ਪੁਲਿਸ ਨੇ ਮੌਕੇ ਤੋਂ ਇਕ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਮਿਤੀ 15 ਨਵੰਬਰ 2025 ਨੂੰ ਫਿਰੋਜ਼ਪੁਰ ਸ਼ਹਿਰ ਵਿਚ ਵਾਪਰੇ ਸਨਸਨੀਖੇਜ਼ ਅੰਨ੍ਹੇ ਕਤਲ ਦੇ ਮਾਮਲੇ ਨੂੰ ਸਿਰਫ਼ ਚਾਰ ਦਿਨਾਂ ਵਿਚ ਹੀ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਸ਼ਾਮਲ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨਾਂ ਦੇ ਬਾਕੀ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ, ਫਿਰੋਜ਼ਪੁਰ: ਇਲਾਕੇ ਦੇ ਚਰਚਿਤ ਨਵੀਨ ਅਰੋੜਾ ਕਤਲਕਾਂਡ ਦਾ ਮਾਸਟਰਮਾਈਂਡ ਜਤਿਨ ਕਾਲੀ ਵੀਰਵਾਰ ਤੜਕੇ ਫਿਰੋਜ਼ਪੁਰ ਪੁਲਿਸ ਨਾਲ ਮੁਕਾਬਲੇ ਵਿਚ ਜ਼ਖ਼ਮੀ ਹੋ ਗਿਆ। ਇਸ ਦੌਰਾਨ ਜਿੱਥੇ ਜਤਿਨ ਵੱਲੋਂ ਚਲਾਈਆਂ ਤਿੰਨ ਗੋਲੀਆਂ ਪੁਲਿਸ ਜੀਪ ’ਤੇ ਵੱਜੀਆਂ ਤਾਂ ਪੁਲਿਸ ਵੱਲੋਂ ਕੀਤੇ ਜਵਾਬੀ ਫਾਇਰ ਦੌਰਾਨ ਇਕ ਗੋਲੀ ਜਤਿਨ ਦੀ ਲੱਤ ’ਤੇ ਵੱਜੀ। ਜਖ਼ਮੀ ਹਾਲਤ ਵਿਚ ਜਤਿਨ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਆਰਐਸਐਸ ਨੇਤਾ ਬਲਦੇਵ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦਾ ਬੀਤੇ ਦਿਨੀਂ ਸ਼ਹਿਰ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਲਗਾਤਾਰ ਕੰਮ ਕਰ ਰਹੀਆਂ ਪੁਲਿਸ ਟੀਮਾਂ ਵੱਲੋਂ ਬੁੱਧਵਾਰ ਨੂੰ ਕਤਲਕਾਂਡ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਦਕਿ ਮਾਸਟਰ ਮਾਈਂਡ ਜਤਿਨ ਕਾਲੀ ਸਮੇਤ ਤਿੰਨ ਲੋਕ ਅਜੇ ਪੁਲਿਸ ਦੀ ਪਹੁੰਚ ਤੋਂ ਬਾਹਰ ਸਨ। ਪੁਲਿਸ ਮੁਖੀ ਨੇ ਦੱਸਿਆ ਕਿ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਜਦੋਂ ਪੁਲਿਸ ਟੀਮਾਂ ਵੱਲੋਂ ਨਾਕੇਬੰਦੀ ਕੀਤੀ ਹੋਈ ਸੀ ਤਾਂ ਮੱਲਾਂਵਾਲਾ ਰੋਡ ’ਤੇ ਪਿੰਡ ਸੋਢੇ ਵਾਲਾ ਕੋਲ ਮੋਟਰਸਾਈਕਲ ’ਤੇ ਆ ਰਿਹਾ ਜਤਿਨ ਪੁਲਿਸ ਨਾਕਾ ਤੋੜ ਕੇ ਭੱਜ ਗਿਆ।ਇਸ ਦੌਰਾਨ ਪੁਲਿਸ ਟੀਮਾਂ ਵੱਲੋਂ ਪਿੱਛਾ ਕਰਨ ’ਤੇ ਜਤਿਨ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ ,ਪੁਲਿਸ ਵੱਲੋਂ ਜਵਾਬੀ ਫਾਇਰ ਕਰਨ ’ਤੇ ਇਕ ਗੋਲੀ ਜਤਿਨ ਦੀ ਲੱਤ ’ਤੇ ਵੱਜਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਮੁਖੀ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਪਿੰਡ ਬੱਧਣੀ ਦਾ ਰਹਿਣ ਵਾਲਾ ਜਤਿਨ ਬੀਤੇ ਲੰਮੇਂ ਸਮੇਂ ਤੋਂ ਸ਼ਹਿਰ ਦੀ ਭੱਟੀਆਂ ਵਾਲੀ ਬਸਤੀ ਵਿਚ ਰਹਿ ਰਿਹਾ ਸੀ। ਪੁਲਿਸ ਨੇ ਮੌਕੇ ਤੋਂ ਇਕ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਮਿਤੀ 15 ਨਵੰਬਰ 2025 ਨੂੰ ਫਿਰੋਜ਼ਪੁਰ ਸ਼ਹਿਰ ਵਿਚ ਵਾਪਰੇ ਸਨਸਨੀਖੇਜ਼ ਅੰਨ੍ਹੇ ਕਤਲ ਦੇ ਮਾਮਲੇ ਨੂੰ ਸਿਰਫ਼ ਚਾਰ ਦਿਨਾਂ ਵਿਚ ਹੀ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਸ਼ਾਮਲ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨਾਂ ਦੇ ਬਾਕੀ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।