਾਰ ਨੇ ਭਾਗੀਦਾਰਾਂ ਨਾਲ ਵਿਸਥਾਰਪੂਰਵਕ ਸਾਂਝ ਪਾਈ। ਇੰਟਰੈਕਟਿਵ ਸੈਸ਼ਨ ਵਿਚ ਭਾਗੀਦਾਰਾਂ ਨੇ ਵੱਖ-ਵੱਖ ਵਿਕਾਸ ਯੋਜਨਾਵਾਂ ਬਾਰੇ ਸਵਾਲ ਪੁੱਛੇ, ਜਿਨ੍ਹਾਂ ਦੇ ਜਵਾਬ ਰਿਸੋਰਸ ਪਰਸਨਾਂ ਵੱਲੋਂ ਦਿੱਤੇ ਗਏ। ਪ੍ਰੋਗਰਾਮ ਦਾ ਸਮਾਪਨ ਇਸ ਨਿਸਚੇ ਨਾਲ ਹੋਇਆ ਕਿ ਪੰਚਾਇਤ ਪ੍ਰਤਿਨਿਧੀ ਅਤੇ ਫ਼ੀਲਡ ਸਟਾਫ਼ ਪਿੰਡਾਂ ਵਿਚ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਨੂੰ ਹੋਰ ਤੀਬਰਤਾ ਨਾਲ ਅੱਗੇ ਵਧਾਉਣਗੇ।