ਐਂਟੀ ਨਾਰਕੋਟਿਕਸ ਟਾਸਕ ਫੋਰਸ ਨੂੰ ਮਿਲੀ ਵੱਡੀ ਸਫ਼ਲਤਾ, 50 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਕੀਤਾ ਕਾਬੂ
ਪੁਲਿਸ ਵੱਲੋਂ ਸੰਦੀਪ ਦੇ ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 21-61-85 ਅਧੀਨ, ਥਾਣਾ ਏਐਨਟੀਐਫ ਐਸਏਐਸ ਨਗਰ ਵਿੱਚ ਮਾਮਲਾ ਦਰਜ ਕਰਦਿਆਂ ਉਸਦੇ ਅੱਗੇ ਅਤੇ ਪਿੱਛੇ ਲਿੰਕੇਜ ਦੇ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
Publish Date: Sat, 22 Nov 2025 09:57 AM (IST)
Updated Date: Sat, 22 Nov 2025 10:10 AM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ,ਫਿਰੋਜ਼ਪੁਰ: ਐਂਟੀ ਨਾਰਕੋਟਿਕਸ ਟਾਸਕ ਫੋਰਸ ਜ਼ਿਲ੍ਹਾ ਫਿਰੋਜ਼ਪੁਰ ਟੀਮ ਵੱਲੋਂ 50 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਫੜੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਸਬੰਧੀ ਏਐਨਟੀਐਫ ਸੂਤਰਾਂ ਮੁਤਾਬਕ ਜਲਾਲਾਬਾਦ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਲੈ ਕੇ ਇਕ ਤਸਕਰ ਕੀਆ ਸੈਲਟੋਸ ਕਾਰ ਜ਼ਰੀਏ ਫਿਰੋਜ਼ਪੁਰ ਆ ਰਿਹਾ ਸੀ। ਏਐਨਟੀਐਫ ਵੱਲੋਂ ਉਸਦਾ ਪਿੱਛਾ ਕਰਦਿਆਂ ਉਸਨੂੰ ਵਿੱਚ ਮਮਦੋਟ ਇਲਾਕੇ ਦੇ ਪਿੰਡ ਰਾਉਕੇ ਵਿਖੇ ਘੇਰ ਲਿਆ ਅਤੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਫੜੇ ਗਏ ਤਸਕਰ ਦੀ ਪਛਾਣ ਸੰਦੀਪ ਸਿੰਘ ਉਰਫ ਸੀਪਾ ਪੁੱਤਰ ਸ਼ਿੰਦਰ ਸਿੰਘ ਵਾਸੀ ਛੰਨਾ ਸ਼ੇਰ ਸਿੰਘ ਵਾਲਾ ,ਥਾਣਾ ਤਲਵੰਡੀ ਚੌਧਰੀਆਂ ਕਪੂਰਥਲਾ ਵਜੋਂ ਹੋਈ ਹੈ। ਸੀਪਾ ਅਜੇ ਬੀਤੀ 3 ਨਵੰਬਰ ਨੂੰ ਹੀ ਕਪੂਰਥਲਾ ਜੇਲ੍ਹ ਤੋਂ ਬਾਹਰ ਆਇਆ ਸੀ। ਪੁਲਿਸ ਵੱਲੋਂ ਸੰਦੀਪ ਦੇ ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 21-61-85 ਅਧੀਨ, ਥਾਣਾ ਏਐਨਟੀਐਫ ਐਸਏਐਸ ਨਗਰ ਵਿੱਚ ਮਾਮਲਾ ਦਰਜ ਕਰਦਿਆਂ ਉਸਦੇ ਅੱਗੇ ਅਤੇ ਪਿੱਛੇ ਲਿੰਕੇਜ ਦੇ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।