SBI ਸਾਦਿਕ ਦਾ ਘਪਲਾ ਕਰੋੜਾਂ 'ਚ ਪੁੱਜਾ, ਬੈਂਕ ਮੁਲਾਜ਼ਮ ਫਰਾਰ, ਲੁੱਕ ਆਊਟ ਨੋਟਿਸ ਜਾਰੀ ਕਰਨ ਦੀ ਮੰਗ
Bank Scam : ਗੁਰਵਿੰਦਰ ਸਿੰਘ ਦਾ 20 ਲੱਖ, ਅਜੀਤ ਸਿੰਘ ਦਾ 18 ਲੱਖ, ਰਮਨਦੀਪ ਦਾ 55 ਲੱਖ ਰੁਪਏ, ਚੱਕ ਸਾਹੂ ਦੀ ਔਰਤ ਦਾ 25 ਲੱਖ ਰੁਪਏ, ਸੁਖਦੀਪ ਸਿੰਘ ਕਾਉਣੀ 10 ਲੱਖ ਰੁਪਏ ਸਮੇਤ ਅਨੇਕਾਂ ਖਾਤਾ ਧਾਰਕਾਂ ਦੀਆਂ ਲਿਮਟਾਂ, ਐਫਡੀਆਰ 'ਚੋਂ ਲੱਖਾਂ ਰੁਪਏ ਦਾ ਫਰਾਡ ਕੀਤਾ ਗਿਆ ਹੈ।
Publish Date: Tue, 22 Jul 2025 12:57 PM (IST)
Updated Date: Tue, 22 Jul 2025 01:02 PM (IST)
ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ ਸਾਦਿਕ : ਸਾਦਿਕ ਦੇ ਸਟੇਟ ਬੈਂਕ ਆਫ ਇੰਡੀਆ (SBI) ਦੇ ਇਕ ਮੁਲਾਜ਼ਮ ਵੱਲੋਂ ਕੀਤਾ ਗਿਆ ਘਪਲਾ ਕਈ ਕਰੋੜਾਂ 'ਚ ਪੁੱਜ ਗਿਆ ਹੈ। ਬੀਤੇ ਕੱਲ੍ਹ ਜਰਨੈਲ ਸਿੰਘ ਦੀਪ ਸਿੰਘਵਾਲਾ, ਜਸਵਿੰਦਰ ਸਿੰਘ ਪਿੰਡ ਕਾਉਣੀ, ਬੂਟਾ ਸਿੰਘ ਕਾਉਣੀ, ਅਮਰੀਕ ਸਿੰਘ ਢਿੱਲਵਾਂ ਖੁਰਦ, ਖੇਤਾ ਸਿੰਘ ਸੰਧੂ ਵੀਰੇਵਾਲਾ ਨੇ ਉਨਾਂ ਦੇ ਖਾਤਿਆਂ 'ਚ ਛੇੜਛਾੜ ਕਰ ਕੇ ਲੱਖਾਂ ਰੁਪਏ ਦਾ ਘਪਲਾ ਹੋਣ ਦੇ ਦੋਸ਼ ਲਗਾਏ ਸਨ। ਜਿਵੇਂ ਹੀ ਲੋਕਾਂ ਨੇ ਅਖਬਾਰ ਪੜ੍ਹੀ ਤਾਂ ਹੋਸ਼ ਉੱਡ ਗਏ।
ਅੱਜ ਮੰਗਲਵਾਰ ਨੂੰ ਬੈਂਕ ਦੇ ਖਾਤਾਧਾਰਕ ਸਵੇਰੇ ਹੀ ਪੁੱਜਣੇ ਸ਼ੁਰੂ ਹੋ ਗਏ। ਹਰ ਕੋਈ ਆਪਣੇ ਬੱਚਤ ਖਾਤੇ, ਲਿਮਟ,ਲਾਕਰ 'ਚ ਪਿਆ ਸੋਨਾ ਤੇ ਨਗਦੀ, ਮਿਊਚਲ ਫੰਡਾਂ ਦੇ ਖਾਤੇ ਦੀ ਜਾਂਚ ਕਰਾਉਣ ਲਈ ਕਾਹਲਾ ਸੀ। ਕਈ ਗਾਹਕ ਅਹਿਜੇ ਵੀ ਦੇਖੇ ਗਏ ਜਿਨ੍ਹਾਂ ਦੀ ਰਕਮ ਤਾਂ ਗ਼ਾਇਬ ਹੋਈ ਪਰ ਉਹ ਸਾਹਮਣੇ ਆਉਣ ਨੂੰ ਤਿਆਰ ਨਹੀਂ। ਕਈ ਬਜ਼ੁਰਗਾਂ ਦੇ ਖਾਤੇ 'ਚੋਂ ਰਕਮ ਨਿਕਲਣ ਦਾ ਪਤਾ ਲੱਗਣ ਤੋਂ ਬਾਅਦ ਉਹ ਬੈਂਕ 'ਚ ਬੇਹੇਸ਼ ਹੋ ਗਏ ਜਿਨਾਂ ਨੂੰ ਮੁਢਲੀ ਸਹਾਇਤੀ ਲਈ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ।
ਗੁਰਵਿੰਦਰ ਸਿੰਘ ਦਾ 20 ਲੱਖ, ਅਜੀਤ ਸਿੰਘ ਦਾ 18 ਲੱਖ, ਰਮਨਦੀਪ ਦਾ 55 ਲੱਖ ਰੁਪਏ, ਚੱਕ ਸਾਹੂ ਦੀ ਔਰਤ ਦਾ 25 ਲੱਖ ਰੁਪਏ, ਸੁਖਦੀਪ ਸਿੰਘ ਕਾਉਣੀ 10 ਲੱਖ ਰੁਪਏ ਸਮੇਤ ਅਨੇਕਾਂ ਖਾਤਾ ਧਾਰਕਾਂ ਦੀਆਂ ਲਿਮਟਾਂ, ਐਫਡੀਆਰ 'ਚੋਂ ਲੱਖਾਂ ਰੁਪਏ ਦਾ ਫਰਾਡ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੈਂਕ ਅਧਿਕਾਰੀਆਂ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਕੁਝ ਗਾਹਕਾਂ ਵੱਲੋਂ ਉਨ੍ਹਾਂ ਦੇ ਖਾਤਿਆਂ ਨਾਲ ਛੇੜਛਾੜ ਹੋ ਰਹੀ ਹੈ। ਪੜਤਾਲ ਕਰਨ 'ਤੇ ਸਾਰੇ ਵਿਅਕਤੀ ਅਮਿਤ ਢੀਂਗਰਾ ਵੱਲੋਂ ਫਰਾਡ ਕੀਤੇ ਜਾਣ ਬਾਰੇ ਕਹਿ ਰਹੇ ਹਨ। ਬੀਤੀ ਰਾਤ ਸ਼ਸ਼ਾਂਕ ਸੇਖਰ ਅਰੋੜਾ ਪੁੱਤਰ ਅਸ਼ਵਨੀ ਅਰੋੜਾ ਵਾਸੀ ਸ਼੍ਰੀ ਮੁਕਤਸਰ ਸਾਹਿਬ ਦੇ ਬਿਆਨਾਂ 'ਤੇ ਅਮਿਤ ਢੀਂਗਰਾ ਵਾਸੀ ਫਰੀਦਕੋਟ ਖਿਲਾਫ ਧਾਰਾ 318(4), 316(2), 344 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਬੈਂਕ ਮੁਲਾਜ਼ਮ ਫਰਾਰ ਹੈ। ਇਸ ਤੋਂ ਇਲਾਵਾ ਬੈਂਕ ਨੇ ਉਕਤ ਮੁਲਾਜ਼ਮ ਬਾਰੇ ਲੁੱਟ ਆਊਟ ਜਾਰੀ ਕਰਨ ਬਾਰੇ ਵੀ ਪੁਲਿਸ ਨੂੰ ਲਿਖਿਆ ਸੀ।ਖਬਰ ਲਿਖੇ ਜਾਣ ਤਕ ਗਾਹਕਾਂ ਦੀ ਭੀੜ ਲੱਗੀ ਹੋਈ ਹੈ ਤੇ ਹਰ ਕੋਈ ਆਪਣੀ ਰਕਮ ਨੂੰ ਲੈ ਕੇ ਚਿੰਤਤ ਹੈ।