ਐਸਐਸਪੀ ਮਲਿਕ ਨੇ ਖੁਲਾਸਾ ਕੀਤਾ ਕਿ ਮੁੱਖ ਦੋਸ਼ੀ ਗੁਰਕੀਰਤ ਸਿੰਘ 2023 ਵਿੱਚ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਗਿਆ ਸੀ ਅਤੇ 2025 ਵਿੱਚ ਉੱਥੋਂ ਡਿਪੋਰਟ ਹੋ ਕੇ ਵਾਪਸ ਭਾਰਤ ਆਇਆ ਸੀ। ਅਮਰੀਕਾ ਵਿੱਚ ਰਹਿੰਦੇ ਸਮੇਂ ਉਹ ਐਸ.ਐਫ.ਜੇ. ਨਾਲ ਜੁੜੇ ਮੈਂਬਰਾਂ ਦੇ ਸੰਪਰਕ ਵਿੱਚ ਆ ਗਿਆ ਸੀ।
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਪੁਲਿਸ ਨੇ ਪਿੰਡ ਨੂਰਪੁਰ ਜੱਟਾਂ ਵਿਖੇ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਦੇ ਮੁਤਾਬਕ ਇਸ ਸੰਵੇਦਨਸ਼ੀਲ ਘਟਨਾ ਦੇ ਤਾਰ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ (ਐਸ.ਐਫ.ਜੇ.) ਅਤੇ ਉਸਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨਾਲ ਜੁੜਦੇ ਸਾਹਮਣੇ ਆਏ ਹਨ।
ਘਟਨਾ ਦਾ ਵੇਰਵਾ
ਸੀਨੀਅਰ ਪੁਲਿਸ ਕਪਤਾਨ ਸੰਦੀਪ ਕੁਮਾਰ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 30 ਅਤੇ 31 ਮਾਰਚ 2026 ਦੀ ਦਰਮਿਆਨੀ ਰਾਤ ਨੂੰ ਪਿੰਡ ਨੂਰਪੁਰ ਜੱਟਾਂ ਵਿਖੇ ਨਹਿਰ ਦੇ ਕੋਲ ਇੱਕ ਕਮਰੇ ਦੀ ਛੱਤ ‘ਤੇ ਲਗੇ ਡਾ. ਅੰਬੇਡਕਰ ਦੇ ਬੁੱਤ ਨਾਲ ਭੰਨ-ਤੋੜ ਕਰਕੇ ਬੇਅਦਬੀ ਕੀਤੀ ਗਈ ਸੀ। ਇਸ ਮਾਮਲੇ ਸਬੰਧੀ ਥਾਣਾ ਮਾਹਿਲਪੁਰ ਵਿੱਚ ਮੁਕੱਦਮਾ ਨੰਬਰ 66 ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਹੇਠ ਦਰਜ ਕੀਤਾ ਗਿਆ ਸੀ।
ਪੁਲਿਸ ਕਾਰਵਾਈ ਅਤੇ ਜਾਂਚ
ਐਸਐਸਪੀ ਮਲਿਕ ਨੇ ਦੱਸਿਆ ਕਿ ਇਸ ਅੰਨ੍ਹੇ ਕੇਸ ਨੂੰ ਸੁਲਝਾਉਣ ਲਈ ਐਸ.ਪੀ. (ਡੀ) ਡਾ. ਮਨਪ੍ਰੀਤ ਸ਼ਿੰਮਾਰ ਦੀ ਅਗਵਾਈ ਹੇਠ ਖ਼ਾਸ ਟੀਮਾਂ ਗਠਿਤ ਕੀਤੀਆਂ ਗਈਆਂ। ਟੀਮਾਂ ਨੇ ਤਕਨੀਕੀ ਅਤੇ ਮਨੁੱਖੀ ਇੰਟੈਲੀਜੈਂਸ ਦੀ ਮਦਦ ਨਾਲ ਵੱਖ-ਵੱਖ ਪੱਖਾਂ ਤੋਂ ਜਾਂਚ ਕਰਕੇ ਦੋਸ਼ੀਆਂ ਤੱਕ ਪਹੁੰਚ ਬਣਾਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਵਾਰਦਾਤ ਵਿਦੇਸ਼ਾਂ ਵਿੱਚ ਬੈਠੇ ਤੱਤਾਂ ਦੇ ਇਸ਼ਾਰੇ ‘ਤੇ ਪੈਸਿਆਂ ਦੇ ਲਾਲਚ ਵਿੱਚ ਕਥਿਤ ਤੌਰ ’ਤੇ ਕੀਤੀ ਗਈ ਸੀ।
ਪੁਲਿਸ ਮੁਤਾਬਕ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕ ਆਲਟੋ ਕੇ-10 ਕਾਰ ਦੀ ਵਰਤੋਂ ਕੀਤੀ ਗਈ ਸੀ। ਮੁੱਢਲੀ ਪੁੱਛਗਿੱਛ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਸਾਰੀ ਸਾਜ਼ਿਸ਼ ਦੇ ਪਿੱਛੇ ਕਥਿਤ ਤੌਰ ’ਤੇ ਐਸ.ਐਫ.ਜੇ. ਨਾਲ ਜੁੜੇ ਗੁਰਪਤਵੰਤ ਸਿੰਘ ਪੰਨੂ ਦੀ ਭੂਮਿਕਾ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਦਾ ਵੇਰਵਾ
