ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਜਿੱਥੇ ਸਤਲੁਜ ਦਾ ਪਾਣੀ ਆਉਣ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹਨ ਉੱਥੇ ਹੀ ਸਿਹਤ ਵਿਭਾਗ ਜਿਥੇ ਆਮ ਲੋਕਾਂ ਨੂੰ ਮੈਡੀਕਲ ਸਹੂਲਤ ਉਪਲਬਧ ਕਰਵਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ ਤੇ ਨਾਲ ਹੀ ਗਰਭਵਤੀ ਔਰਤਾਂ ਦੀ ਮਦਦ ਵਿਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫਾਜ਼ਿਲਕਾ : ਪਹਾੜੀ ਇਲਾਕਿਆਂ ਦੇ ਨਾਲ-ਨਾਲ ਪੰਜਾਬ ਅੰਦਰ ਪਿਛਲੇ 3 ਦਿਨ ਤੋਂ ਲਗਾਤਾਰ ਹੋ ਰਹੀ ਬਰਸਾਤ ਨੇ ਪੂਰੇ ਪੰਜਾਬ ਨੂੰ ਹੜ੍ਹ ਦੀ ਚਪੇਟ ਵਿਚ ਲਿਆ ਹੋਇਆ ਹੈ। ਮਾਝਾ, ਮਾਲਵਾ ਤੇ ਦੋਆਬਾ ਦੇ ਕਈ ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਹਨ। ਕਈ ਥਾਈਂ ਪਾਣੀ ਦੇ ਤੇਜ਼ ਵਹਾਅ ਨੇ ਲੋਕਾਂ ਦੀਆਂ ਫ਼ਸਲਾਂ ਦੇ ਨਾਲ ਘਰ ਵੀ ਤਬਾਹ ਕਰਨੇ ਸ਼ੁਰੂ ਕਰ ਦਿੱਤੇ ਹਨ। ਕਈ ਲੋਕਾਂ ਦੇ ਪਸ਼ੂਆਂ ਦੀ ਜਾਨ ਵੀ ਇਸ ਹੜ੍ਹ ਦੌਰਾਨ ਚਲੀ ਗਈ ਹੈ। ਦੂਜੇ ਪਾਸੇ, ਭਾਰੀ ਮੀਂਹ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸਾਸ਼ਨ ਫਾਜ਼ਿਲਕਾ ਵੱਲੋਂ ਸਰਹੱਦ ਦੇ ਨਾਲ ਲੱਗਦੇ ਸਰਕਾਰੀ/ਮਾਨਤਾ ਪ੍ਰਾਪਤ ਸਕੂਲਾਂ ਨੂੰ 28 ਅਗਸਤ 2025 ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਹਰੀਕੇ ਹੈੱਡ ਤੋਂ ਪਾਣੀ ਛੱਡੇ ਜਾਣ ਨਾਲ ਫਾਜ਼ਿਲਕਾ ਸਰਹੱਦ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਮੁਹਾਰ ਜਮਸ਼ੇਰ, ਤੇਜਾ ਰੁਹੇਲਾ, ਚੱਕ ਰੁਹੇਲਾ, ਦੋਨਾ ਨਾਨਕਾ, ਢਾਣੀ ਲਾਭ ਸਿੰਘ, ਮਹਾਤਮ ਨਗਰ, ਰਾਮ ਸਿੰਘ ਭੈਣੀ, ਝੰਗੜ ਭੈਣੀ, ਰੇਤੇ ਵਾਲੀ ਭੈਣੀ, ਗੱਟੀ ਨੰਬਰ 1, ਵੱਲੇ ਸ਼ਾਹ ਹਿੱਠਾੜ (ਗੁਲਾਬਾ ਭੈਣੀ), ਢਾਣੀ ਸੱਦਾ ਸਿੰਘ, ਗੁੱਦੜ ਭੈਣੀ, ਘੂਰਕਾ, ਢਾਣੀ ਮੋਹਣਾ ਰਾਮ, ਵੱਲੇ ਸ਼ਾਹ ਉਤਾੜ (ਨੂਰਸ਼ਾਹ) ਦੀਆਂ ਢਾਣੀਆਂ, ਮੁਹਾਰ ਖੀਵਾ, ਮੁਹਾਰ ਸੋਨਾ, ਮੁਹਾਰ ਖੀਵਾ ਭਵਾਨੀ, ਰੇਤੇ ਵਾਲੀ ਢਾਣੀ (ਮੁਹਾਰ ਜਮਸ਼ੇਰ) ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ਨਾਲ ਸੈਂਕੜੇ ਏਕੜ ਫ਼ਸਲ ਤਬਾਹ ਹੋ ਗਈ ਹੈ। ਸਤਲੁਜ ਦਾ ਪਾਣੀ ਇੱਕ ਮਾਤਰ ਭਾਰਤ ਨਾਲ ਇਹਨਾਂ ਪਿੰਡਾਂ ਨੂੰ ਜੋੜਨ ਵਾਲਾ ਪੁੱਲ ਵੀ ਖਤਰੇ ਵਿਚ ਆ ਗਿਆ ਹੈ ਜਿਸ ਨੂੰ ਜੇਸੀਬੀ ਰਾਹੀਂ ਸਾਫ ਕੀਤਾ ਜਾ ਰਿਹਾ ਹੈ, ਤਾਂ ਕਿ ਪੁਲ ਨੂੰ ਕੋਈ ਖਤਰਾ ਨਾ ਹੋ ਸਕੇ ਤੇ ਲੋਕ ਆ ਜਾ ਸਕਣ।
ਪਾਣੀ ਦਾ ਵਹਾਅ ਵਧਣ ਦੇ ਖਤਰੇ ਮੱਦੇਨਜ਼ਰ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਤੇ ਆਉਣ ਦੀ ਅਪੀਲ....
ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਵਿਚੋਂ ਲੰਘਦੀ ਕ੍ਰੀਕ ਦੇ ਪਾਰ ਦੇ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਹੁਸੈਨੀਵਾਲਾ ਹੈਡਵਰਕਸ ਤੋਂ 2,20,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਨਿਕਾਸੀ 26 ਅਗਸਤ 2025 ਨੂੰ ਦੁਪਹਿਰ ਦੋ ਵਜੇ ਦੀ ਹੈ ਜਿਸ ਨਾਲ ਫਾਜ਼ਿਲਕਾ ਵਿਚ ਆਉਣ ਵਾਲੇ ਸਮੇਂ ਵਿਚ ਪਾਣੀ ਦਾ ਪੱਧਰ ਹੋਰ ਵਧੇਗਾ। ਉਨ੍ਹਾਂ ਨੇ ਦੱਸਿਆ ਹੈ ਕਿ ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਤਾਇਨਾਤ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਖਾਸ ਕਰਕੇ ਬੱਚੇ, ਬਜੁਰਗਾਂ ਅਤੇ ਔਰਤਾਂ ਨੂੰ ਸੁਰੱਖਿਅਤ ਥਾਂਵਾਂ ਤੇ ਭੇਜਿਆ ਜਾਵੇ। ਪ੍ਰਸ਼ਾਸਨ ਨੇ 5 ਰਾਹਤ ਕੇਂਦਰ ਵੀ ਬਣਾਏ ਹਨ। ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਦਾ ਨੰਬਰ 01638-262153 ਹੈ। ਲੋਕ ਕਿਸੇ ਵੀ ਜਾਣਕਾਰੀ ਜਾਂ ਮਦਦ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਸਾਰੇ ਪ੍ਰਭਾਵਿਤ ਪਿੰਡਾਂ ਵਿਚ ਕਾਰਜਸ਼ੀਲ ਹਨ। ਲੋਕਾਂ ਨੂੰ ਰਾਸ਼ਨ, ਕੈਟਲ ਫੀਡ ਦੀ ਵੰਡ ਕੀਤੀ ਜਾ ਰਹੀ ਹੈ। ਪੀਣ ਦੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਰੱਖਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਟੀਮਾਂ ਪਿੰਡਾਂ ਵਿਚ ਕਾਰਜਸ਼ੀਲ ਹਨ। ਪਾਣੀ ਦੇ ਲਗਾਤਾਰ ਨਮੂਨੇ ਲੈ ਕੇ ਜਾਂਚੇ ਜਾ ਰਹੇ ਹਨ ਤਾਂ ਜੋ ਪਾਣੀ ਨਾਲ ਕੋਈ ਬਿਮਾਰੀ ਫੈਲਣ ਦਾ ਡਰ ਨਾ ਰਹੇ। ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਸਾਫ ਪਾਣੀ ਦੀ ਪਹਿਚਾਣ ਅਤੇ ਉਬਾਲ ਕੇ ਪੀਣ ਲਈ ਪ੍ਰੇਰਿਤ ਕਰ ਰਹੀਆਂ ਹਨ। ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੀ ਪਿੰਡਾਂ ਵਿਚ ਕਾਰਜਸ਼ੀਲ ਹਨ। ਵਧੀਕ ਡਿਪਟੀ ਕਮਿਸ਼ਨਰ ਡਾ.ਮਨਦੀਪ ਕੌਰ, ਐਸਡੀਐਮ ਵੀਰਪਾਲ ਕੌਰ ਸਣੇ ਸਾਰੇ ਅਧਿਕਾਰੀ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।
ਹੜ੍ਹਾਂ ਦੇ ਵਿਚਕਾਰ 4 ਪਰਿਵਾਰਾਂ ’ਚ ਗੂੰਝੀਆਂ ਕਿਲਕਾਰੀਆਂ
ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਜਿੱਥੇ ਸਤਲੁਜ ਦਾ ਪਾਣੀ ਆਉਣ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹਨ ਉੱਥੇ ਹੀ ਸਿਹਤ ਵਿਭਾਗ ਜਿਥੇ ਆਮ ਲੋਕਾਂ ਨੂੰ ਮੈਡੀਕਲ ਸਹੂਲਤ ਉਪਲਬਧ ਕਰਵਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ ਤੇ ਨਾਲ ਹੀ ਗਰਭਵਤੀ ਔਰਤਾਂ ਦੀ ਮਦਦ ਵਿਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪਿੰਡ ਤੇਜਾ ਰੋਹੇਲਾ ਦੇ ਚਾਰ ਪਰਿਵਾਰਾਂ ਵਿਚ ਪਿਛਲੇ ਇਕ ਹਫ਼ਤੇ ਵਿਚ ਕਿਲਕਾਰੀ ਗੂੰਜੀ ਹੈ। ਇਹਨਾਂ ’ਚੋਂ ਤਿੰਨ ਦਾ ਜਣੇਪਾ ਸਰਕਾਰੀ ਹਸਪਤਾਲਾਂ ਵਿਚ ਹੋਇਆ ਹੈ ਜਦ ਕਿ ਚੌਥੀ ਡਲੀਵਰੀ ਵੀ ਇਕ ਵਿਭਾਗ ਨਾਲ ਸੂਚੀਬੱਧ ਨਿੱਜੀ ਹਸਪਤਾਲ ਵਿਚ ਹੋਈ ਹੈ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਕ੍ਰੀਕ ਪਾਰ ਦੇ ਸਾਰੇ ਪਿੰਡਾਂ ਵਿਚ ਗਰਭਵਤੀ ਔਰਤਾਂ ਦੀ ਪਹਿਚਾਨ ਕਰਨ ਅਤੇ ਉਹਨਾਂ ਨੂੰ ਸੁਰੱਖਿਤ ਥਾਵਾਂ ’ਤੇ ਭੇਜਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਕਾਰਜਸ਼ੀਲ ਹਨ। ਸਰਕਾਰੀ ਹਸਪਤਾਲਾਂ ਵਿਚ ਜਣੇਪਾ ਪੂਰੀ ਤਰਾਂ ਨਾਲ ਮੁਫ਼ਤ ਹੁੰਦਾ ਹੈ ਅਤੇ ਘਰ ਤੋਂ ਹਸਪਤਾਲ ਆਉਣ ਲਈ 108 ਐਂਬੂਲੈਂਸ ਦੀ ਸਹੁਲਤ ਵੀ ਮੁਫ਼ਤ ਉਪਲਬੱਧ ਹੈ। ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਨੇ ਮੁੱਢਲੀਆਂ ਸਿਹਤ ਸਹੂਲਤ ਦੇਣ ਲਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਪਿੰਡ ਵਿੱਚ ਇੱਕ ਆਸ਼ਾ ਵਰਕਰ ਦੀ ਨਿਯੁਕਤੀ ਕੀਤੀ ਹੋਈ ਹੈ। ਸਹਾਇਕ ਸਿਵਿਲ ਸਰਜਨ ਡਾ.ਰੋਹਿਤ ਗੋਇਲ ਨੇ ਕਿਹਾ ਕਿ ਸਿਵਿਲ ਹਸਪਤਾਲ ਵਿੱਚ ਵੀ ਹੜ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਲਈ 10 ਬੈਡ ਰਾਖਵੇਂ ਰੱਖੇ ਗਏ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਰਹੱਦੀ ਪਿੰਡਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੀ ਸੇਵਾ ਜਾਰੀ
ਭਾਰਤ-ਪਾਕਿਸਤਾਨ ਸਰਹੱਦ ’ਤੇ ਪਾਣੀ ਦਾ ਪੱਧਰ ਵਧਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਰਹੱਦੀ ਪਿੰਡਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੇਵਾ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਫਾਜ਼ਿਲਕਾ ਵਿਖੇ ਸਰਹੱਦ ਨਾਲ ਲੱਗਦੇ ਪਿੰਡਾਂ ਤੇ ਬਣੇ ਗੁਰਦੁਆਰਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸੁਰੱਖਿਅਤ ਜਗਾਹ ਤੇ ਲਿਜਾਏ ਜਾ ਰਹੇ ਹਨ।