ਬਿਨਾਂ ਲਾਇਸੈਂਸ ਨਾਜਾਇਜ਼ ਚੱਲ ਰਿਹਾ ਸੀ ਇੱਟਾਂ ਦਾ ਭੱਠਾ: ਪੁਲਿਸ ਵੱਲੋਂ ਮਾਲਕ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਮੁਕੱਦਮਾ ਦਰਜ
ਪੁਲਿਸ ਮੁਤਾਬਕ ਇਹ ਕਾਰਵਾਈ ਮਾਈਨਿੰਗ ਵਿਭਾਗ ਦੇ ਹੁਸ਼ਿਆਰਪੁਰ ਸਬ-ਡਵੀਜ਼ਨ ਅਧੀਨ ਆਉਂਦੇ ਨਸਰਾਲਾ ਚੋਅ ਦੇ ਇੰਸਪੈਕਟਰ ਮਨਜਿੰਦਰ ਸਿੰਘ ਵੱਲੋਂ ਭੇਜੇ ਗਏ ਸਰਕਾਰੀ ਪੱਤਰ ਦੇ ਆਧਾਰ 'ਤੇ ਕੀਤੀ ਗਈ ਹੈ।
Publish Date: Wed, 27 May 2026 12:53 PM (IST)
Updated Date: Wed, 27 May 2026 12:56 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪਿੰਡ ਬਸੀ ਹਸਤ ਖ਼ਾਂ ਵਿਖੇ ਬਿਨਾਂ ਲਾਇਸੈਂਸ ਕਥਿਤ ਤੌਰ 'ਤੇ ਗ਼ੈਰ-ਕਾਨੂੰਨੀ ਢੰਗ ਨਾਲ ਇੱਟਾਂ ਦਾ ਭੱਠਾ ਚਲਾਉਣ ਦੇ ਦੋਸ਼ ਹੇਠ ਥਾਣਾ ਸਦਰ ਹੁਸ਼ਿਆਰਪੁਰ ਦੀ ਪੁਲਿਸ ਨੇ ਇੱਕ ਭੱਠਾ ਮਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਨਾਮਜ਼ਦ ਕੀਤੇ ਗਏ ਮੁਲਜ਼ਮ ਦੀ ਪਛਾਣ ਜਸਪਾਲ ਗੁਪਤਾ ਪੁੱਤਰ ਹੰਸ ਰਾਜ ਗੁਪਤਾ ਵਾਸੀ ਸ਼ਾਲੀਮਾਰ ਨਗਰ, ਹੁਸ਼ਿਆਰਪੁਰ ਵਜੋਂ ਹੋਈ ਹੈ, ਜੋ ਕਿ 'ਬਿੱਲਾ ਬ੍ਰਿਕਸਨਾਮ ਦੇ ਭੱਠੇ ਦਾ ਮਾਲਕ ਦੱਸਿਆ ਜਾ ਰਿਹਾ ਹੈ। ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।
ਮਾਈਨਿੰਗ ਵਿਭਾਗ ਦੀ ਚੈਕਿੰਗ ਦੌਰਾਨ ਖੁੱਲ੍ਹਿਆ ਭੇਤ
ਪੁਲਿਸ ਮੁਤਾਬਕ ਇਹ ਕਾਰਵਾਈ ਮਾਈਨਿੰਗ ਵਿਭਾਗ ਦੇ ਹੁਸ਼ਿਆਰਪੁਰ ਸਬ-ਡਵੀਜ਼ਨ ਅਧੀਨ ਆਉਂਦੇ ਨਸਰਾਲਾ ਚੋਅ ਦੇ ਇੰਸਪੈਕਟਰ ਮਨਜਿੰਦਰ ਸਿੰਘ ਵੱਲੋਂ ਭੇਜੇ ਗਏ ਸਰਕਾਰੀ ਪੱਤਰ ਦੇ ਆਧਾਰ 'ਤੇ ਕੀਤੀ ਗਈ ਹੈ। ਪੱਤਰ ਅਨੁਸਾਰ ਬੀਤੀ 25 ਮਈ ਨੂੰ ਬਾਅਦ ਦੁਪਹਿਰ ਮਾਈਨਿੰਗ ਇੰਸਪੈਕਟਰ ਵੱਲੋਂ ਪਿੰਡ ਬਸੀ ਹਸਤ ਖ਼ਾਂ ਵਿਖੇ ਸਥਿਤ 'ਬਿੱਲਾ ਬ੍ਰਿਕਸ' ਭੱਠੇ ਦਾ ਅਚਨਚੇਤ ਮੁਆਇਨਾ ਕੀਤਾ ਗਿਆ। ਚੈਕਿੰਗ ਦੌਰਾਨ ਮੌਕੇ 'ਤੇ ਭੱਠਾ ਚਾਲੂ ਹਾਲਤ ਵਿੱਚ ਪਾਇਆ ਗਿਆ। ਦੋਸ਼ ਹੈ ਕਿ ਜਦੋਂ ਭੱਠਾ ਪ੍ਰਬੰਧਕਾਂ ਕੋਲੋਂ ਲਾਇਸੈਂਸ ਦੀ ਕਾਪੀ ਜਾਂ ਉਸ ਨੂੰ ਰੀਨਿਊ ਕਰਵਾਉਣ ਦੇ ਦਸਤਾਵੇਜ਼ ਮੰਗੇ ਗਏ, ਤਾਂ ਉਹ ਕੋਈ ਵੀ ਜਾਇਜ਼ ਕਾਗਜ਼ਾਤ ਮੁਹੱਈਆ ਨਹੀਂ ਕਰਵਾ ਸਕੇ।"
ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ
ਲਾਇਸੈਂਸ ਨਾ ਹੋਣ ਕਾਰਨ ਵਿਭਾਗ ਵੱਲੋਂ ਇਹ ਮੰਨਿਆ ਗਿਆ ਕਿ ਉਕਤ ਭੱਠਾ ਮਾਲਕ ਵੱਲੋਂ ਕਥਿਤ ਤੌਰ 'ਤੇ ਨਾਜਾਇਜ਼ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਮਾਈਨਿੰਗ ਨਿਯਮਾਂ ਦੀ ਉਲੰਘਣਾ ਕਰਕੇ ਭੱਠਾ ਚਲਾਇਆ ਜਾ ਰਿਹਾ ਸੀ।
ਇੰਸਪੈਕਟਰ ਵੱਲੋਂ ਭੇਜੀ ਗਈ ਰਿਪੋਰਟ 'ਤੇ ਕਾਰਵਾਈ ਕਰਦਿਆਂ ਥਾਣਾ ਸਦਰ ਹੁਸ਼ਿਆਰਪੁਰ ਨੇ ਭੱਠਾ ਮਾਲਕ ਜਸਪਾਲ ਗੁਪਤਾ ਖ਼ਿਲਾਫ਼ ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ, 1957ਦੀ ਧਾਰਾ 21 (1) ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।