ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰਪੁਰ ਵਿੱਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਇੱਕ ਵਿਅਕਤੀ ਨੂੰ ਸਿਟੀ ਪੁਲਿਸ ਨੇ ਰੰਗੇ ਹੱਥੀਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਖ-ਵੱਖ ਥਾਣਾ ਖੇਤਰਾਂ ਵਿੱਚ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਮੁਤਾਬਕ ਉਕਤ ਮਾਮਲਿਆਂ ਵਿੱਚ ਆਬਕਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਜਾਂਚ ਅੱਗੇ ਵਧਾਈ ਜਾ ਰਹੀ ਹੈ।
ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰਪੁਰ ਵਿੱਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਇੱਕ ਵਿਅਕਤੀ ਨੂੰ ਸਿਟੀ ਪੁਲਿਸ ਨੇ ਰੰਗੇ ਹੱਥੀਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਨੇ ਦੱਸਿਆ ਕਿ ਏ.ਐਸ.ਆਈ ਜਸਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਧੋਬੀ ਘਾਟ ਚੌਕ ਵਿੱਚ ਚੈਕਿੰਗ ਲਈ ਮੌਜੂਦ ਸਨ। ਇਸੇ ਦੌਰਾਨ ਇੱਕ ਖਾਸ ਮੁਖਬਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਗੁਰਚਰਨ ਸਿੰਘ ਵਾਸੀ ਮੁਹੱਲਾ ਬਹਾਦਰਪੁਰ ਕਾਰਪੋਰੇਸ਼ਨ ਦਫ਼ਤਰ ਦੇ ਕੋਲ ਸ਼ਰਾਬ ਗਾਹਕਾਂ ਨੂੰ ਸਪਲਾਈ ਕਰਨ ਦੀ ਫਿਰਾਕ ਵਿੱਚ ਹੈ। ਜੇਕਰ ਤੁਰੰਤ ਰੇਡ ਕੀਤੀ ਜਾਵੇ ਤਾਂ ਉਸ ਨੂੰ ਫੜਿਆ ਜਾ ਸਕਦਾ ਹੈ।
ਜਦੋਂ ਪੁਲਿਸ ਪਾਰਟੀ ਨੇ ਮੌਕੇ 'ਤੇ ਛਾਪਾ ਮਾਰਿਆ ਤਾਂ ਗੁਰਚਰਨ ਸਿੰਘ ਨੂੰ ਮੌਕੇ ਤੋਂ ਦਬੋਚ ਲਿਆ ਗਿਆ। ਤਲਾਸ਼ੀ ਲੈਣ 'ਤੇ ਉਸ ਦੇ ਕਬਜ਼ੇ ਵਿੱਚੋਂ ਕਥਿਤ ਤੌਰ ’ਤੇ 'ਪੰਜਾਬ ਕਲੱਬ ਗੋਲਡ ਵਿਸਕੀ' ਦੀਆਂ 24 ਬੋਤਲਾਂ ਬਰਾਮਦ ਹੋਈਆਂ।
ਹਾਜੀਪੁਰ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਸਾਂਝੀ ਕਾਰਵਾਈ: ਘਰ 'ਚ ਲੁਕੋਈ ਸ਼ਰਾਬ ਦੀ ਵੱਡੀ ਖੇਪ ਬਰਾਮਦ
ਸਹੋੜਾ ਕੰਢੀ ਵਿੱਚ ਪੁਲਿਸ ਨੇ ਮਾਰੀ ਰੇਡ
