ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ। ਪੁਲਿਸ ਮੁਤਾਬਕ ਟੈਸਟ ਦੌਰਾਨ ਉਸ ਦੇ ਸਰੀਰ ਵਿੱਚ ਨਸ਼ੇ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਅਤੇ ਰਿਪੋਰਟ ਪੌਜ਼ੇਟਿਵ ਆਈ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਨਸ਼ਿਆਂ ਖਿਲਾਫ਼ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਕਾਰਵਾਈ ਕਰਦਿਆਂ ਦੋ ਨਸ਼ੇੜੀਆਂ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਵੇਂ ਮਾਮਲਿਆਂ ਵਿੱਚ ਐਨ.ਡੀ.ਪੀ.ਐਸ. ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਦੱਸਿਆ ਕਿ ਗੜ੍ਹਦੀਵਾਲਾ ਪੁਲਿਸ ਨੂੰ ਉਸ ਵੇਲੇ ਇੱਕ ਸਫ਼ਲਤਾ ਮਿਲੀ ਜਦੋਂ ਗਸ਼ਤ ਦੌਰਾਨ ਇੱਕ ਕਥਿਤ ਨਸ਼ੇੜੀ ਨੌਜਵਾਨ ਨੂੰ ਕਾਬੂ ਕੀਤਾ ਗਿਆ। ਐਸ.ਆਈ. ਦਰਸ਼ਨ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਟਾਂਡਾ ਰੋਡ ਗੜ੍ਹਦੀਵਾਲਾ ਵਿਖੇ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਮੌਜੂਦ ਸਨ। ਇਸੇ ਦੌਰਾਨ ਪੁਲਿਸ ਪਾਰਟੀ ਨੂੰ ਇੱਕ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਸਰਬਜੋਤ ਸਿੰਘ ਪੁੱਤਰ ਕਰਨੈਲ ਸਿੰਘ, ਵਾਸੀ ਪਿੰਡ ਮੂਨਕ ਖੁਰਦ, ਜੋ ਕਿ ਕਥਿਤ ਤੌਰ 'ਤੇ ਨਸ਼ੇ ਕਰਨ ਦਾ ਆਦੀ ਹੈ, ਇਸ ਵੇਲੇ ਵੀ ਨਸ਼ੇ ਦੀ ਲੋਰ ਵਿੱਚ ਗੜ੍ਹਦੀਵਾਲਾ ਦੇ ਵਾਲਮੀਕ ਮੁਹੱਲੇ ਵਿੱਚ ਘੁੰਮ ਰਿਹਾ ਹੈ।
ਪੁਲਿਸ ਮੁਤਾਬਕ, ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਐਸ.ਆਈ. ਦਰਸ਼ਨ ਸਿੰਘ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਸਾਥੀ ਮੁਲਾਜ਼ਮਾਂ ਨਾਲ ਦੱਸੇ ਹੋਏ ਸਥਾਨ 'ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਮੌਕੇ ਤੋਂ ਸਰਬਜੋਤ ਸਿੰਘ ਨੂੰ ਨਸ਼ੇ ਦੀ ਹਾਲਤ ਵਿੱਚ ਕਾਬੂ ਕਰ ਲਿਆ। ਇਸ ਤੋਂ ਬਾਅਦ ਪੁਲਿਸ ਟੀਮ ਵੱਲੋਂ ਮੁਲਜ਼ਮ ਨੂੰ ਸਿਵਲ ਹਸਪਤਾਲ ਦਸੂਹਾ ਲਿਜਾਇਆ ਗਿਆ, ਜਿੱਥੇ ਉਸ ਦਾ ਡਾਕਟਰੀ ਮੁਆਇਨਾ ਅਤੇ ਡੋਪ ਟੈਸਟ ਕਰਵਾਇਆ ਗਿਆ। ਡਾਕਟਰਾਂ ਵੱਲੋਂ ਕੀਤੀ ਗਈ ਜਾਂਚ ਵਿੱਚ ਨੌਜਵਾਨ ਦਾ ਡੋਪ ਟੈਸਟ ਪਾਜ਼ੇਟਿਵ ਪਾਇਆ ਗਿਆ।
ਪੁਲਿਸ ਮੁਤਾਬਕ ਥਾਣਾ ਸਦਰ ਹੁਸ਼ਿਆਰਪੁਰ ਦੀ ਪੁਲਿਸ ਨੇ ਵੀ ਇੱਕ ਨੌਜਵਾਨ ਨੂੰ ਨਸ਼ੇ ਦੀ ਹਾਲਤ ਵਿੱਚ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਐਸ.ਆਈ. ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਚੰਡੀਗੜ੍ਹ-ਸਵਰਨ ਫਾਰਮ ਬਾਈਪਾਸ ਦੇ ਨੇੜੇ ਗਸ਼ਤ 'ਤੇ ਤਾਇਨਾਤ ਸੀ। ਇਸੇ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਰੋਹਿਤ ਪੁੱਤਰ ਦੇਵ ਰਾਜ, ਵਾਸੀ ਛਾਉਣੀ ਕਲਾਂ, ਜੋ ਕਿ ਕਥਿਤ ਤੌਰ 'ਤੇ ਨਸ਼ੇ ਦਾ ਸੇਵਨ ਕਰਨ ਦਾ ਆਦੀ ਹੈ, ਅੱਜ ਵੀ ਨਸ਼ੇ ਵਿੱਚ ਧੁੱਤ ਹੋ ਕੇ ਛਾਉਣੀ ਕਲਾਂ ਬਾਗਬਾਨੀ (ਹੋਰਟੀਕਲਚਰ) ਦੇ ਨੜੇ-ਤੇੜੇ ਘੁੰਮ ਰਿਹਾ ਹੈ।
ਸ਼ੱਕੀ ਹਾਲਤ ਵਿੱਚ ਘੁੰਮਦੇ ਨੂੰ ਘੇਰਿਆ, ਡੋਪ ਟੈਸਟ ਨੇ ਖੋਲ੍ਹੇ ਰਾਜ਼
ਪੁਲਿਸ ਨੇ ਅੱਗੇ ਖੁਲਾਸਾ ਕੀਤਾ ਕਿ ਇਤਲਾਹ ਮਿਲਦਿਆਂ ਹੀ ਪੁਲਿਸ ਪਾਰਟੀ ਤੁਰੰਤ ਛਾਉਣੀ ਕਲਾਂ ਬਾਗਬਾਨੀ ਨੇੜੇ ਪਹੁੰਚੀ, ਜਿੱਥੇ ਇੱਕ ਨੌਜਵਾਨ ਸ਼ੱਕੀ ਅਤੇ ਨਸ਼ੇ ਦੀ ਹਾਲਤ ਵਿੱਚ ਘੁੰਮਦਾ ਦਿਖਾਈ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਘੇਰਾ ਪਾ ਕੇ ਰੋਕਿਆ ਅਤੇ ਜਦੋਂ ਨਾਮ-ਪਤਾ ਪੁੱਛਿਆ ਤਾਂ ਉਸ ਨੇ ਆਪਣੀ ਪਛਾਣ ਰੋਹਿਤ ਵਜੋਂ ਦੱਸੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ। ਪੁਲਿਸ ਮੁਤਾਬਕ ਟੈਸਟ ਦੌਰਾਨ ਉਸ ਦੇ ਸਰੀਰ ਵਿੱਚ ਨਸ਼ੇ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਅਤੇ ਰਿਪੋਰਟ ਪਾਜ਼ੇਟਿਵ ਆਈ।