ਐਸਐਸਪੀ ਨੇ ਦੱਸਿਆ ਕਿ ਜਾਂਚ ਦੌਰਾਨ ਗੁਰਕੀਰਤ ਸਿੰਘ (26) ਪੁੱਤਰ ਅਵਤਾਰ ਸਿੰਘ ਵਾਸੀ ਬਾੜੀਆਂ ਕਲਾਂ, ਥਾਣਾ ਚੱਬੇਵਾਲ ਮੁੱਖ ਸ਼ੱਕੀ ਵਜੋਂ ਸਾਹਮਣੇ ਆਇਆ। ਉਸ ਦੀ ਪੁੱਛਗਿੱਛ ਦੌਰਾਨ ਹੋਰ ਦੋ ਸਾਥੀਆਂ ਦੇ ਨਾਮ ਸਾਹਮਣੇ ਆਏ, ਜਿਨ੍ਹਾਂ ਦੀ ਪਛਾਣ ਬਬਨਦੀਪ ਸਿੰਘ (20) ਪੁੱਤਰ ਰਵਿੰਦਰ ਸਿੰਘ ਅਤੇ ਸਾਹਿਲਪ੍ਰੀਤ ਸਿੰਘ (22) ਪੁੱਤਰ ਤਲਵਿੰਦਰ ਸਿੰਘ ਵਜੋਂ ਹੋਈ, ਜੋ ਦੋਵੇਂ ਜ਼ਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਦੇ ਵਸਨੀਕ ਹਨ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵਿਦੇਸ਼ੀ ਲਿੰਕ ਅਤੇ ਪੈਸਿਆਂ ਦਾ ਲਾਲਚ
ਐਸਐਸਪੀ ਮਲਿਕ ਨੇ ਖੁਲਾਸਾ ਕੀਤਾ ਕਿ ਮੁੱਖ ਦੋਸ਼ੀ ਗੁਰਕੀਰਤ ਸਿੰਘ 2023 ਵਿੱਚ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਗਿਆ ਸੀ ਅਤੇ 2025 ਵਿੱਚ ਉੱਥੋਂ ਡਿਪੋਰਟ ਹੋ ਕੇ ਵਾਪਸ ਭਾਰਤ ਆਇਆ ਸੀ। ਅਮਰੀਕਾ ਵਿੱਚ ਰਹਿੰਦੇ ਸਮੇਂ ਉਹ ਐਸ.ਐਫ.ਜੇ. ਨਾਲ ਜੁੜੇ ਮੈਂਬਰਾਂ ਦੇ ਸੰਪਰਕ ਵਿੱਚ ਆ ਗਿਆ ਸੀ। ਵਾਪਸ ਆਉਣ ਤੋਂ ਬਾਅਦ ਵੀ ਉਹ ਉਨ੍ਹਾਂ ਦੇ ਸੰਪਰਕ ਵਿੱਚ ਰਿਹਾ ਅਤੇ ਉਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਸਨੂੰ ਕਥਿਤ ਤੌਰ ’ਤੇ ਉਕਸਾਇਆ ਗਿਆ। ਪੁਲਿਸ ਮੁਤਾਬਕ ਦੋਸ਼ੀਆਂ ਨੂੰ ਇਸ ਕੰਮ ਲਈ ਕਰੀਬ ਕਥਿਤ ਤੌਰ ’ਤੇ 50 ਹਜ਼ਾਰ ਰੁਪਏ ਦੀ ਰਕਮ ਵੀ ਦਿੱਤੀ ਗਈ।
ਬਰਾਮਦਗੀ ਅਤੇ ਅੱਗੇ ਦੀ ਜਾਂਚ
ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਲੋਹੇ ਦੀ ਰਾਡ, ਕਾਰ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਐਸਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੋਰ ਵੀ ਵਿਦੇਸ਼ ਬੈਠੇ ਸਾਜ਼ਿਸ਼ਕਾਰਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਐਕਸਟ੍ਰਾਡੀਸ਼ਨ ਪ੍ਰਕਿਰਿਆ ਨੂੰ ਵੀ ਤੇਜ਼ ਕਰਨ ਲਈ ਹੈੱਡਕੁਆਰਟਰ ਪੱਧਰ ‘ਤੇ ਬਣੇ ਸੈੱਲ ਨਾਲ ਸੰਪਰਕ ਕੀਤਾ ਗਿਆ ਹੈ।
ਨੌਜਵਾਨਾਂ ਲਈ ਅਪੀਲ
ਐਸਐਸਪੀ ਮਲਿਕ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਦੇ ਗਲਤ ਅਤੇ ਭੜਕਾਊ ਤੱਤਾਂ ਤੋਂ ਦੂਰ ਰਹਿਣ ਅਤੇ ਮੁੱਖ ਧਾਰਾ ਵਿੱਚ ਰਹਿ ਕੇ ਪੜ੍ਹਾਈ ਅਤੇ ਖੇਡਾਂ ‘ਤੇ ਧਿਆਨ ਦੇਣ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਤੱਤ ਨੌਜਵਾਨਾਂ ਨੂੰ ਗੁਮਰਾਹ ਕਰਕੇ ਅਜਿਹੀਆਂ ਘਟਨਾਵਾਂ ਕਰਵਾਉਂਦੇ ਹਨ, ਜਦਕਿ ਅੰਜਾਮ ਭੁਗਤਣਾ ਇਥੇ ਦੇ ਨੌਜਵਾਨਾਂ ਨੂੰ ਹੀ ਪੈਂਦਾ ਹੈ।