ਪੰਜਾਬ ਪੁਲਿਸ ਦੇ ਥਾਣੇਦਾਰ ਦੀ ਪੁਲਿਸ ਚੌਕੀ ’ਚ ਚਿੱਟਾ ਪੀਂਦੇ ਦੀ ਹੋਈ ਵੀਡੀਓ ਵਾਇਰਲ, ਸਸਪੈਂਡ
ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲੀ ਪੰਜਾਬ ਪੁਲਿਸ ਦੇ ਇਕ ਥਾਣੇਦਾਰ ਦੀ ਪੁਲਿਸ ਚੌਕੀ ਵਿੱਚ ਹੀ ਵਰਦੀ ਵਿੱਚ ਚਿੱਟਾ ਪੀਂਦੇ ਦੀ ਵੀਡੀਓ ਵਾਇਰਲ ਹੋਈ ਹੈ। ਉਕਤ ਥਾਣੇਦਾਰ ਦਾ ਨਾਮ ਸੱਤਪਾਲ ਹੈ ਅਤੇ ਉਹ ਪੁਲਿਸ ਥਾਣਾ ਮੱਖੂ ਵਿੱਚ ਪੈਂਦੀ ਜੋਗੇਵਾਲਾ ਪੁਲਿਸ ਚੌਕੀ ਵਿੱਚ ਤਾਇਨਾਤ ਹੈ।
Publish Date: Sat, 08 Jul 2023 06:12 PM (IST)
Updated Date: Sat, 08 Jul 2023 11:02 PM (IST)
ਕੇਵਲ ਅਹੂਜਾ, ਮੱਖੂ (ਫਿਰੋਜ਼ਪੁਰ): ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲੀ ਪੰਜਾਬ ਪੁਲਿਸ ਦੇ ਇਕ ਥਾਣੇਦਾਰ ਦੀ ਪੁਲਿਸ ਚੌਕੀ ਵਿੱਚ ਹੀ ਵਰਦੀ ਵਿੱਚ ਚਿੱਟਾ ਪੀਂਦੇ ਦੀ ਵੀਡੀਓ ਵਾਇਰਲ ਹੋਈ ਹੈ। ਉਕਤ ਥਾਣੇਦਾਰ ਦਾ ਨਾਮ ਸੱਤਪਾਲ ਹੈ ਅਤੇ ਉਹ ਪੁਲਿਸ ਥਾਣਾ ਮੱਖੂ ਵਿੱਚ ਪੈਂਦੀ ਜੋਗੇਵਾਲਾ ਪੁਲਿਸ ਚੌਕੀ ਵਿੱਚ ਤਾਇਨਾਤ ਹੈ।
ਬੀਤੇ ਦਿਨ ਹੀ ਉਕਤ ਵੀਡੀਓ ਪੁਲਿਸ ਚੌਕੀ ਵਿੱਚ ਹੀ ਕਿਸੇ ਵੱਲੋਂ ਬਣਾਈ ਗਈ ਦੱਸੀ ਜਾ ਰਹੀ ਹੈ ਅਤੇ ਉਸ ਵਕਤ ਉਕਤ ਥਾਣੇਦਾਰ ਪੁਲਿਸ ਵਰਦੀ ਵਿੱਚ ਬੇਝਿਜਕ ਚਿੱਟੇ ਦੇ ਸੂਟੇ ਖਿੱਚ ਰਿਹਾ ਸੀ। ਪੰਜਾਬ ਵਿੱਚ ਚਿੱਟੇ ਦੀ ਰੋਕਥਾਮ ਲਈ ਜਿੱਥੇ ਪੰਜਾਬ ਪੁਲਿਸ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ। ਉੱਥੇ ਹੀ ਪੰਜਾਬ ਪੁਲਿਸ ਦੇ ਵੱਡੀ ਗਿਣਤੀ ਵਿੱਚ ਥੱਲੇ ਤੋਂ ਲੈ ਕਿ ਉੱਚ ਪੱਧਰੀ ਅਫ਼ਸਰ ਵੀ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ।
— Gagandeep Singh (@Gagan4344) July 8, 2023
ਅਜਿਹੀ ਹਾਲਤ ਵਿੱਚ ਇਨ੍ਹਾਂ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਆਸ ਨਹੀਂ ਕੀਤੀ ਜਾ ਸਕਦੀ ਅਤੇ ਇਸੇ ਕਰਕੇ ਪਿਛਲੀਆਂ ਦੋ ਸਰਕਾਰਾਂ ਅਤੇ ਭਗਵੰਤ ਮਾਨ ਦੀ ‘ਆਪ’ ਸਰਕਾਰ ਵੀ ਨਸ਼ੇ ਦੇ ਖਾਤਮੇ ਲਈ ਅਜੇ ਤੱਕ ਚੰਗਾ ਰਿਜਲਟ ਨਹੀਂ ਦੇ ਸਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਕਤ ਥਾਣੇਦਾਰ ਨੂੰ ਸਸਪੈਂਡ ਕਰ ਕੇ ਨਸ਼ਾ ਛੁਡਾਊ ਕੇਂਦਰ ਵਿੱਚ ਭੇਜਿਆ ਗਿਆ ਹੈ। ਪੁਲਿਸ ਥਾਣਾ ਮੱਖੂ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹੀ ਉਕਤ ਥਾਣੇਦਾਰ ਨੂੰ ਸਸਪੈਂਡ ਕਰ ਕੇ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ।