ਬੱਚੇ ਦੀ ਪਛਾਣ ਗੁਰਕਰਨ ਸਿੰਘ ਵਜੋਂ ਹੋਈ ਹੈ, ਜੋ ਆਪਣੇ ਘਰ ਦੇ ਨੇੜੇ ਖੇਡਦਿਆਂ ਬੋਰਵੈੱਲ ਵਿੱਚ ਡਿੱਗ ਗਿਆ ਸੀ ਅਤੇ ਕਰੀਬ 25 ਤੋਂ 30 ਫੁੱਟ ਦੀ ਗਹਿਰਾਈ ‘ਤੇ ਫਸ ਗਿਆ ਸੀ। ਬਚਾਅ ਟੀਮਾਂ ਨੇ ਜਦੋਂ ਉਸ ਨੂੰ ਬਾਹਰ ਕੱਢਿਆ ਤਾਂ ਐਨ.ਡੀ.ਆਰ.ਐਫ. ਦੇ ਇਕ ਜਵਾਨ ਨੇ ਉਸ ਨੂੰ ਆਪਣੀਆਂ ਬਾਂਹਾਂ ਵਿੱਚ ਚੁੱਕ ਕੇ ਬਾਹਰ ਲਿਆਇਆ। ਬੱਚੇ ਦਾ ਸਰੀਰ ਮਿੱਟੀ ਨਾਲ ਲੱਥਪੱਥ ਸੀ, ਪਰ ਉਹ ਹੋਸ਼ ਵਿੱਚ ਅਤੇ ਸਥਿਰ ਦਿਖਾਈ ਦੇ ਰਿਹਾ ਸੀ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੱਕ ਸਮਾਣਾ ਵਿੱਚ ਸ਼ੁੱਕਰਵਾਰ ਸ਼ਾਮ ਇੱਕ ਨਵੇਂ ਖੋਦੇ ਗਏ ਖੁੱਲ੍ਹੇ ਬੋਰਵੈੱਲ ਵਿੱਚ ਡਿੱਗੇ ਚਾਰ ਸਾਲਾ ਬੱਚੇ ਨੂੰ ਕਰੀਬ ਨੌਂ ਘੰਟਿਆਂ ਦੀ ਲੰਬੀ ਅਤੇ ਔਖੀ ਬਚਾਅ ਕਾਰਵਾਈ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਸੰਵੇਦਨਸ਼ੀਲ ਆਪਰੇਸ਼ਨ ਅੱਧੀ ਰਾਤ ਤੋਂ ਬਾਅਦ ਕਰੀਬ 12:40 ਵਜੇ ਸਫਲ ਰਿਹਾ।
ਬੱਚੇ ਦੀ ਪਛਾਣ ਗੁਰਕਰਨ ਸਿੰਘ ਵਜੋਂ ਹੋਈ ਹੈ, ਜੋ ਆਪਣੇ ਘਰ ਦੇ ਨੇੜੇ ਖੇਡਦਿਆਂ ਬੋਰਵੈੱਲ ਵਿੱਚ ਡਿੱਗ ਗਿਆ ਸੀ ਅਤੇ ਕਰੀਬ 25 ਤੋਂ 30 ਫੁੱਟ ਦੀ ਗਹਿਰਾਈ ‘ਤੇ ਫਸ ਗਿਆ ਸੀ। ਬਚਾਅ ਟੀਮਾਂ ਨੇ ਜਦੋਂ ਉਸ ਨੂੰ ਬਾਹਰ ਕੱਢਿਆ ਤਾਂ ਐਨ.ਡੀ.ਆਰ.ਐਫ. ਦੇ ਇਕ ਜਵਾਨ ਨੇ ਉਸ ਨੂੰ ਆਪਣੀਆਂ ਬਾਂਹਾਂ ਵਿੱਚ ਚੁੱਕ ਕੇ ਬਾਹਰ ਲਿਆਇਆ। ਬੱਚੇ ਦਾ ਸਰੀਰ ਮਿੱਟੀ ਨਾਲ ਲੱਥਪੱਥ ਸੀ, ਪਰ ਉਹ ਹੋਸ਼ ਵਿੱਚ ਅਤੇ ਸਥਿਰ ਦਿਖਾਈ ਦੇ ਰਿਹਾ ਸੀ। ਤੁਰੰਤ ਬਾਅਦ ਉਸ ਨੂੰ ਐਂਬੂਲੈਂਸ ਰਾਹੀਂ ਡਾਕਟਰੀ ਜਾਂਚ ਅਤੇ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ।
ਬਚਾਅ ਤੋਂ ਬਾਅਦ ਮੌਕੇ ‘ਤੇ ਮੌਜੂਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਬਚਾਅ ਟੀਮਾਂ ਨੂੰ ਗਲੇ ਮਿਲ ਕੇ ਧੰਨਵਾਦ ਕੀਤਾ। ਪੂਰੀ ਕਾਰਵਾਈ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਮੌਕੇ ‘ਤੇ ਇਕੱਠੇ ਰਹੇ ਅਤੇ ਟੀਮਾਂ ਦੀ ਹੌਸਲਾ ਅਫਜ਼ਾਈ ਕਰਦੇ ਰਹੇ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਸ਼ਾਮ ਕਰੀਬ 4 ਵਜੇ ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਬਚਾਅ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੱਚਾ ਆਪਣੇ ਘਰ ਦੇ ਨਾਲ ਲੱਗਦੇ ਬੋਰਵੈੱਲ ਵਿੱਚ ਡਿੱਗਿਆ ਸੀ, ਜੋ ਹਾਲ ਹੀ ਵਿੱਚ ਚਾਲੂ ਕੀਤਾ ਗਿਆ ਸੀ ਅਤੇ ਜਿਸ ਦੇ ਆਲੇ-ਦੁਆਲੇ ਮਿੱਟੀ ਅਤੇ ਬਜਰੀ ਭਰਨ ਦਾ ਕੰਮ ਹਾਲੇ ਬਾਕੀ ਸੀ।
ਉਨ੍ਹਾਂ ਦੱਸਿਆ ਕਿ ਬਚਾਅ ਕਾਰਵਾਈ ਦੇ ਸ਼ੁਰੂਆਤੀ ਦੌਰ ਵਿੱਚ ਟੀਮਾਂ ਵੱਲੋਂ ਬੋਰਵੈੱਲ ਵਿੱਚ ਕੈਮਰਾ ਅਤੇ ਆਕਸੀਜਨ ਪਾਈਪ ਹੇਠਾਂ ਉਤਾਰੀ ਗਈ, ਜਿਸ ਨਾਲ ਬੱਚੇ ਦੀ ਹਾਲਤ ‘ਤੇ ਨਜ਼ਰ ਰੱਖੀ ਗਈ ਅਤੇ ਉਸ ਨੂੰ ਲਗਾਤਾਰ ਆਕਸੀਜਨ ਦਿੱਤੀ ਗਈ। ਸ਼ੁਰੂ ਵਿੱਚ ਕੈਮਰੇ ਦੀ ਫੁਟੇਜ ਵਿੱਚ ਬੱਚੇ ਦੀ ਹਿਲਜੁੱਲ ਸਪਸ਼ਟ ਦਿਖਾਈ ਦੇ ਰਹੀ ਸੀ, ਜਿਸ ਨਾਲ ਬਚਾਅ ਟੀਮਾਂ ਨੂੰ ਸਥਿਤੀ ਦਾ ਅੰਦਾਜ਼ਾ ਲਗਾਉਣ ਵਿੱਚ ਮਦਦ ਮਿਲੀ।
ਹਾਲਾਂਕਿ ਕੁਝ ਸਮੇਂ ਬਾਅਦ ਢਿੱਲੀ ਅਤੇ ਰੇਤਲੀ ਮਿੱਟੀ ਬੋਰਵੈੱਲ ਵਿੱਚ ਡਿੱਗਣ ਕਾਰਨ ਕੈਮਰੇ ਦੀ ਨਿਗਰਾਨੀ ਮੁਸ਼ਕਲ ਹੋ ਗਈ ਅਤੇ ਆਪਰੇਸ਼ਨ ਹੋਰ ਵੀ ਚੁਣੌਤੀਪੂਰਨ ਬਣ ਗਿਆ। ਇਸ ਤੋਂ ਬਾਅਦ ਟੀਮਾਂ ਵੱਲੋਂ ਬੋਰਵੈੱਲ ਦੇ ਨਾਲ ਇਕ ਸਮਾਂਤਰ ਖੱਡਾ ਕਰੀਬ 30 ਫੁੱਟ ਤੋਂ ਜਿਆਦਾ ਦੀ ਗਹਿਰਾਈ ਤੱਕ ਖੋਦਿਆ ਗਿਆ ਅਤੇ ਫਿਰ ਇਕ ਤੰਗ ਸੁਰੰਗ ਬਣਾਕੇ ਬੱਚੇ ਤੱਕ ਪਹੁੰਚ ਬਣਾਈ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿੱਟੀ ਦੇ ਰੇਤਲੇ ਸੁਭਾਅ ਕਾਰਨ ਇਹ ਵਾਰ-ਵਾਰ ਖਿਸਕਦੀ ਰਹੀ , ਜਿਸ ਨਾਲ ਬਚਾਅ ਕਾਰਵਾਈ ਵਿੱਚ ਕਾਫੀ ਮੁਸ਼ਕਲਾਂ ਆਈਆਂ। ਇਸ ਦੌਰਾਨ ਲੋੜੀਂਦੀ ਮਸ਼ੀਨਰੀ ਦੀ ਮਦਦ ਲਈ ਗਈ, ਪਰ ਪੂਰੀ ਸਾਵਧਾਨੀ ਨਾਲ ਕੰਮ ਕੀਤਾ ਗਿਆ ਤਾਂ ਜੋ ਮਿੱਟੀ ਬੱਚੇ ਉੱਤੇ ਨਾ ਡਿੱਗੇ ਅਤੇ ਉਸ ਦੀ ਸੁਰੱਖਿਆ ਨੂੰ ਕੋਈ ਖਤਰਾ ਨਾ ਹੋਵੇ।
ਉਨ੍ਹਾਂ ਦੱਸਿਆ ਕਿ ਇਸ ਪੂਰੀ ਕਾਰਵਾਈ ਵਿੱਚ ਐਨ.ਡੀ.ਆਰ.ਐਫ. ਦੇ 40 ਤੋਂ ਵੱਧ ਜਵਾਨਾਂ ਨੇ ਭਾਗ ਲਿਆ ਅਤੇ ਆਪਣੀ ਮੁਹਾਰਤ ਨਾਲ ਇਸ ਔਖੇ ਆਪਰੇਸ਼ਨ ਨੂੰ ਸਫਲ ਬਣਾਇਆ। ਐਸ.ਡੀ.ਆਰ.ਐਫ., ਪੰਜਾਬ ਪੁਲਿਸ, ਅੱਗ ਬੁਝਾਉ ਦਲ, ਸਿਵਲ ਪ੍ਰਸ਼ਾਸਨ ਅਤੇ ਸਥਾਨਕ ਵਾਸੀਆਂ ਨੇ ਵੀ ਪੂਰਾ ਸਹਿਯੋਗ ਦਿੱਤਾ।
ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਬਚਾਅ ਟੀਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦ੍ਰਿੜਤਾ, ਸਮਰਪਣ ਅਤੇ ਸਹਿਯੋਗ ਹੀ ਇਸ ਮੁਹਿੰਮ ਦੀ ਸਫਲਤਾ ਦਾ ਮੁੱਖ ਕਾਰਨ ਬਣੇ। ਉਨ੍ਹਾਂ ਕਿਹਾ ਕਿ ਹਰ ਇਕ ਟੀਮ ਨੇ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ, ਜਿਸ ਨਾਲ ਬੱਚੇ ਦੀ ਜਾਨ ਬਚ ਸਕੀ।
ਬਚਾਅ ਕਾਰਵਾਈ ਦੌਰਾਨ ਪੰਜਾਬ ਦੇ ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਅਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਪੂਰੇ ਸਮੇਂ ਮੌਕੇ ‘ਤੇ ਮੌਜੂਦ ਰਹੇ ਅਤੇ ਕਾਰਵਾਈ ਦੀ ਲਗਾਤਾਰ ਨਿਗਰਾਨੀ ਕਰਦੇ ਰਹੇ। ਡਾ. ਰਵਜੋਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਾਰੀਆਂ ਟੀਮਾਂ ਦੇ ਸਹਿਯੋਗ ਨਾਲ ਬੱਚੇ ਨੂੰ ਬਚਾਉਣ ਲਈ ਪੁਖਤਾ ਪ੍ਰਬੰਧ ਕੀਤੇ ਅਤੇ ਡਾਕਟਰੀ ਤੇ ਐਮਰਜੈਂਸੀ ਸੇਵਾਵਾਂ ਵੀ ਪੂਰੀ ਤਰ੍ਹਾਂ ਤਿਆਰ ਰੱਖੀਆਂ ਗਈਆਂ।
ਸੰਸਦ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ ਨੇ ਇਸਨੂੰ ਬਹੁਤ ਹੀ ਨਾਜੁਕ ਅਤੇ ਚੁਣੌਤੀਪੂਰਨ ਆਪਰੇਸ਼ਨ ਕਰਾਰ ਦਿੰਦਿਆਂ ਕਿਹਾ ਕਿ ਸਾਰੀਆਂ ਏਜੰਸੀਆਂ ਦੇ ਲਗਾਤਾਰ ਯਤਨਾਂ ਅਤੇ ਟੀਮ ਵਰਕ ਨਾਲ ਹੀ ਇਹ ਸੰਭਵ ਹੋ ਸਕਿਆ। ਉਨ੍ਹਾਂ ਕਿਹਾ ਕਿ ਇਹ ਸਾਂਝੇ ਉਪਰਾਲੇ ਦੀ ਵੱਡੀ ਮਿਸਾਲ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਾਰੀਆਂ ਬਚਾਅ ਏਜੰਸੀਆਂ, ਪੁਲਿਸ, ਡਾਕਟਰੀ ਟੀਮਾਂ, ਸਿਵਲ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਦੇ ਸਾਂਝੇ ਯਤਨਾਂ ਨਾਲ ਹੀ ਬੱਚੇ ਦੀ ਜਾਨ ਬਚਾਈ ਜਾ ਸਕੀ।
ਇਸ ਦੌਰਾਨ ਬਚਾਅ ਕਾਰਵਾਈ ਦੇ ਸਮੇਂ ਬੱਚੇ ਦੀ ਮਾਤਾ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਸੀ, ਜਿਸ ਨਾਲ ਉਸ ਨੇ ਆਪਣੇ ਬੱਚੇ ਨਾਲ ਗੱਲ ਕਰਕੇ ਉਸ ਨੂੰ ਹੌਸਲਾ ਦਿੱਤਾ ਤਾਂ ਜੋ ਉਹ ਘਬਰਾਏ ਨਾ। ਪੂਰੇ ਸਮੇਂ ਦੌਰਾਨ ਬੱਚੇ ਨੂੰ ਆਕਸੀਜਨ ਪਾਈਪ ਰਾਹੀਂ ਆਕਸੀਜਨ ਮੁਹੱਈਆ ਕਰਵਾਈ ਜਾਂਦੀ ਰਹੀ।
ਐਚ ਐਸ ਪੀ : ਸਿਵਲ ਹਸਪਤਾਲ ਵਿੱਚ ਬਚਾਏ ਗਏ ਬੱਚੇ ਦੀ ਸਿਹਤ ਬਾਰੇ ਜਾਣਕਾਰੀ ਲੈਂਦੇ ਜੇਲ੍ਹ ਮੰਤਰੀ ਡਾ: ਰਵਜੋਤ ਸਿੰਘ
ਬਚਾਅ ਕਾਰਵਾਈ ਤੋਂ ਬਾਅਦ ਹਸਪਤਾਲ ਵਿੱਚ ਇਲਾਜ ਅਧੀਨ ਬੱਚਾ ਗੁਰਕਰਨ ਸਿੰਘ।