Hoshiarpur News : ਨਸ਼ਾ ਤਸਕਰਾਂ ਦੀ ਨਾਜਾਇਜ਼ ਸੰਪਤੀ ‘ਤੇ ਕਾਰਵਾਈ, ਘੰਟਾਘਰ ਇਲਾਕੇ ‘ਚ ਤਿੰਨ ਗ਼ੈਰਕਾਨੂੰਨੀ ਢਾਂਚੇ ਕੀਤੇ ਢਹਿ-ਢੇਰੀ
ਐਸਐਸਪੀ ਮਲਿਕ ਨੇ ਦੱਸਿਆ ਕਿ ਮੁਨਿਸਪਲ ਕਾਰਪੋਰੇਸ਼ਨ ਵੱਲੋਂ ਪਹਿਲਾਂ ਹੀ ਸੰਬੰਧਿਤ ਵਿਅਕਤੀਆਂ ਨੂੰ ਨਾਜਾਇਜ਼ ਕਬਜ਼ਾ ਹਟਾਉਣ ਲਈ ਨੋਟਿਸ ਜਾਰੀ ਕਰਕੇ 15 ਦਿਨ ਦਾ ਸਮਾਂ ਦਿੱਤਾ ਗਿਆ ਸੀ, ਪਰ ਨਿਰਧਾਰਤ ਸਮੇਂ ਦੇ ਬਾਵਜੂਦ ਗੈਰਕਾਨੂੰਨੀ ਢਾਂਚੇ ਨਹੀਂ ਹਟਾਏ ਗਏ।
Publish Date: Wed, 21 Jan 2026 06:06 PM (IST)
Updated Date: Wed, 21 Jan 2026 06:10 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਸੰਦੀਪ ਕੁਮਾਰ ਮਲਿਕ ਨੇ ਕਿਹਾ ਹੈ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਵੱਲੋਂ ਅਪਰਾਧਿਕ ਕਮਾਈ ਨਾਲ ਬਣਾਈ ਗਈ ਨਾਜਾਇਜ਼ ਸੰਪਤੀ ਦੀ ਪਛਾਣ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਸਥਾਨਕ ਧੋਬੀ ਘਾਟ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਮਲਿਕ ਨੇ ਦੱਸਿਆ ਕਿ ਘੰਟਾਘਰ ਇਲਾਕੇ ਵਿੱਚ ਤਿੰਨ ਅਜਿਹੇ ਘਰਾਂ ਵੱਲੋਂ ਕੀਤੇ ਗਏ ਗੈਰਕਾਨੂੰਨੀ ਨਿਰਮਾਣ ਨੂੰ ਅੱਜ ਢਾਹ ਦਿੱਤਾ ਗਿਆ ਹੈ, ਜਿਨ੍ਹਾਂ ਦੇ ਮਾਲਕਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹਨ ਅਤੇ ਉਨ੍ਹਾਂ ਦਾ ਅਪਰਾਧਿਕ ਪਿਛੋਕੜ ਵੀ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ ਡਰੱਗ ਤਸਕਰੀ ਰਾਹੀਂ ਕਮਾਈ ਗਈ ਰਕਮ ਨਾਲ ਬਣਾਈਆਂ ਗਈਆਂ ਜਾਇਦਾਦਾਂ, ਨਾਜਾਇਜ਼ ਕਬਜ਼ਿਆਂ ਅਤੇ ਗੈਰਕਾਨੂੰਨੀ ਢਾਂਚਿਆਂ ਨੂੰ ਢਾਹੁਣ ਲਈ ਸਿਵਲ ਪ੍ਰਸ਼ਾਸਨ ਵੱਲੋਂ ਪੁਲਿਸ ਸਹਾਇਤਾ ਮੰਗੀ ਜਾਂਦੀ ਹੈ, ਜਿਸ ‘ਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।
ਐੱਸਐੱਸਪੀ ਮਲਿਕ ਨੇ ਦੱਸਿਆ ਕਿ ਮੁਨਿਸਪਲ ਕਾਰਪੋਰੇਸ਼ਨ ਵੱਲੋਂ ਪਹਿਲਾਂ ਹੀ ਸੰਬੰਧਿਤ ਵਿਅਕਤੀਆਂ ਨੂੰ ਨਾਜਾਇਜ਼ ਕਬਜ਼ਾ ਹਟਾਉਣ ਲਈ ਨੋਟਿਸ ਜਾਰੀ ਕਰਕੇ 15 ਦਿਨ ਦਾ ਸਮਾਂ ਦਿੱਤਾ ਗਿਆ ਸੀ, ਪਰ ਨਿਰਧਾਰਤ ਸਮੇਂ ਦੇ ਬਾਵਜੂਦ ਗੈਰਕਾਨੂੰਨੀ ਢਾਂਚੇ ਨਹੀਂ ਹਟਾਏ ਗਏ। ਇਸ ਤੋਂ ਬਾਅਦ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਕਾਨੂੰਨੀ ਪ੍ਰਕਿਰਿਆ ਅਪਣਾਉਂਦਿਆਂ ਡਿਪਟੀ ਕਮਿਸ਼ਨਰ ਕੋਲ ਦਰਖ਼ਾਸਤ ਦਿੱਤੀ ਗਈ, ਜਿਸ ਉਪਰੰਤ ਡਿਊਟੀ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਪੁਲਿਸ ਸਹਾਇਤਾ ਨਾਲ ਡਿਮੋਲਿਸ਼ਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਉਨ੍ਹਾਂ ਸਪਸ਼ਟ ਕੀਤਾ ਕਿ ਇਹ ਵਿਅਕਤੀ ਵਾਰ-ਵਾਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ ਅਤੇ ਨਸ਼ਾ ਤਸਕਰੀ ਰਾਹੀਂ ਇਕੱਠੀ ਕੀਤੀ ਗਈ ਰਕਮ ਨਾਲ ਗੈਰਕਾਨੂੰਨੀ ਸੰਪਤੀਆਂ ਤਿਆਰ ਕੀਤੀਆਂ ਗਈਆਂ।
ਐੱਸਐੱਸਪੀ ਮਲਿਕ ਨੇ ਕਿਹਾ, “ਅਪਰਾਧ ਤੋਂ ਬਣੀ ਹਰ ਇਕ ਸੰਪਤੀ ‘ਤੇ ਕਾਨੂੰਨ ਦਾ ਡੰਡਾ ਚਲਾਇਆ ਜਾਵੇਗਾ।”
ਉਨ੍ਹਾਂ ਦੋ ਟੁਕ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਭਵਿੱਖ ਵਿੱਚ ਵੀ ਐਨਡੀਪੀਐਸ ਕੇਸਾਂ ‘ਚ ਨਾਮਜ਼ਦ ਵਿਅਕਤੀਆਂ ਦੀ ਸੰਪਤੀ ਦੀ ਪਛਾਣ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਦਮ ਚੁੱਕੇ ਜਾਣਗੇ।