ਹੁਸ਼ਿਆਰਪੁਰ 'ਚ ਖ਼ੂਨੀ ਕਾਰਾ: ਘਰੇਲੂ ਕਲੇਸ਼ ਨਬੇੜਨ ਗਏ ਨੌਜਵਾਨ ਦੇ ਸਿਰ 'ਚ ਮਾਰਿਆ ਚੋਪਰ, ਮੁਲਜ਼ਮ ਗ੍ਰਿਫ਼ਤਾਰ
ਥਾਣਾ ਸਿਟੀ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਨਿਲ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਹਥਿਆਰ ਬਰਾਮਦ ਕਰਨ ਲਈ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Publish Date: Mon, 18 May 2026 12:35 PM (IST)
Updated Date: Mon, 18 May 2026 01:59 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਥਾਣਾ ਸਿਟੀ ਪੁਲਿਸ ਹੁਸ਼ਿਆਰਪੁਰ ਨੇ ਇੱਕ ਨੌਜਵਾਨ 'ਤੇ ਤੇਜ਼ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ਼ ਇਰਾਦਾ-ਏ-ਕਤਲ (Attempt to Murder) ਸਮੇਤ ਭਾਰਤੀ ਨਿਆਏ ਸੰਹਿਤਾ ਦੀਆਂ ਵੱਖ-ਵੱਖ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਅਨਿਲ ਰਾਮ ਪੁੱਤਰ ਰਾਮ ਪੁਕਾਰ ਰਾਮ, ਵਾਸੀ ਗੜੀ ਬੂਹਾ (ਬਹਾਦਰਪੁਰ, ਹੁਸ਼ਿਆਰਪੁਰ) ਵਜੋਂ ਹੋਈ ਹੈ।
ਪਤਨੀ ਨੂੰ ਬਚਾਉਣ ਆਏ ਨੌਜਵਾਨ 'ਤੇ ਕੀਤਾ ਹਮਲਾ
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਜਸਪ੍ਰੀਤ ਸਿੰਘ ਉਰਫ਼ ਰਾਹੁਲ (31) ਪੁੱਤਰ ਅਵਤਾਰ ਸਿੰਘ, ਵਾਸੀ ਬਾਜ਼ਾਰ ਕਲਾਂ (ਬਹਾਦਰਪੁਰ) ਪੇਸ਼ੇ ਤੋਂ ਡਰਾਈਵਰ ਹੈ। ਬੀਤੀ 16 ਮਈ ਦੀ ਰਾਤ ਨੂੰ ਉਹ ਗੜੀ ਬੂਹਾ ਵਿਖੇ ਆਪਣੇ ਦੋਸਤ ਮਨੂੰ ਦੇ ਘਰ ਗਿਆ ਹੋਇਆ ਸੀ। ਰਾਤ ਕਰੀਬ 10:40 ਵਜੇ ਦੋਸਤ ਦੇ ਘਰ ਦੇ ਸਾਹਮਣੇ ਰਹਿੰਦੇ ਇੱਕ ਪ੍ਰਵਾਸੀ ਪਰਿਵਾਰ ਦੇ ਘਰ ਵਿੱਚ ਉੱਚੀ-ਉੱਚੀ ਲੜਾਈ-ਝਗੜੇ ਦਾ ਰੌਲਾ ਪੈਣ ਲੱਗ ਪਿਆ। ਇਸੇ ਦੌਰਾਨ ਮੁਲਜ਼ਮ ਦੀ ਪਤਨੀ ਲਲੀਤਾ ਆਪਣੀ ਜਾਨ ਬਚਾਉਣ ਲਈ ਡਰ ਕੇ ਜਸਪ੍ਰੀਤ ਦੇ ਦੋਸਤ ਦੇ ਘਰ ਅੰਦਰ ਵੜ ਗਈ।
ਸਿਰ ਦੇ ਖੱਬੇ ਪਾਸੇ ਮਾਰਿਆ ਤੇਜ਼ਧਾਰ ਚੋਪਰ
ਔਰਤ ਦੇ ਪਿੱਛੇ ਹੀ ਉਸ ਦਾ ਪਤੀ ਅਨਿਲ ਰਾਮ ਹੱਥ ਵਿੱਚ ਤੇਜ਼ਧਾਰ ਹਥਿਆਰ (ਚੋਪਰ) ਲੈ ਕੇ ਉੱਥੇ ਪਹੁੰਚ ਗਿਆ। ਜਦੋਂ ਜਸਪ੍ਰੀਤ ਸਿੰਘ ਅਤੇ ਉਸ ਦੇ ਦੋਸਤ ਨੇ ਅਨਿਲ ਰਾਮ ਨੂੰ ਸਮਝਾਉਣ ਅਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਤੈਸ਼ ਵਿੱਚ ਆ ਗਿਆ ਅਤੇ ਗਾਲੀ-ਗਲੋਚ ਕਰਨ ਲੱਗ ਪਿਆ। ਘਰੋਂ ਬਾਹਰ ਆਉਂਦੇ ਹੀ ਅਨਿਲ ਰਾਮ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਜਸਪ੍ਰੀਤ ਦੇ ਸਿਰ 'ਤੇ ਚੋਪਰ ਨਾਲ ਹਮਲਾ ਕਰ ਦਿੱਤਾ, ਜੋ ਉਸ ਦੇ ਸਿਰ ਦੇ ਖੱਬੇ ਪਾਸੇ ਜਾ ਲੱਗਾ।
ਹਮਲੇ ਤੋਂ ਬਾਅਦ ਜਦੋਂ ਪੀੜਤ ਅਤੇ ਉਸ ਦੇ ਦੋਸਤ ਨੇ ਸ਼ੋਰ ਮਚਾਇਆ ਤਾਂ ਇਕੱਠੇ ਹੋ ਰਹੇ ਮੁਹੱਲਾ ਵਾਸੀਆਂ ਨੂੰ ਦੇਖ ਕੇ ਹਮਲਾਵਰ ਅਨਿਲ ਰਾਮ ਹਥਿਆਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਖ਼ੂਨ ਨਾਲ ਲੱਥਪੱਥ ਹੋਏ ਜਸਪ੍ਰੀਤ ਸਿੰਘ ਨੂੰ ਉਸ ਦੇ ਦੋਸਤ ਨੇ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖ਼ਲ ਕਰਵਾਇਆ, ਜਿੱਥੇ ਉਹ ਜ਼ੇਰੇ ਇਲਾਜ ਹੈ।
ਥਾਣਾ ਸਿਟੀ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਨਿਲ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਹਥਿਆਰ ਬਰਾਮਦ ਕਰਨ ਲਈ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।