‘ਸੁੱਖਣਵਾਲਾ ਕਤਲ ਕਾਂਡ’ ਮਾਮਲੇ 'ਚ ਪਿਤਾ ਨੇ ਕਿਹਾ- ਕਾਤਲ ਧੀ ਦੀ ਨਹੀਂ ਕਰਾਂਗੇ ਪੈਰਵੀ, ਮੇਰਾ ਜਵਾਈ ਨਹੀਂ ਪੁੱਤਰ ਮਾਰਿਆ ਏ
ਜਸਵਿੰਦਰ ਸਿੰਘ ਨੇ ਮੰਨਿਆ ਕਿ ਉਸ ਨੂੰ ਕਤਲ ਵਾਲੀ ਰਾਤ ਰੁਪਿੰਦਰ ਨੇ ਫੋਨ ਕਰ ਕੇ ਬੁਲਾਇਆ, ਰੁਪਿੰਦਰ ਦੱਸ ਰਹੀ ਸੀ ਕਿ ਸਾਡੇ ਘਰ ਲੁਟੇਰੇ ਦਾਖਲ ਹੋ ਗਏ ਹਨ, ਉਸਦਾ ਪਤੀ ਗੁਰਵਿੰਦਰ ਛੱਤ ’ਤੇ ਡਿੱਗਿਆ ਪਿਆ ਹੈ ਤੇ ਕੁਝ ਬੋਲ ਨਹੀਂ ਰਿਹਾ, ਜਦੋਂ ਉਹ ਘਰ ਪੁੱਜੇ ਤਾਂ ਧੀ ਨੇ ਦੱਸਿਆ ਕਿ ਲੁਟੇਰਿਆਂ ਨੇ ਉਸਨੂੰ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਬਾਹਰੋਂ ਦਰਵਾਜਾ ਫੜ ਕੇ ਖੜੇ ਰਹੇ, ਜਦੋਂ ਉਹ ਰੌਲਾ ਸੁਣ ਕੇ ਫਰਾਰ ਹੋਏ ਤਾਂ ਉਹ ਉਪਰ ਛੱਤ ’ਤੇ ਪਹੁੰਚ ਗਈ।
Publish Date: Mon, 15 Dec 2025 08:43 AM (IST)
Updated Date: Mon, 15 Dec 2025 08:47 AM (IST)

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਜ਼ਿਲ੍ਹੇ ਦੇ ਪਿੰਡ ਸੁੱਖਣਵਾਲਾ ਵਿਖੇ ਪਤੀ ਦਾ ਕਤਲ ਕਰਨ ਦੇ ਦੋਸ਼ ਹੇਠ ਜੇਲ ਕੱਟ ਰਹੀ ਰੁਪਿੰਦਰ ਕੌਰ ਦੇ ਪਿਤਾ ਜਸਵਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਧੀ ਕਾਤਲ ਹੈ, ਉਸ ਨੂੰ ਵੀ ਗੁਰਵਿੰਦਰ ਦੀ ਤਰ੍ਹਾਂ ਠੀਕ ਉਸੇ ਜਗਾ ’ਤੇ ਮਾਰ ਕੇ ਮਿਸਾਲ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਦੁਬਾਰਾ ਕੋਈ ਔਰਤ ਅਜਿਹਾ ਕਰਨ ਦੀ ਜੁਰਅਤ ਨਾ ਕਰ ਸਕੇ। ਇਸ ਲਈ ਭਾਵੇਂ ਕਾਨੂੰਨ ਵਿਚ ਤਬਦੀਲੀ ਕਿਉਂ ਨਾ ਕਰਨੀ ਪਵੇ। ਅੱਖਾਂ ਵਿੱਚੋਂ ਅੱਥਰੂ ਪੂੰਝਦਿਆਂ ਜਸਵਿੰਦਰ ਸਿੰਘ ਨੇ ਆਖਿਆ ਕਿ ਹੁਣ ਤਾਂ ਰੁਪਿੰਦਰ ਨੂੰ ਧੀ ਕਹਿਣ ਦਾ ਵੀ ਦਿਲ ਨਹੀਂ ਕਰਦਾ ਹੈ, ਉਸ ਨੇ ਮੇਰੇ ਜਵਾਈ ਗੁਰਵਿੰਦਰ ਸਿੰਘ ਦੀ ਨਹੀਂ, ਬਲਕਿ ਮੇਰੇ ਪੁੱਤਰ ਦਾ ਕਤਲ ਕੀਤਾ ਹੈ, ਇਸ ਲਈ ਸਾਡੇ ਪਰਿਵਾਰ ਨੇ ਉਸ ਨਾਲੋਂ ਹਰ ਤਰਾਂ ਦਾ ਨਾਤਾ ਤੋੜ ਲਿਆ ਹੈ। ਹੁਣ ਉਹ ਸਾਡੇ ਲਈ ਹਮੇਸ਼ਾ ਵਾਸਤੇ ਮਰ ਗਈ ਹੈ, ਅਸੀਂ ਉਸ ਦੇ ਕੇਸ ਦੀ ਪੈਰਵੀ ਨਹੀਂ ਕਰਾਂਗੇ। ਜਸਵਿੰਦਰ ਸਿੰਘ ਨੇ ਮੰਨਿਆ ਕਿ ਉਸ ਨੂੰ ਕਤਲ ਵਾਲੀ ਰਾਤ ਰੁਪਿੰਦਰ ਨੇ ਫੋਨ ਕਰ ਕੇ ਬੁਲਾਇਆ, ਰੁਪਿੰਦਰ ਦੱਸ ਰਹੀ ਸੀ ਕਿ ਸਾਡੇ ਘਰ ਲੁਟੇਰੇ ਦਾਖਲ ਹੋ ਗਏ ਹਨ, ਉਸਦਾ ਪਤੀ ਗੁਰਵਿੰਦਰ ਛੱਤ ’ਤੇ ਡਿੱਗਿਆ ਪਿਆ ਹੈ ਤੇ ਕੁਝ ਬੋਲ ਨਹੀਂ ਰਿਹਾ, ਜਦੋਂ ਉਹ ਘਰ ਪੁੱਜੇ ਤਾਂ ਧੀ ਨੇ ਦੱਸਿਆ ਕਿ ਲੁਟੇਰਿਆਂ ਨੇ ਉਸਨੂੰ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਬਾਹਰੋਂ ਦਰਵਾਜਾ ਫੜ ਕੇ ਖੜੇ ਰਹੇ, ਜਦੋਂ ਉਹ ਰੌਲਾ ਸੁਣ ਕੇ ਫਰਾਰ ਹੋਏ ਤਾਂ ਉਹ ਉਪਰ ਛੱਤ ’ਤੇ ਪਹੁੰਚ ਗਈ। ਜਸਵਿੰਦਰ ਸਿੰਘ ਮੁਤਾਬਕ ਜਦੋਂ ਉਹ ਅਗਲੇ ਦਿਨ ਸਵੇਰੇ ਥਾਣੇ ਗਏ ਤਾਂ ਪੁਲਿਸ ਨੇ ਸਬੂਤਾਂ ਸਮੇਤ ਪੂਰੀ ਕਹਾਣੀ ਸੁਣਾਈ ਤਾਂ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਆਪਣੀ ਧੀ ਨਾਲ ਨਫਰਤ ਹੋਣ ਲੱਗੀ।