ਐਸਪੀ ਇਨਵੈਸਟੀਗੇਸ਼ਨ ਬਲਜੀਤ ਸਿੰਘ ਅਤੇ ਡੀਐੱਸਪੀ ਸੁਖਵਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਟਰੈਕ ਤੋਂ ਉਠ ਜਾਣ ਤਾਂ ਜੋ ਦੂਰੋਂ ਨੇੜਿਓਂ ਰੇਲ ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਪਰ ਕਿਸਾਨ ਆਪਣੀ ਕਾਲ 'ਤੇ ਅੜੇ ਰਹੇ।

ਅੰਗਰੇਜ਼ ਭੁੱਲਰ , ਪੰਜਾਬੀ ਜਾਗਰਣ ਫ਼ਿਰੋਜ਼ਪੁਰ ; ਕਿਸਾਨ ਜਥੇਬੰਦੀਆਂ ਵਲੋਂ 5 ਦਸੰਬਰ ਨੂੰ ਰੇਲ ਟਰੈਕਾਂ ‘ ਤੇ ਦੋ ਘੰਟੇ ਧਰਨਾ ਦੇਣ ਦੀ ਦਿੱਤੀ ਕਾਲ ‘ ਤੇ ਅਮਲ ਕਰਦਿਆਂ ਸ਼ੁੱਕਰਵਾਰ ਨੂੰ ਫ਼ਿਰੋਜ਼ਪੁਰ ਦੀ ਬਸਤੀ ਟੈਂਕਾਂ ਵਾਲੀ ਆਰ ਓ ਬੀ ਦੇ ਕੋਲ ਰੇਲ ਟਰੈਕ ਮੱਲ ਕੇ ਦੋ ਘੰਟੇ ਤੱਕ ਪ੍ਰਦਰਸ਼ਨ ਕੀਤਾ। ਕਿਸਾਨਾਂ ਵੱਲੋਂ ਰੇਲ ਪਟੜੀਆਂ ਤੇ ਬੈਠਦਿਆਂ ਹੀ ਰੇਲਵੇ ਪੁਲਿਸ ਅਤੇ ਜ਼ਿਲਾ ਪੁਲਿਸ ਵੱਲੋਂ ਕਿਸਾਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਗਿਣਤੀ ਵਿੱਚ ਜ਼ਿਆਦਾ ਹੋਣ ਕਾਰਨ ਪੁਲਿਸ ਦੀ ਬੇਨਤੀ ਪ੍ਰਵਾਨ ਨਹੀਂ ਹੋਈ ।ਇਸ ਮੌਕੇ ਐਸਪੀ ਇਨਵੈਸਟੀਗੇਸ਼ਨ ਬਲਜੀਤ ਸਿੰਘ ਅਤੇ ਡੀਐੱਸਪੀ ਸੁਖਵਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਟਰੈਕ ਤੋਂ ਉਠ ਜਾਣ ਤਾਂ ਜੋ ਦੂਰੋਂ ਨੇੜਿਓਂ ਰੇਲ ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਪਰ ਕਿਸਾਨ ਆਪਣੀ ਕਾਲ 'ਤੇ ਅੜੇ ਰਹੇ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਆਗੂ ਇੰਦਰਜੀਤ ਸਿੰਘ ਤੇ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੱਲ ਸ਼ਾਮ ਤੋਂ ਹੀ ਜਥੇਬੰਦੀ ਦੇ ਆਗੂਆਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਗਈ ਅਤੇ ਰੇਲਵੇ ਟਰੈਕ ਜਾਮ ਕਰਨ ਸਮੇਂ ਕਿਸਾਨਾਂ ਮਜ਼ਦੂਰਾਂ ‘ਤੇ ਡਾਂਗ ਸੋਟਾ ਤੇ ਧੱਕਾ ਮੁਕੀ ਕੀਤੀ ਗਈ ਅਤੇ ਕਈ ਆਗੂਆ ਨੂੰ ਗ੍ਰਿਫ਼ਤਾਰ ਕੀਤਾ ਗਿਆ, ਪਰ ਫਿਰ ਵੀ ਕਿਸਾਨ ਮਜ਼ਦੂਰ ਵੱਡੀ ਗਿਣਤੀ ਵਿਚ ਵਸਤੀ ਟੈਂਕਾ ਵਾਲੀ ਫਿਰੋਜ਼ਪੁਰ ਵਿਖੇ ਅਤੇ ਕੋਹਰ ਸਿੰਘ ਵਾਲੇ ਗੁਰੂ ਹਰਸਹਾਏ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਤੇ ਜੋਨ ਪ੍ਰਧਾਨ ਗੁਰਬਖ਼ਸ਼ ਸਿੰਘ ਦੀ ਅਗਵਾਈ ਹੇਠ ਰੇਲਾਂ ਚੱਕਾ ਜਾਮ ਕਰਨ ਵਿਚ ਕਾਮਯਾਬ ਰਹੇ। ਧਰਨੇ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਦਾ ਨਿੱਜੀਕਰਨ ਕਰਨ ਜਾ ਰਹੀ ਹੈ ਬਿਜਲੀ ਸੋਧ ਬਿਲ 2025 ਬਿਲ ਦਾ ਖਰੜਾ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਪਰ ਬਿਜਲੀ ਰਾਜਾਂ ਦਾ ਵਿਸ਼ਾ ਹੈ ਪਰ ਪੰਜਾਬ ਸਰਕਾਰ ਵਲੋਂ ਇਸ ‘ ਤੇ ਚੁੱਪੀ ਧਾਰੀ ਹੋਈ ਹੈ। ਕਿਸਾਨ ਆਗੂਆਂ ਵਲੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਦਬਾਅ ਵਿੱਚੋਂ ਬਾਹਰ ਆਵੇ ਅਤੇ ਵਿਧਾਨ ਸਭਾ ਵਿਚ ਸੈਸ਼ਨ ਸੱਦ ਕੇ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਕੇਂਦਰ ਵੱਲੋਂ ਭੇਜੇ ਬਿਜਲੀ ਸੋਧ ਬਿਲ 2025 ਨੂੰ ਤਰੁੰਤ ਰਦ ਕਰੇ। ਜੇਕਰ ਬਿਜਲੀ ਅਦਾਰਾ ਪ੍ਰਾਈਵੇਟ ਹਥਾਂ ਵਿਚ ਜਾਂਦਾ ਹੈ ਤਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਵੇਗੀ ਬਿਜਲੀ ਲੋਕਾਂ ਦੀਆਂ ਜੇਬਾਂ ‘ ਤੇ ਵੱਡਾ ਡਾਕਾ ਹੋਵੇਗਾ। ਐਲਾਨ ਮੁਤਾਬਕ 10 ਤਰੀਕ ਨੂੰ ਬਿਜਲੀ ਸਬ ਡਿਵੀਜ਼ਨ ਦੇ ਵਿਚ ਸਮਾਰਟ ਮੀਟਰ ਜਿਹੜੇ ਆਮ ਲੋਕ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਜਰੀਏ ਜਮਾਂ ਕਰਾਉਣਗੇ ਤੇ ਉਸ ਤੋਂ ਅੱਗੇ 17 ਦਸੰਬਰ ਨੂੰ ਕਿਸਾਨ ਮਜ਼ਦੂਰ ਮੋਰਚੇ ਦਾ ਐਲਾਨ ਆ ਕੇ ਮੁਤਾਬਿਕ ਪੰਜਾਬ ਦੇ ਵਿਚ ਬਿਜਲੀ ਸੋਧ ਬਿਲ ਜਾਂ ਹੋਰ ਮੰਗਾਂ ਦਾ ਹੱਲ ਨਹੀਂ ਕਰਦੇ ਤਾਂ 17 ਦਸੰਬਰ ਤੋਂ ਪੱਕੇ ਮੋਰਚੇ ਡੀਸੀ ਦਫਤਰਾਂ ਅੱਗੇ ਲਾਏ ਜਾਣਗੇ ਜਾਣਗੇ। ਇਸ ਮੌਕੇ ਕਿਸਾਨ ਆਗੂ ਨਰਿੰਦਰਪਾਲ ਸਿੰਘ, ਸੁਰਜੀਤ ਸਿੰਘ, ਅਵਤਾਰ ਸਿੰਘ, ਰਛਪਾਲ ਸਿੰਘ ਗੱਟਾ, ਮੰਗਲ ਸਿੰਘ, ਮੱਖਣ ਸਿੰਘ ਵਾੜਾ ਜਵਾਹਰ ਸਿੰਘ, ਗੁਰਦਿਆਲ ਸਿੰਘ, ਸਲਵਿੰਦਰ ਸਿੰਘ ਕੇਵਲ ਸਿੰਘ ਆਦਿ ਆਗੂ ਹਾਜ਼ਰ ਸਨ।