ਜਿਊਂਦੀ ਪਰਤੀ ਕੁੜੀ ਮਾਮਲੇ 'ਚ ਆਇਆ ਵੱਡਾ Twist, ਐੱਸਐੱਸਪੀ ਦਫ਼ਤਰ ਪਹੁੰਚ ਕੇ ਆਖੀਆਂ ਵੱਡੀਆਂ ਗੱਲਾਂ
ਲੜਕੀ ਨਾਬਾਲਗ ਹੋਣ ਕਰਨ ਪੁਲਿਸ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੀ ਹੈ , ਪਰ ਇਸ ਦੌਰਾਨ ਲੜਕੀ ਵੱਲੋਂ ਮਾਣਯੋਗ ਜੱਜ ਸਾਬ੍ਹ ਕੋਲ ਬਿਆਨ ਦਰਜ ਕਰਵਾਏ ਜਾਣ ਦੀ ਗੱਲ ਸਾਹਮਣੇ ਆਈ ਹੈ ।
Publish Date: Mon, 08 Dec 2025 01:01 PM (IST)
Updated Date: Mon, 08 Dec 2025 04:00 PM (IST)
ਪਰਮਿੰਦਰ ਸਿੰਘ ਥਿੰਦ , ਪੰਜਾਬੀ ਜਾਗਰਣ, ਫ਼ਿਰੋਜ਼ਪੁਰ : ਕਰੀਬ ਸਵਾ ਦੋ ਮਹੀਨੇ ਬਾਅਦ ਐਤਵਾਰ ਨੂੰ ਅਚਾਨਕ ਸਾਹਮਣੇ ਆਈ ( ਪਿਤਾ ਵੱਲੋਂ ਨਹਿਰ 'ਚ ਧੱਕਾ ਦਿੱਤੀ ਨਾਬਾਲਗ ਲੜਕੀ ) ਲੜਕੀ ਨੇ ਸੋਮਵਾਰ ਨੂੰ ਐਸਐਸਪੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਕੋਲ ਪੇਸ਼ ਹੋ ਕੇ ਦੱਸਿਆ ਕਿ ਉਹ ਜ਼ਿੰਦਾ ਹੈ ਅਤੇ ਆਪਣੇ ਪਿਤਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ। ਲੜਕੀ ਨਾਬਾਲਗ ਹੋਣ ਕਰਨ ਪੁਲਿਸ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੀ ਹੈ , ਪਰ ਇਸ ਦੌਰਾਨ ਲੜਕੀ ਵੱਲੋਂ ਮਾਣਯੋਗ ਜੱਜ ਸਾਬ੍ਹ ਕੋਲ ਬਿਆਨ ਦਰਜ ਕਰਵਾਏ ਜਾਣ ਦੀ ਗੱਲ ਸਾਹਮਣੇ ਆਈ ਹੈ । ਓਧਰ ਲੜਕੀ ਨੇ ਮੀਡੀਆ ਸਾਹਮਣੇ ਸਿਰਫ ਇਹੋ ਆਖਿਆ ਕਿ ਉਹ ਪਰੇਸ਼ਾਨ ਹੈ , ਜਿਆਦਾ ਕੁਝ ਨਹੀਂ ਦੱਸ ਸਕਦੀ । ਉਸ ਨੇ ਆਖਿਆ ਕਿ ਉਹ ਹੁਣ ਆਪਣੀ ਭੂਆ ਦੇ ਕੋਲ ਹੀ ਰਹੇਗੀ ।
ਪਿਤਾ ਨਸ਼ੇ ਵਿਚ ਸੀ ,ਮਾਂ ਨੇ ਉਕਸਾ ਕੇ ਅਜਿਹਾ ਕਰਵਾਇਆ: ਲੜਕੀ
ਇੱਕ ਨਿੱਜੀ ਚੈਨਲ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਲੜਕੀ ਨੇ ਦੱਸਿਆ ਕਿ ਉਸਦੇ ਪਿਤਾ ਨੇ ਨਸ਼ੇ ਦੀ ਹਾਲਤ ਵਿੱਚ, ਮਾਂ ਦੇ ਉਕਸਾਏ ਜਾਣ ‘ਤੇ, ਉਸਦੇ ਹੱਥ ਪੈਰ ਬੰਨ੍ਹ ਕੇ ਨਹਿਰ ਵਿੱਚ ਧੱਕਾ ਦਿੱਤਾ ਸੀ। ਧੱਕੇ ਮਾਰਦੇ ਸਮੇਂ ਉਸਦੇ ਹੱਥ ਅਚਾਨਕ ਖੁੱਲ੍ਹ ਗਏ ਅਤੇ ਨੇੜੇ ਹੀ ਪਈ ਇਕ ਰੱਸੀ ਫੜ ਕੇ ਉਸਨੇ ਆਪਣੀ ਜਾਨ ਬਚਾਈ। ਉਸਨੇ ਕਿਹਾ ਕਿ ਉਸਨੇ ਹਮੇਸ਼ਾ ਮੁੰਡਾ ਬਣ ਕੇ ਪਰਿਵਾਰ ਲਈ ਮਿਹਨਤ ਕੀਤੀ ਹੈ ਅਤੇ ਉਸ ’ਤੇ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ ਹਨ।
ਸਸਪੈਂਸ ਬਰਕਰਾਰ ; ਕਿੱਥੇ ਰਹੀ ਸੀ ਲੜਕੀ ?
ਪੱਤਰਕਾਰ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਇਸ ਲੜਕੀ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕਰੀਬ ਤਿੰਨ ਮਹੀਨਿਆਂ ਦੌਰਾਨ ਉਹ ਕਿੱਥੇ ਤੇ ਕਿਸਦੇ ਨਾਲ ਰਹੀ।
ਉਸਨੇ ਸਿਰਫ਼ ਇਹੀ ਕਿਹਾ ਆਖਿਆ ,‘‘ ਰੱਬ ਦੀ ਮੇਹਰ ਨਾਲ ਮੇਰੀ ਜਾਨ ਬਚ ਗਈ ਹੈ… ਹੁਣ ਮੈਂ ਆਪਣੇ ਪਿਤਾ ਨੂੰ ਰਿਹਾਅ ਕਰਵਾਉਣ ਲਈ ਸਾਹਮਣੇ ਆਈ ਹਾਂ, ਨਹੀਂ ਤਾਂ ਮੇਰੇ ਭੈਣ–ਭਰਾ ਰੁਲ ਜਾਣਗੇ।”]