ਏਐੱਸਪੀ ਗਜ਼ਲਪ੍ਰੀਤ ਕੌਰ ਨੇ ਸਖ਼ਤ ਲਹਿਜੇ ਵਿਚ ਕਿਹਾ ਕਿ ਜ਼ੀਰਕਪੁਰ ਸ਼ਹਿਰ 'ਤੇ ਦੇਹ ਵਪਾਰ ਦੀ ਬਦਨਾਮੀ ਦਾ ਜੋ ਦਾਗ਼ ਲੱਗਾ ਹੈ, ਉਸ ਨੂੰ ਮਿਟਾਉਣਾ ਹੀ ਉਨ੍ਹਾਂ ਦਾ ਮੁੱਖ ਮਕਸਦ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਇਸ ਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ ਕਰੀਬ 60 ਤੋਂ 70 ਲੜਕੀਆਂ ਨੂੰ ਇਸ ਨਰਕ ਭਰੀ ਜ਼ਿੰਦਗੀ ਵਿਚੋਂ ਬਾਹਰ ਕੱਢਿਆ ਜਾ ਚੁੱਕਾ ਹੈ

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਪੁਲਿਸ ਨੇ ਦੇਹ ਵਪਾਰ ਦੇ ਧੰਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸੋਮਵਾਰ ਦੇਰ ਸ਼ਾਮ ਭਬਾਤ ਰੋਡ 'ਤੇ ਸਥਿਤ ਇਕ ਹੋਟਲ ਵਿਚ ਛਾਪੇਮਾਰੀ ਕਰਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੌਕੇ ਤੋਂ ਤਿੰਨ ਲੜਕੀਆਂ ਨੂੰ ਰੈਸਕਿਊ (ਸੁਰੱਖਿਅਤ ਬਾਹਰ ਕੱਢਣਾ) ਕੀਤਾ ਹੈ ਅਤੇ ਹੋਟਲ ਦੇ ਮੈਨੇਜਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਅਚਨਚੇਤ ਕਾਰਵਾਈ ਨਾਲ ਹੋਟਲ ਸਟਾਫ਼ ਅਤੇ ਆਸ-ਪਾਸ ਦੇ ਇਲਾਕੇ ਵਿਚ ਹੜਕੰਪ ਮਚ ਗਿਆ।
ਮਣੀਪੁਰ, ਨੇਪਾਲ ਅਤੇ ਪੰਜਾਬ ਦੀਆਂ ਹਨ ਲੜਕੀਆਂ :
ਮਾਮਲੇ ਦੀ ਜਾਣਕਾਰੀ ਦਿੰਦਿਆਂ ਏਐੱਸਪੀ ਜ਼ੀਰਕਪੁਰ ਗਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਰੈਸਕਿਊ ਕੀਤੀਆਂ ਗਈਆਂ ਲੜਕੀਆਂ ਵੱਖ-ਵੱਖ ਰਾਜਾਂ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਇਕ ਲੜਕੀ ਮਣੀਪੁਰ, ਇਕ ਨੇਪਾਲ ਅਤੇ ਇਕ ਪੰਜਾਬ ਦੀ ਰਹਿਣ ਵਾਲੀ ਹੈ। ਪੁਲਿਸ ਨੇ ਹੋਟਲ ਦੇ ਮੈਨੇਜਰ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਹੈ, ਜਦਕਿ ਹੋਟਲ ਦੇ ਅਸਲ ਮਾਲਕ ਅਤੇ ਪ੍ਰਾਪਰਟੀ ਦੇ ਮਾਲਕ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹੋਟਲ ਤੋਂ ਕੁੱਝ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਹੋਈ ਹੈ, ਜੋ ਇੱਥੇ ਚੱਲ ਰਹੇ ਗ਼ੈਰ-ਕਾਨੂੰਨੀ ਕੰਮਾਂ ਦੀ ਪੁਸ਼ਟੀ ਕਰਦੀ ਹੈ।
ਹੁਣ ਤੱਕ 70 ਲੜਕੀਆਂ ਨੂੰ ਦਲਦਲ 'ਚੋਂ ਕੱਢਿਆ :
ਏਐੱਸਪੀ ਗਜ਼ਲਪ੍ਰੀਤ ਕੌਰ ਨੇ ਸਖ਼ਤ ਲਹਿਜੇ ਵਿਚ ਕਿਹਾ ਕਿ ਜ਼ੀਰਕਪੁਰ ਸ਼ਹਿਰ 'ਤੇ ਦੇਹ ਵਪਾਰ ਦੀ ਬਦਨਾਮੀ ਦਾ ਜੋ ਦਾਗ਼ ਲੱਗਾ ਹੈ, ਉਸ ਨੂੰ ਮਿਟਾਉਣਾ ਹੀ ਉਨ੍ਹਾਂ ਦਾ ਮੁੱਖ ਮਕਸਦ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਇਸ ਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ ਕਰੀਬ 60 ਤੋਂ 70 ਲੜਕੀਆਂ ਨੂੰ ਇਸ ਨਰਕ ਭਰੀ ਜ਼ਿੰਦਗੀ ਵਿਚੋਂ ਬਾਹਰ ਕੱਢਿਆ ਜਾ ਚੁੱਕਾ ਹੈ। ਉਨ੍ਹਾਂ ਸਪੱਸ਼ਟ ਚੇਤਾਵਨੀ ਦਿੱਤੀ ਕਿ ਸ਼ਹਿਰ ਵਿਚ ਅਨੈਤਿਕ ਗਤੀਵਿਧੀਆਂ ਚਲਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਜਾਂਚ ਜਾਰੀ, ਹੋਟਲ ਮਾਲਕ 'ਤੇ ਡਿੱਗੇਗੀ ਗਾਜ :
ਇਸ ਪੂਰੇ ਮਾਮਲੇ ਦੀ ਤਫ਼ਤੀਸ਼ ਇੰਸਪੈਕਟਰ ਨਰਿੰਦਰ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਹੁਣ ਹੋਟਲ ਦੇ ਰਿਕਾਰਡ ਅਤੇ ਪ੍ਰਾਪਰਟੀ ਮਾਲਕ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਏਐੱਸਪੀ ਨੇ ਸਥਾਨਕ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਨਤਾ ਦੇ ਸਹਿਯੋਗ ਅਤੇ ਸਹੀ ਜਾਣਕਾਰੀ ਕਾਰਨ ਹੀ ਪੁਲਿਸ ਅਜਿਹੀਆਂ ਵੱਡੀਆਂ ਕਾਰਵਾਈਆਂ ਵਿਚ ਸਫ਼ਲ ਹੋ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸ-ਪਾਸ ਹੋਣ ਵਾਲੀਆਂ ਸ਼ੱਕੀ ਗਤੀਵਿਧੀਆਂ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ।