ਅੰਕਲ ਖਾਣਾ ਖਾ ਲਿਆ...ਬੱਚੀ ਨੇ ਪੁੱਛਿਆ ਤਾਂ ਸ਼ਰਾਬੀ ਪੁਲਿਸਵਾਲੇ ਨੇ ਫੜਿਆ ਹੱਥ, ਕੀਤੀ ਜ਼ਬਰਦਸਤੀ; ਹੁਣ ਖਾਏਗਾ ਜੇਲ੍ਹ ਦੀ ਹਵਾ
ਕਾਉਂਸਲਿੰਗ ਤੋਂ ਬਾਅਦ ਬੱਚੀ ਦੇ ਬਿਆਨ ਦਰਜ ਕੀਤੇ ਗਏ ਤੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤ ਨੇ ਮਾਮਲੇ ਵਿੱਚ ਆਏ ਤੱਥਾਂ ਅਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਅਮਨਦੀਪ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਤਿੰਨ ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
Publish Date: Wed, 10 Dec 2025 02:57 PM (IST)
Updated Date: Wed, 10 Dec 2025 03:03 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਜ਼ਿਲ੍ਹਾ ਅਦਾਲਤ ਨੇ ਨਾਬਾਲਗ ਨਾਲ ਛੇੜਛਾੜ ਦੇ ਦੋ ਸਾਲ ਪੁਰਾਣੇ ਮਾਮਲੇ 'ਚ ਪੰਜਾਬ ਪੁਲਿਸ ਦੇ ਕਾਂਸਟੇਬਲ 32 ਸਾਲਾ ਅਮਨਦੀਪ ਸਿੰਘ ਨੂੰ ਤਿੰਨ ਸਾਲ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 11 ਅਗਸਤ 2023 ਨੂੰ ਦਰਜ ਕੀਤਾ ਗਿਆ ਸੀ। ਗੁਆਂਢ 'ਚ ਰਹਿਣ ਵਾਲੀ ਬੱਚੀ ਖਾਣੇ ਬਾਰੇ ਪੁੱਛਣ ਗਈ ਸੀ, ਤਾਂ ਸ਼ਰਾਬ ਦੇ ਨਸ਼ੇ 'ਚ ਧੁੱਤ ਕਾਂਸਟੇਬਲ ਨੇ ਉਸਦਾ ਹੱਥ ਫੜਿਆ ਤੇ ਜ਼ਬਰਦਸਤੀ ਕੀਤੀ।
ਇਹ ਮਾਮਲਾ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ (District Child Protection Unit) ਦੀ ਸ਼ਿਕਾਇਤ 'ਤੇ ਅਧਾਰਤ ਹੈ। ਬੱਚੀ ਨੇ ਆਪਣੇ ਬਿਆਨ 'ਚ ਕਿਹਾ ਕਿ ਉਸਦੀ ਦਾਦੀ ਨੇ ਉਸਨੂੰ ਗੁਆਂਢ 'ਚ ਰਹਿਣ ਵਾਲੇ ਅੰਕਲ (ਦੋਸ਼ੀ) ਦੇ ਘਰ ਖਾਣਾ ਖਾਧਾ ਕਿ ਨਹੀਂ, ਇਹ ਪੁੱਛਣ ਲਈ ਭੇਜਿਆ ਸੀ। ਕਾਂਸਟੇਬਲ ਦੀ ਪਤਨੀ ਅਤੇ ਬੱਚੇ ਘਰ ਨਹੀਂ ਸਨ ਅਤੇ ਪਰਿਵਾਰਾਂ ਵਿਚਾਲੇ ਚੰਗੇ ਸਬੰਧ ਹੋਣ ਕਾਰਨ ਬੱਚੀ ਬਿਨਾਂ ਝਿਜਕ ਉੱਥੇ ਚਲੀ ਗਈ।
ਘਟਨਾ ਤੋਂ ਬਾਅਦ ਮਾਨਸਿਕ ਤਣਾਅ 'ਚ ਰਹਿਣ ਲੱਗੀ ਸੀ ਬੱਚੀ
ਬੱਚੀ ਜਦੋਂ ਘਰ ਪਹੁੰਚੀ ਤਾਂ ਕਾਂਸਟੇਬਲ ਸ਼ਰਾਬ ਦੇ ਨਸ਼ੇ 'ਚ ਸੀ। ਉਸ ਨੇ ਬੱਚੀ ਨੂੰ ਦੇਖਦੇ ਹੀ ਕੰਧ ਵੱਲ ਧੱਕਾ ਦਿੱਤਾ ਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਕਿਸੇ ਤਰ੍ਹਾਂ ਉਸ ਨੇ ਕਾਂਸਟੇਬਲ ਨੂੰ ਧੱਕਾ ਦੇ ਕੇ ਘਰ ਵੱਲ ਭੱਜ ਕੇ ਆਪਣੀ ਜਾਨ ਬਚਾਈ। ਡਰ ਕਾਰਨ ਬੱਚੀ ਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਤੇ ਮਾਨਸਿਕ ਤਣਾਅ 'ਚ ਰਹਿਣ ਲੱਗੀ। ਜਦੋਂ ਉਸਦੀ ਹਾਲਤ ਵਿਗੜਨ ਲੱਗੀ ਤਾਂ ਪਰਿਵਾਰ ਉਸਨੂੰ ਪੀਜੀਆਈ ਇਲਾਜ ਲਈ ਲੈ ਗਿਆ।
ਬੱਚੀ ਦੀ ਕਰਵਾਈ ਗਈ ਸੀ ਕਾਉਂਸਲਿੰਗ
ਇਲਾਜ ਦੌਰਾਨ ਬੱਚੀ ਨੇ ਡਾਕਟਰਾਂ ਨੂੰ ਪੂਰੀ ਘਟਨਾ ਦੱਸੀ। ਇਸ ਤੋਂ ਬਾਅਦ ਪੀਜੀਆਈ ਨੇ ਚਾਈਲਡ ਹੈਲਪਲਾਈਨ ਨੂੰ ਸੂਚਨਾ ਦਿੱਤੀ। ਕਾਉਂਸਲਿੰਗ ਤੋਂ ਬਾਅਦ ਬੱਚੀ ਦੇ ਬਿਆਨ ਦਰਜ ਕੀਤੇ ਗਏ ਤੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤ ਨੇ ਮਾਮਲੇ ਵਿੱਚ ਆਏ ਤੱਥਾਂ ਅਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਅਮਨਦੀਪ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਤਿੰਨ ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ।