ਪੈਕੇਜ 1.74 ਕਰੋੜ ਰੁਪਏ ਰਿਹਾ, ਜਦਕਿ ਕਈ ਕੰਪਨੀਆਂ ਨੇ 20 ਲੱਖ ਤੋਂ ਵੱਧ ਸਾਲਾਨਾ ਪੈਕੇਜ ਦਿੱਤੇ। ਪਿਛਲੇ ਦੋ ਸਾਲਾਂ ਵਿੱਚ ਪੰਜਾਬ ਦੇ 1600 ਤੋਂ ਵੱਧ ਵਿਦਿਆਰਥੀਆਂ ਨੂੰ ਮੋਹਰੀ ਕੰਪਨੀਆਂ ਵੱਲੋਂ ਨੌਕਰੀਆਂ ਦੇ ਆਫਰ ਮਿਲੇ, ਜਿਨ੍ਹਾਂ ਵਿੱਚੋਂ 672 ਤੋਂ ਵੱਧ ਵਿਦਿਆਰਥੀ ਦੋਆਬਾ ਖੇਤਰ ਨਾਲ ਸੰਬੰਧਿਤ ਹਨ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਉੱਚੇਰੀ ਸਿੱਖਿਆ ਦੇ ਖੇਤਰ ’ਚ ਆਪਣੀ ਮਜ਼ਬੂਤ ਪਛਾਣ ਬਣਾਉਂਦੀ ਚੰਡੀਗੜ੍ਹ ਯੂਨੀਵਰਸਿਟੀ ਨੇ ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗਜ਼-2026 ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਮੁੱਖ ਵਿਸ਼ਿਆਂ—ਕੰਪਿਊਟਰ ਸਾਇੰਸ, ਇਲੈਕਟ੍ਰਿਕਲ-ਇਲੈਕਟ੍ਰਾਨਿਕਸ ਇੰਜੀਨੀਅਰਿੰਗ ਅਤੇ ਮਕੈਨਿਕਲ-ਏਅਰੋਨਾਟਿਕਲ ਇੰਜੀਨੀਅਰਿੰਗ—ਵਿੱਚ ਵਿਸ਼ਵ ਦੀਆਂ ਮੋਹਰੀ 300 ਯੂਨੀਵਰਸਿਟੀਆਂ ’ਚ ਆਪਣਾ ਸਥਾਨ ਬਣਾਇਆ ਹੈ। ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰ.ਐੱਸ. ਬਾਵਾ ਨੇ ਹੁਸ਼ਿਆਰਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਵਾਰ 11 ਵਿਸ਼ੇ ਰੈਂਕਿੰਗ ਵਿੱਚ ਸ਼ਾਮਲ ਹੋਏ ਹਨ, ਜਦਕਿ 2025 ਵਿੱਚ ਇਹ ਗਿਣਤੀ ਸਿਰਫ 5 ਸੀ। ਇਸ ਉਪਲਬਧੀ ਨਾਲ ਯੂਨੀਵਰਸਿਟੀ ਦੁਨੀਆ ਦੀਆਂ ਚੋਟੀ ਦੀਆਂ 1 ਫੀਸਦੀ ਸੰਸਥਾਵਾਂ ਵਿੱਚ ਸ਼ਾਮਲ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਰੈਂਕਿੰਗ ਅਕਾਦਮਿਕ ਪ੍ਰਤਿਸ਼ਠਾ, ਨਿਯੋਗਦਾਤਾ ਪ੍ਰਤਿਸ਼ਠਾ, ਰਿਸਰਚ ਸਾਈਟੇਸ਼ਨ, ਐੱਚ-ਇੰਡੈਕਸ ਅਤੇ ਅੰਤਰਰਾਸ਼ਟਰੀ ਰਿਸਰਚ ਨੈੱਟਵਰਕ ਵਰਗੇ ਮਾਪਦੰਡਾਂ ਦੇ ਆਧਾਰ ’ਤੇ ਕੀਤੀ ਜਾਂਦੀ ਹੈ।
ਪਲੇਸਮੈਂਟ ਦੇ ਮਾਮਲੇ ’ਚ ਵੀ ਯੂਨੀਵਰਸਿਟੀ ਨੇ ਵੱਡੀ ਕਾਮਯਾਬੀ ਦਰਜ ਕੀਤੀ ਹੈ। ਸਾਲ 2025 ਦੌਰਾਨ 1300 ਤੋਂ ਵੱਧ ਕੌਮੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਨੇ ਵਿਦਿਆਰਥੀਆਂ ਨੂੰ 10 ਹਜ਼ਾਰ ਤੋਂ ਵੱਧ ਨੌਕਰੀਆਂ ਦੀਆਂ ਪੇਸ਼ਕਸ਼ਾਂ ਕੀਤੀਆਂ। ਸਭ ਤੋਂ ਵੱਡਾ ਪੈਕੇਜ 1.74 ਕਰੋੜ ਰੁਪਏ ਰਿਹਾ, ਜਦਕਿ ਕਈ ਕੰਪਨੀਆਂ ਨੇ 20 ਲੱਖ ਤੋਂ ਵੱਧ ਸਾਲਾਨਾ ਪੈਕੇਜ ਦਿੱਤੇ।
ਪਿਛਲੇ ਦੋ ਸਾਲਾਂ ਵਿੱਚ ਪੰਜਾਬ ਦੇ 1600 ਤੋਂ ਵੱਧ ਵਿਦਿਆਰਥੀਆਂ ਨੂੰ ਮੋਹਰੀ ਕੰਪਨੀਆਂ ਵੱਲੋਂ ਨੌਕਰੀਆਂ ਦੇ ਆਫਰ ਮਿਲੇ, ਜਿਨ੍ਹਾਂ ਵਿੱਚੋਂ 672 ਤੋਂ ਵੱਧ ਵਿਦਿਆਰਥੀ ਦੋਆਬਾ ਖੇਤਰ ਨਾਲ ਸੰਬੰਧਿਤ ਹਨ।
ਸਕਾਲਰਸ਼ਿਪ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. ਬਾਵਾ ਨੇ ਕਿਹਾ ਕਿ ਯੂਨੀਵਰਸਿਟੀ ਸੀਯੂਸੀਈਟੀ-2026 ਰਾਹੀਂ ਹਰ ਸਾਲ 250 ਕਰੋੜ ਰੁਪਏ ਦੀ ਸਕਾਲਰਸ਼ਿਪ ਪ੍ਰਦਾਨ ਕਰ ਰਹੀ ਹੈ, ਜਿਸ ਨਾਲ ਵਿਦਿਆਰਥੀਆਂ ਨੂੰ 100 ਫੀਸਦੀ ਤੱਕ ਸਕਾਲਰਸ਼ਿਪ ਹਾਸਲ ਕਰਨ ਦਾ ਮੌਕਾ ਮਿਲਦਾ ਹੈ।
ਰਿਸਰਚ ਅਤੇ ਨਵੀਨਤਾ ਦੇ ਖੇਤਰ ਵਿੱਚ ਵੀ ਯੂਨੀਵਰਸਿਟੀ ਨੇ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ। ਹੁਣ ਤੱਕ 20 ਹਜ਼ਾਰ ਤੋਂ ਵੱਧ ਰਿਸਰਚ ਪੇਪਰ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਹਜ਼ਾਰਾਂ ਪੇਟੈਂਟ ਦਰਜ ਕੀਤੇ ਗਏ ਹਨ। ਖੇਡਾਂ ਵਿੱਚ ਵੀ ਯੂਨੀਵਰਸਿਟੀ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਡਲ ਜਿੱਤ ਕੇ ਆਪਣਾ ਦਬਦਬਾ ਬਣਾਇਆ ਹੋਇਆ ਹੈ।