ਪੁਲਿਸ ਮੁਤਾਬਕ ਹਾਜੀਪੁਰ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਘਰ ਵਿੱਚੋਂ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਐਚ.ਸੀ. ਸੁਰਿੰਦਰ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਟੀਮ ਜਦੋਂ ਟੀ-ਪੁਆਇੰਟ 'ਤੇ ਮੌਜੂਦ ਸੀ, ਤਾਂ ਐਕਸਾਈਜ਼ ਇੰਸਪੈਕਟਰ ਪਰਮਿੰਦਰ ਕੁਮਾਰ (ਸਰਕਲ ਦਸੂਹਾ) ਨੇ ਆਪਣੀ ਪਾਰਟੀ ਸਮੇਤ ਪਹੁੰਚ ਕੇ ਅਹਿਮ ਜਾਣਕਾਰੀ ਸਾਂਝੀ ਕੀਤੀ। ਪੁਲਿਸ ਮੁਤਾਬਕ ਐਕਸਾਈਜ਼ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਮੁਨੀਸ਼ ਕੁਮਾਰ ਨਾਂ ਦਾ ਵਿਅਕਤੀ ਆਪਣੇ ਘਰ ਵਿੱਚ ਨਾਜਾਇਜ਼ ਸ਼ਰਾਬ ਦਾ ਸਟਾਕ ਰੱਖ ਕੇ ਧੰਦਾ ਕਰ ਰਿਹਾ ਹੈ।
ਭਾਰੀ ਬਰਾਮਦਗੀ ਦਾ ਦਾਅਵਾ
ਜਦੋਂ ਪੁਲਿਸ ਅਤੇ ਐਕਸਾਈਜ਼ ਟੀਮ ਨੇ ਸਹੋੜਾ ਕੰਢੀ ਸਥਿਤ ਮੁਨੀਸ਼ ਦੇ ਘਰ ਛਾਪਾ ਮਾਰਿਆ, ਤਾਂ ਉੱਥੋਂ 68,250 ML ਨਾਜਾਇਜ਼ ਸ਼ਰਾਬ ਬਰਾਮਦ ਹੋਈ। ਮੁਲਜ਼ਮ ਮੁਨੀਸ਼ ਕੁਮਾਰ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਥਾਣਾ ਹਾਜੀਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਨਹਿਰ ਦੇ ਪੁਲ 'ਤੇ ਸ਼ੱਕੀ ਹਾਲਤ 'ਚ ਘੁੰਮ ਰਿਹਾ ਨੌਜਵਾਨ ਕਾਬੂ, 12 ਬੋਤਲਾਂ ਸ਼ਰਾਬ ਬਰਾਮਦ
ਇਬਰਾਹੀਮਪੁਰ ਪੁਲ 'ਤੇ ਪੁਲਿਸ ਦੀ ਮੁਸਤੈਦੀ
ਗੜ੍ਹਸ਼ੰਕਰ ਪੁਲਿਸ ਨੇ ਗਸ਼ਤ ਦੌਰਾਨ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਬਿਨਾਂ ਕਿਸੇ ਲਾਇਸੰਸ ਜਾਂ ਪਰਮਿਟ ਦੇ ਸ਼ਰਾਬ ਦੀ ਖੇਪ ਲੈ ਕੇ ਜਾ ਰਿਹਾ ਸੀ।
ਪੁਲਿਸ ਵਲੋਂ ਘਟਨਾ ਦਾ ਵੇਰਵਾ ਸਾਂਝਾ ਕਰਦੇ ਹੋਏ ਦੱਸਿਆ ਗਿਆ ਕਿ ਏ.ਐਸ.ਆਈ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੇ ਸੀ। ਜਦੋਂ ਪੁਲਿਸ ਟੀਮ ਨਹਿਰ ਇਬਰਾਹੀਮਪੁਰ ਦੇ ਪੁਲ ਕੋਲ ਪਹੁੰਚੀ ਤਾਂ ਉੱਥੇ ਇੱਕ ਨੌਜਵਾਨ ਸ਼ੱਕੀ ਹਾਲਤ ਵਿੱਚ ਦਿਖਾਈ ਦਿੱਤਾ ਅਤੇ ਉਸਨੂੰ ਕਾਬੂ ਕਰ ਲਿਆ ਗਿਆ।
ਗੈਰ-ਕਾਨੂੰਨੀ ਢੰਗ ਨਾਲ ਲਿਜਾਈ ਜਾ ਰਹੀ ਸੀ ਸ਼ਰਾਬ
ਪੁਲਿਸ ਅਨੁਸਾਰ, ਫੜੇ ਗਏ ਵਿਅਕਤੀ ਦੀ ਪਛਾਣ ਹਰਕਰਨ ਸੰਧੂ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਚੱਕ ਗੁਰੂ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਉਸ ਕੋਲੋਂ 'ਪੰਜਾਬ ਰਸਭਰੀ' ਮਾਰਕਾ ਦੀਆਂ 12 ਬੋਤਲਾਂ (ਕੁੱਲ 9000 ਐਮ.ਐਲ.) ਬਰਾਮਦ ਹੋਈਆਂ। ਕਿਉਂਕਿ ਮੁਲਜ਼ਮ ਕੋਲ ਸ਼ਰਾਬ ਸਬੰਧੀ ਕੋਈ ਪਰਮਿਟ ਨਹੀਂ ਸੀ, ਇਸ ਲਈ ਉਸ ਨੂੰ ਗ਼੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।