ਪਿੰਡ ਵਿਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ। ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਮਿ੍ਤਕ ਦੇ ਆਪਣੇ ਹੀ ਸਾਥੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਹੋਵੇਗਾ ਜਿਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ।
ਸਟਾਫ ਰਿਪੋਰਟਰ ਪੰਜਾਬੀ ਜਾਗਰਣ, ਫਾਜ਼ਿਲਕਾ : ਅਬੋਹਰ ਦੇ ਪਿੰਡ ਪੰਜਾਵਾ ’ਚ ਸ਼ੁੱਕਰਵਾਰ ਰਾਤ ਇਕ ਨੌਜਵਾਨ ਦੀ ਰਾਡ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਉਸ ਦਾ ਚਿਹਰਾ ਵੀ ਬੁਰੀ ਤਰ੍ਹਾਂ ਵਿਗਾੜ ਦਿੱਤਾ ਗਿਆ। ਨੌਜਵਾਨ ਦੀ ਲਾਸ਼ ਪੰਜਾਵਾ ਦੇ ਇਕ ਪੈਟਰੋਲ ਪੰਪ ਦੇ ਨੇੜੇ ਪਈ ਮਿਲੀ। ਸੂਚਨਾ ਮਿਲਦੇ ਹੀ ਪਿੰਡ ਵਾਸੀ, ਖੂਈਆਂ ਸਰਵਰ ਥਾਣੇ ਦੇ ਇੰਚਾਰਜ ਪਰਮਜੀਤ ਤੇ ਸੀਆਈਏ ਸਟਾਫ ਦੇ ਇੰਚਾਰਜ ਸੁਨੀਲ ਕੁਮਾਰ ਤੇ ਡੀਐੱਸਪੀ ਤੇਜਿੰਦਰਪਾਲ ਸਿੰਘ ਮੌਕੇ ’ਤੇ ਪੁੱਜੇ ਅਤੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ।
ਹੱਤਿਆ ਦੇ ਕਾਰਨ ਬਾਰੇ ਹਾਲੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਇੰਚਾਰਜ ਪਰਮਜੀਤ ਨੇ ਕਿਹਾ ਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਜਿਸ ਦੇ ਆਧਾਰ ’ਤੇ ਐੱਫਆਈਆਰ ਦਰਜ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੱਤਿਆ ਦਾ ਕਾਰਨ ਤਾਂ ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਪਿੰਡ ਵਿਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ। ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਮਿ੍ਤਕ ਦੇ ਆਪਣੇ ਹੀ ਸਾਥੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਹੋਵੇਗਾ ਜਿਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ।
ਜਾਣਕਾਰੀ ਅਨੁਸਾਰ ਗੁਰਪ੍ਰੀਤ ਉਰਫ਼ ਕਾਲਾ (25) ਅਣਵਿਆਹਿਆ ਸੀ ਅਤੇ ਕਣਕ ਦੇ ਸੀਜ਼ਨ ਦੌਰਾਨ ਕੰਬਾਈਨਾਂ ਅਤੇ ਤੂੜੀ ਮਸ਼ੀਨਾਂ ’ਤੇ ਕੰਮ ਕਰਦਾ ਸੀ।
ਪਿੰਡ ਦੇ ਕਿਸਾਨ ਆਗੂ ਗੁਣਵੰਤ ਪੰਜਾਵਾ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਕੁਝ ਦਿਨ ਪਹਿਲਾਂ ਉਸ ਨੇ ਆਪਣੇ ਜਾਣਕਾਰਾਂ ਦੇ ਕੰਬਾਈਨ ਵਾਲਿਆਂ ਨੂੰ ਬੁਲਾਇਆ ਸੀ ਜਿਨ੍ਹਾਂ ਨਾਲ ਉਹ ਵੀ ਕੰਮ ਕਰ ਰਿਹਾ ਸੀ। ਉਹ ਸ਼ੁੱਕਰਵਾਰ ਰਾਤ ਕੰਮ ’ਤੇ ਸੀ ਜਿੱਥੇ ਸ਼ਾਇਦ ਉਸ ਦੀ ਮਸ਼ੀਨ ਆਪਰੇਟਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ ਜਿਸ ਤੋਂ ਬਾਅਦ ਉਸ ’ਤੇ ਰਾਡਾਂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਸ਼ਨਿਚਰਵਾਰ ਸਵੇਰੇ ਉਸ ਦੀ ਲਾਸ਼ ਪੈਟਰੋਲ ਪੰਪ ਦੇ ਨੇੜੇ ਖੂਨ ਨਾਲ ਲੱਥਪੱਥ ਹਾਲਤ ਵਿੱਚ ਪਈ ਮਿਲੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਹਮਲਾ ਇੰਨਾ ਭਿਆਨਕ ਸੀ ਕਿ ਉਸ ਦਾ ਚਿਹਰਾ ਵਿਗੜ ਗਿਆ। ਜਦੋਂ ਸਵੇਰੇ ਪੰਪ ਦੇ ਚੌਕੀਦਾਰ ਨੂੰ ਇਸ ਦਾ ਪਤਾ ਲੱਗਾ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਖੂਈਆਂ ਸਰਵਰ ਥਾਣੇ ਦੀ ਪੁਲਿਸ ਅਤੇ ਸੀਆਈਏ ਸਟਾਫ 2 ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਓਧਰ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਅਹੁਦੇਦਾਰ ਗੁਣਵੰਤ ਸਿੰਘ ਨੇ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ ਤੇ ਉਮੀਦ ਹੈ ਕਿ ਜਲਦ ਹੀ ਦੋਸ਼ੀਆਂ ਦਾ ਪਤਾ ਲੱਗ ਜਾਵੇਗਾ ਤੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ ਪਰ ਜੇ ਪੁਲਿਸ ਨੇ ਦੋਸ਼ੀਆਂ ਨੂੰ ਫੜਨ ਵਿਚ ਢਿੱਲਮੱਠ ਦਿਖਾਈ ਤਾਂ ਫਿਰ ਉਨ੍ਹਾਂ ਨੂੰ ਸੜਕਾਂ ’ਤੇ ਉੱਤਰਨ ਲਈ ਮਜਬੂਰ ਹੋਣਾ ਪਵੇਗਾ।