ਦੇਸ਼ ਦੇ ਸਿਖ਼ਰਲੇ ਪਿੰਡਾਂ ’ਚ ਸ਼ੁਮਾਰ ਹੈ ਪੰਜਾਬ ਦਾ ‘ਨਵਾਂ ਪਿੰਡ ਸਰਦਾਰਾਂ’, 750 ਪਿੰਡਾਂ ਨੂੰ ਪਛਾੜ ਕੇ ਹਾਸਲ ਕੀਤਾ ਸਰਬੋਤਮ ਐਵਾਰਡ
ਸ਼ਹਿਰ ਦੇ ਭੀੜ-ਭੜੱਕੇ ਤੋਂ ਦੂਰ ਨਹਿਰ ਦੇ ਕੰਢੇ ਪੇਂਡੂ ਸੱਭਿਆਚਾਰ ਇੱਥੇ ਦੇਖਿਆ ਜਾ ਸਕਦਾ ਹੈ। ਜਦੋਂ ਵੀ ਕੋਈ ਵਿਦੇਸ਼ੀ ਸੈਲਾਨੀ ਰੁਕਣ ਆਉਂਦਾ ਹੈ ਤਾਂ ਪਿੰਡ ਦੇ ਲੋਕ ਉਸ ਦੀ ਪੂਰੀ ਮਹਿਮਾਨ-ਨਿਵਾਜੀ ਕਰਦੇ ਹਨ। ਲੋਕ ਸਭਾ ਚੋਣ ਲੜਨ ਸਮੇਂ ਸੰਨੀ ਦਿਓਲ ਨੇ ਨਵਾਂ ਪਿੰਡ ਸਰਦਾਰਾਂ ਦੀ ਇਸ ਹਵੇਲੀ ਵਿੱਚ ਆਪਣੀ ਰਿਹਾਇਸ਼ ਰੱਖੀ ਸੀ। ਇਸ ਤੋਂ ਇਲਾਵਾ ਇੱਥੇ ਕਈ ਫ਼ਿਲਮਾਂ ਅਤੇ ਵੀਡੀਓ ਐਲਬਮ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ।
Publish Date: Wed, 10 Dec 2025 10:44 AM (IST)
Updated Date: Wed, 10 Dec 2025 11:36 AM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਅਜਿਹਾ ਪਿੰਡ ਵੀ ਹੈ ਜਿਸ ਨੂੰ ਦੇਸ਼ ਦੇ ਸਿਖਰਲੇ ਪਿੰਡਾਂ ਵਿੱਚ ਸ਼ੁਮਾਰ ਹੋਣ ਦਾ ਮਾਣ ਹਾਸਲ ਹੈ। ਗੁਰਦਾਸਪੁਰ ਦੇ ਪ੍ਰਸਿੱਧ ਪਿੰਡ ‘ਨਵਾਂ ਪਿੰਡ ਸਰਦਾਰਾਂ’ ਨੇ ਸਤੰਬਰ 2023 ਵਿੱਚ ਉਸ ਸਮੇਂ ਇਤਿਹਾਸ ਸਿਰਜ ਦਿੱਤਾ ਸੀ ਜਦੋਂ ਕੇਂਦਰੀ ਸੈਰ ਸਪਾਟਾ ਮੰਤਰਾਲੇ ਵੱਲੋਂ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਉਸ ਨੂੰ ਦੇਸ਼ ਦਾ ਸਰਬੋਤਮ ਸੈਰ ਸਪਾਟਾ ਪਿੰਡ-2023 ਦੇ ਐਵਾਰਡ ਨਾਲ ਨਿਵਾਜਿਆ ਗਿਆ।
ਇਹ ਐਵਾਰਡ ਜ਼ਿਲ੍ਹਾ ਗੁਰਦਾਸਪੁਰ ਦੇ ਇਸ ਸਮੇਂ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਹਾਸਲ ਕੀਤਾ ਸੀ। ਗੁਰਦਾਸਪੁਰ ਤੋਂ ਸਿਰਫ਼ 7 ਕਿਲੋਮੀਟਰ ਦੂਰ ਇਸ ਪਿੰਡ ਨੂੰ ਸੈਰ ਸਪਾਟੇ ਰਾਹੀਂ ਪੰਜਾਬ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ, ਸੰਭਾਲਣ ਅਤੇ ਟਿਕਾਊ ਵਿਕਾਸ ਲਈ ਇਸ ਮਾਣਮੱਤੇ ਪੁਰਸਕਾਰ ਲਈ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਇਸ ਐਵਾਰਡ ਵਾਸਤੇ ਹੋਣ ਵਾਲੇ ਮੁਕਾਬਲੇ ਲਈ ਦੇਸ਼ ਦੇ 31 ਰਾਜਾਂ/ਯੂਟੀ ਦੇ 750 ਤੋਂ ਵੱਧ ਪਿੰਡਾਂ ਨੇ ਅਰਜ਼ੀਆਂ ਦਿੱਤੀਆਂ ਸਨ।
ਪਿੰਡ ਦੀ ਖਾਸੀਅਤ ਬਾਰੇ ਗੱਲ ਕਰੀਏ ਤਾਂ ਵਿਰਸੇ ਨੂੰ ਸੰਭਾਲਣ ਅਤੇ ਇਸ ਨੂੰ ਸੈਰ ਸਪਾਟੇ ਦੇ ਨਕਸ਼ੇ ’ਤੇ ਲਿਆਉਣ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਮਿਸਾਲ ਜ਼ਿਲ੍ਹਾ ਗੁਰਦਾਸਪੁਰ ਦੇ ਅਪਰਬਾਰੀ ਨਹਿਰ ਦੇ ਕੰਢੇ ਵਸੇ ਪਿੰਡ ਨਵਾਂ ਪਿੰਡ ਸਰਦਾਰਾਂ ਵਿੱਚ ਦੇਖਣ ਨੂੰ ਮਿਲਦੀ ਹੈ। ਅੰਗਰੇਜ਼ਾਂ ਦੇ ਰਾਜ ਦੌਰਾਨ ਬੱਬੇਹਾਲੀ ਤੋਂ ਥੋੜ੍ਹੀ ਦੂਰ ਨਹਿਰ ਦੇ ਕੰਢੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਿੰਘਪੁਰਾ ਦੇ ਸਰਦਾਰਾਂ ਵੱਲੋਂ ਵਸਾਏ ਪਿੰਡ ਦਾ ਨਾਂ ਨਵਾਂ ਪਿੰਡ ਸਰਦਾਰਾਂ ਪੈ ਗਿਆ ਸੀ।
ਉਸ ਸਮੇਂ ਇੱਥੇ ਬਰਤਾਨਵੀ ਅਤੇ ਭਾਰਤੀ ਡਿਜ਼ਾਈਨ ਦੀਆਂ ਹਵੇਲੀਆਂ ਬਣੀਆਂ ਸਨ। ਅੱਜ ਵੀ ਇੱਥੇ ਸਿੰਘਪੁਰਾ ਦੇ ਸਰਦਾਰਾਂ ਦੇ ਪਰਿਵਾਰ ਰਹਿੰਦੇ ਹਨ। ਪਿੰਡ ਆਬਾਦੀ ਪੱਖੋਂ ਛੋਟਾ ਹੋਣ ਦੇ ਬਾਵਜੂਦ ਵਿਰਾਸਤ ਨੂੰ ਸੰਭਾਲਣ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਮਾਮਲੇ ਵਿੱਚ ਵੱਡੇ ਪਿੰਡਾਂ ਵਿੱਚ ਗਿਣਿਆ ਜਾਂਦਾ ਹੈ।
ਭਾਰਤੀ ਫੌਜ ਦੇ ਪਾਇਲਟ ਗੁਰਪ੍ਰੀਤ ਸਿੰਘ ਸੰਘਾ, ਉਨ੍ਹਾਂ ਦੀ ਪਤਨੀ ਸਤਵੰਤ ਕੌਰ, ਉਨ੍ਹਾਂ ਦੀ ਬੇਟੀ ਸਿਮਰਨ ਸੰਘਾ, ਗੁਰਮੀਤ ਰਾਏ, ਮਨਪ੍ਰੀਤ ਸੰਘਾ, ਗੀਤਾ ਸੰਘਾ ਅਤੇ ਨੂਰ ਸੰਘਾ ਨੇ ਨਵਾਂ ਪਿੰਡ ਸਰਦਾਰਾਂ ਨੂੰ ਸੈਰ-ਸਪਾਟੇ ਦੇ ਨਕਸ਼ੇ ’ਤੇ ਲਿਆਉਣ ਲਈ ਅਹਿਮ ਯੋਗਦਾਨ ਪਾਇਆ ਹੈ। ਲਗਪਗ ਦੋ ਦਹਾਕੇ ਪਹਿਲਾਂ ਇਨ੍ਹਾਂ ਭੈਣਾਂ ਨੇ ਵਿਰਾਸਤੀ ਹਵੇਲੀਆਂ ਦਾ ਪ੍ਰਬੰਧਨ ਕਰਨਾ ਸ਼ੁਰੂ ਕੀਤਾ ਅਤੇ ਸੈਰ-ਸਪਾਟਾ ਵਿਭਾਗ ਨਾਲ ਤਾਲਮੇਲ ਕਰ ਕੇ ਪਿੰਡ ਨੂੰ ਪੇਂਡੂ ਸੈਰ-ਸਪਾਟਾ ਸਥਾਨ ਵਜੋਂ ਪ੍ਰਫੁੱਲਤ ਕੀਤਾ। ਪਿੰਡ ਵਿੱਚ ਅੰਗਰੇਜ਼ਾਂ ਦੇ ਸਮੇਂ ਦੇ ਸਰਦਾਰਾਂ ਦੀਆਂ ਹਵੇਲੀਆਂ ਸੈਲਾਨੀਆਂ ਦੀ ਰਿਹਾਇਸ਼ ਲਈ ਵਿਕਸਤ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਇੱਕ ਹਵੇਲੀ ਦਾ ਨਾਂ ਦਾ ਕੋਠੀ ਅਤੇ ਦੂਜੀ ਦਾ ਨਾਂ ਪਿੱਪਲ ਹਵੇਲੀ ਹੈ।
ਸੰਨੀ ਦਿਓਲ ਵੀ ਰਿਹ ਚੁੱਕੇ ਨੇ ਇਸ ਹਵੇਲੀ ’ਚ
ਜਦੋਂ ਸੈਲਾਨੀਆਂ ਤੋਂ ਆਮਦਨੀ ਆਉਣ ਲੱਗੀ ਤਾਂ ਇਨ੍ਹਾਂ ਭੈਣਾਂ ਨੇ ਆਪਣੀਆਂ ਕੋਠੀਆਂ ਵਿੱਚ ਸਹੂਲਤਾਂ ਵਧਾ ਦਿੱਤੀਆਂ। ਇਨ੍ਹਾਂ ਹਵੇਲੀਆਂ ਦੇ ਕਮਰੇ ਕਿਸੇ ਫਾਈਵ ਸਟਾਰ ਹੋਟਲ ਦੇ ਕਮਰਿਆਂ ਤੋਂ ਘੱਟ ਨਹੀਂ ਹਨ। ਸ਼ਹਿਰ ਦੇ ਭੀੜ-ਭੜੱਕੇ ਤੋਂ ਦੂਰ ਨਹਿਰ ਦੇ ਕੰਢੇ ਪੇਂਡੂ ਸੱਭਿਆਚਾਰ ਇੱਥੇ ਦੇਖਿਆ ਜਾ ਸਕਦਾ ਹੈ। ਜਦੋਂ ਵੀ ਕੋਈ ਵਿਦੇਸ਼ੀ ਸੈਲਾਨੀ ਰੁਕਣ ਆਉਂਦਾ ਹੈ ਤਾਂ ਪਿੰਡ ਦੇ ਲੋਕ ਉਸ ਦੀ ਪੂਰੀ ਮਹਿਮਾਨ-ਨਿਵਾਜੀ ਕਰਦੇ ਹਨ। ਲੋਕ ਸਭਾ ਚੋਣ ਲੜਨ ਸਮੇਂ ਸੰਨੀ ਦਿਓਲ ਨੇ ਨਵਾਂ ਪਿੰਡ ਸਰਦਾਰਾਂ ਦੀ ਇਸ ਹਵੇਲੀ ਵਿੱਚ ਆਪਣੀ ਰਿਹਾਇਸ਼ ਰੱਖੀ ਸੀ। ਇਸ ਤੋਂ ਇਲਾਵਾ ਇੱਥੇ ਕਈ ਫ਼ਿਲਮਾਂ ਅਤੇ ਵੀਡੀਓ ਐਲਬਮ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ।
ਸਵੈ-ਸਹਾਇਤਾ ਸਮੂਹ ਬਣਾਏ
ਸੰਘਾ ਭੈਣਾਂ ਨੇ ਪਿੰਡ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਔਰਤਾਂ ਦੇ ਸਵੈ-ਸਹਾਇਤਾ ਗਰੁੱਪ ਬਣਾਏ ਜੋ ਦਸਤਕਾਰੀ ਦੀਆਂ ਵਸਤੂਆਂ ਤਿਆਰ ਕਰਦੇ ਸਨ। ਪਿੰਡ ਦੀਆਂ ਔਰਤਾਂ ਵੀ ਪ੍ਰਦਰਸ਼ਨੀਆਂ ਵਿੱਚ ਸਾਮਾਨ ਵੇਚ ਕੇ ਆਮਦਨ ਕਮਾ ਰਹੀਆਂ ਹਨ। ਸਿਮਰਨ ਸੰਘਾ ਨੇ ਹਵੇਲੀ ਦੇ ਨਾਲ-ਨਾਲ ਬੱਕਰੀ ਪਾਲਣ ਫਾਰਮ ਵੀ ਸ਼ੁਰੂ ਕੀਤਾ ਹੋਇਆ ਹੈ ਜਿੱਥੇ ਪਿੰਡ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ।