ਜਾਣਕਾਰੀ ਮੁਤਾਬਕ ਸਾਰੀ ਖੇਡ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਹੈ। ਕਾਂਗਰਸ ਦਾ ਪਿਛਲੇ 2 ਸਾਲਾਂ ਦਾ ਇਤਿਹਾਸ ਇਹ ਹੈ ਕਿ ਚੋਣਾਵੀ ਸਾਲ ਤੋਂ ਪਹਿਲਾਂ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਖਿੱਚੋਤਾਣ ਸ਼ੁਰੂ ਹੋ ਜਾਂਦੀ ਹੈ। ਵਿਰੋਧੀ ਪਾਰਟੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਕਈ ਵਾਰ ਇਸ ਗੱਲ ਬਾਰੇ ਜ਼ਿਕਰ ਕਰ ਚੁੱਕੇ ਹਨ।

ਕੈਲਾਸ਼ ਨਾਥ, ਜਾਗਰਣ, ਚੰਡੀਗੜ੍ਹ : 2027 ਨੇੜੇ ਆਉਣ ਨਾਲ ਪੰਜਾਬ ਕਾਂਗਰਸ ਵਿਚ ਖਿੱਚੋਤਾਣ ਸਾਹਮਣੇ ਆਉਣ ਲੱਗੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਕ ਬਿਆਨ ਕਿ 'ਪ੍ਰਧਾਨ, ਵਿਰੋਧੀ ਪਾਰਟੀ ਦਾ ਆਗੂ ਅਤੇ ਪਾਰਟੀ ਜਨਰਲ ਸਕੱਤਰ ਵੀ ਉੱਚ ਜਾਤੀ ਦਾ ਹੈ' ਨੂੰ ਲੈ ਕੇ ਵਿਵਾਦ ਜਾਰੀ ਹੈ। ਇਸ ਬਿਆਨ ਨੇ ਪੰਜਾਬ ਵਿਚ ਕਾਂਗਰਸ ਦੀਆਂ ਜੜਾਂ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਸਾਰੀ ਖੇਡ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਹੈ। ਕਾਂਗਰਸ ਦਾ ਪਿਛਲੇ 2 ਸਾਲਾਂ ਦਾ ਇਤਿਹਾਸ ਇਹ ਹੈ ਕਿ ਚੋਣਾਵੀ ਸਾਲ ਤੋਂ ਪਹਿਲਾਂ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਖਿੱਚੋਤਾਣ ਸ਼ੁਰੂ ਹੋ ਜਾਂਦੀ ਹੈ। ਵਿਰੋਧੀ ਪਾਰਟੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਕਈ ਵਾਰ ਇਸ ਗੱਲ ਬਾਰੇ ਜ਼ਿਕਰ ਕਰ ਚੁੱਕੇ ਹਨ। ਦਰਅਸਲ, ਕਾਂਗਰਸ ਵਿਚ 2027 ਦਾ ਚਿਹਰਾ ਬਣਨ ਦੀ ਖਿੱਚੋਤਾਣ ਲੰਬੇ ਸਮੇਂ ਤੋਂ ਹੈ ਅਤੇ ਇਹ ਮੁੱਖ ਤੌਰ 'ਤੇ ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਦਰਮਿਆਨ ਚੱਲਦੀ ਰਹੀ ਹੈ। ਇਸ ਸੰਦਰਭ ਵਿਚ ਵੜਿੰਗ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਉਹ 70 ਤੋਂ 80 ਨਵੇਂ ਚਿਹਰਿਆਂ ਨੂੰ ਚੋਣਾਵੀ ਮੈਦਾਨ ਵਿਚ ਲਿਆਉਣ ਦੇ ਹੱਕ ਵਿਚ ਹਨ। ਇਸ ਤੋਂ ਬਾਅਦ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਇਹ ਐਲਾਨ ਕੀਤਾ ਕਿ ਪਾਰਟੀ 2022 ਦੀ ਗ਼ਲਤੀ ਨੂੰ ਨਹੀਂ ਦੁਹਰਾਏਗੀ ਅਤੇ 2027 ਵਿਚ ਕਾਂਗਰਸ ਮੁੱਖ ਮੰਤਰੀ ਦੇ ਚਿਹਰੇ ਨੂੰ ਅੱਗੇ ਕੀਤੇ ਬਿਨਾਂ ਚੋਣ ਲੜੇਗੀ। ਇਸ ਸੰਦਰਭ ਵਿਚ ਜੇ ਚੋਣ ਵੜਿੰਗ ਦੀ ਅਗਵਾਈ ਵਿਚ ਲੜੀ ਗਈ ਤਾਂ ਉਨ੍ਹਾਂ ਦਾ ਪਲੜਾ ਭਾਰੀ ਹੋ ਜਾਵੇਗਾ ਕਿਉਂਕਿ ਟਿਕਟਾਂ ਵੰਡਣ ਵਿਚ ਸੂਬਾ ਪ੍ਰਧਾਨ ਦੀ ਭੂਮਿਕਾ ਅਹਿਮ ਹੁੰਦੀ ਹੈ। 2002 ਤੇ 2017 ਦੀ ਚੋਣ ਕੈਪਟਨ ਅਮਰਿੰਦਰ ਸਿੰਘ ਦੇ ਅਗਵਾਈ ਵਿਚ ਲੜੀ ਗਈ ਅਤੇ ਕੈਪਟਨ ਹੀ ਮੁੱਖ ਮੰਤਰੀ ਬਣੇ ਸਨ ਜਦਕਿ ਦੋਵੇਂ ਵਾਰ ਕੈਪਟਨ ਨੇ ਪਾਰਟੀ ਦੀ ਕਮਾਨ ਸੰਭਾਲਣ ਲਈ ਲੰਬੀ ਜੱਦੋਜ਼ਹਿਦ ਕੀਤੀ ਸੀ। 2015 ਵਿਚ ਤਾਂ ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਅਹੁਦਾ ਤੋਂ ਹਟਾਉਣ ਲਈ ਕਾਫ਼ੀ ਸਮਾਂ ਕੂਟਨੀਤਕ ਯਤਨ ਕੀਤੇ ਸਨ। ਪਾਰਟੀ ਦੇ ਸੂਤਰਾਂ ਮੁਤਾਬਕ ਚੰਨੀ ਦਾ 'ਉੱਚ ਜਾਤੀ' ਬਾਰੇ ਦਿੱਤਾ ਬਿਆਨ ਬੇਵਜ੍ਹਾ ਨਹੀਂ ਸੀ ਕਿਉਂਕਿ ਬਘੇਲ ਦੁਆਰਾ 2022 ਦੀ ਗਲਤੀ ਨੂੰ ਦੁਬਾਰਾ ਨਹੀਂ ਦੁਹਰਾਉਣ ਦੇ ਬਿਆਨ ਤੋਂ ਬਾਅਦ ਚੰਨੀ ਦੇ ਸਮਰਥਨ ਵਿਚ ਜੱਟ ਅਤੇ ਗ਼ੈਰ-ਜੱਟ ਨੇਤਾਵਾਂ ਨੇ ਲਾਬਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। 31 ਜੱਟ ਆਗੂਆਂ ਨੇ ਤਾਂ ਚੰਨੀ ਦੇ ਸਮਰਥਨ ਵਿਚ ਹਾਈ ਕਮਾਨ ਨੂੰ ਪੱਤਰ ਲਿਖ ਕੇ ਸਮਾਂ ਮੰਗ ਲਿਆ ਹੈ ਹਾਲਾਂਕਿ ਹਾਈ ਕਮਾਨ ਵੱਲੋਂ ਅਜੇ ਤੱਕ ਇਨ੍ਹਾਂ ਆਗੂਆਂ ਨੂੰ ਮਿਲਣ ਦਾ ਵਕਤ ਨਹੀਂ ਮਿਲਿਆ ਹੈ। ਜੇ ਪਾਰਟੀ ਚੰਨੀ ਨੂੰ ਚਿਹਰਾ ਬਣਾ ਕੇ 2027 ਦਾ ਚੋਣ ਲੜੇਗੀ ਤਾਂ ਉਨ੍ਹਾਂ ਨੂੰ ਪਹਿਲਾਂ ਪਾਰਟੀ ਦੀ ਕਮਾਨ ਵੀ ਸੌਂਪਣੀ ਪਵੇਗੀ। ਇਹੀ ਵਜ੍ਹਾ ਹੈ ਕਿ ਕਾਂਗਰਸ ਦੀ ਅਸਲੀ ਖਿੱਚੋਤਾਣ ਸੂਬਾ ਪ੍ਰਧਾਨ ਦੀ ਕੁਰਸੀ ਲਈ ਹੈ ਕਿਉਂਕਿ ਇਸ ਦੇ ਨਾਲ ਹੀ 2027 ਲਈ ਮੁੱਖ ਮੰਤਰੀ ਦਾ ਦਾਅਵਾ ਮਜ਼ਬੂਤ ਹੁੰਦਾ ਹੈ।