ਮਹਿਲਾ ਵਕੀਲ ’ਤੇ ਹਮਲੇ ਮਾਮਲੇ 'ਚ ਹਾਈ ਕੋਰਟ ਸਖ਼ਤ: ਸਰਕਾਰ ਨੂੰ ਪੁੱਛਿਆ- "ਜਦੋਂ ਹਮਲਾ ਹੋਇਆ ਤਾਂ ਗੰਨਮੈਨ ਕੀ ਕਰ ਰਹੇ ਸੀ?
ਅਦਾਲਤ ਨੇ ਪੁੱਛਿਆ ਕਿ ਸਰਕਾਰ ਦੇ ਅਨੁਸਾਰ ਵਕੀਲ ਨੂੰ ਦੋ ਗੰਨਮੈਨ ਮੁਹੱਈਆ ਕਰਵਾਏ ਗਏ ਸਨ। ਜੇਕਰ ਇਹ ਸੱਚ ਹੈ, ਤਾਂ ਗੰਨਮੈਨ ਦੂਜੇ ਹਮਲੇ ਦੌਰਾਨ ਕੀ ਕਰ ਰਹੇ ਸਨ? ਅਦਾਲਤ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਪੰਜਾਬ ਸਰਕਾਰ ਨੂੰ ਜਵਾਬ ਦਾਇਰ ਕਰਨ ਦਾ ਹੁਕਮ ਦਿੱਤਾ ਹੈ।
Publish Date: Wed, 28 Jan 2026 11:27 AM (IST)
Updated Date: Wed, 28 Jan 2026 11:29 AM (IST)
ਸਟੇਟ ਬਿਊਰੋ ਜਾਗਰਣ, ਚੰਡੀਗੜ੍ਹ : ਅੰਮਿ੍ਤਸਰ ਦੀ ਮਹਿਲਾ ਵਕੀਲ ’ਤੇ ਸੱਤਾਧਾਰੀ ਦਲ ਨਾਲ ਸਬੰਧ ਰੱਖਣ ਵਾਲੇ ਸਰਪੰਚ ਵੱਲੋਂ ਹਮਲਾ ਕਰਨ ਅਤੇ ਇਸ ਤੋਂ ਬਾਅਦ ਮੁਹੱਈਆ ਕਰਵਾਈ ਗਈ ਸੁਰੱਖਿਆ ਦੇ ਬਾਵਜੂਦ ਦੁਬਾਰਾ ਹਮਲਾ ਹੋਣ ’ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਸਖ਼ਤ ਫਟਕਾਰ ਲਗਾਈ ਹੈ। ਅਦਾਲਤ ਨੇ ਪੁੱਛਿਆ ਕਿ ਸਰਕਾਰ ਦੇ ਅਨੁਸਾਰ ਵਕੀਲ ਨੂੰ ਦੋ ਗੰਨਮੈਨ ਮੁਹੱਈਆ ਕਰਵਾਏ ਗਏ ਸਨ। ਜੇਕਰ ਇਹ ਸੱਚ ਹੈ, ਤਾਂ ਗੰਨਮੈਨ ਦੂਜੇ ਹਮਲੇ ਦੌਰਾਨ ਕੀ ਕਰ ਰਹੇ ਸਨ? ਅਦਾਲਤ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਪੰਜਾਬ ਸਰਕਾਰ ਨੂੰ ਜਵਾਬ ਦਾਇਰ ਕਰਨ ਦਾ ਹੁਕਮ ਦਿੱਤਾ ਹੈ।
ਇਹ ਮਾਮਲਾ ਵਕੀਲ ਨਾਲ ਬਦਸਲੂਕੀ ਤੋਂ ਬਾਅਦ ਵਕੀਲਾਂ ਦੀ ਸੁਰੱਖਿਆ ਪ੍ਰਤੀ ਹਾਈ ਕੋਰਟ ਦੇ ਨੋਟਿਸ ਨਾਲ ਸਬੰਧਤ ਹੈ। ਇਸ ਮਾਮਲੇ ਵਿੱਚ ਦਾਇਰ ਪਟੀਸ਼ਨ ਵਿੱਚ ਹਾਈ ਕੋਰਟ ਨੂੰ ਸੂਚਿਤ ਕੀਤਾ ਗਿਆ ਸੀ ਕਿ ਸਰਪੰਚ ਅਤੇ ਹੋਰਾਂ ਨੇ ਅੰਮ੍ਰਿਤਸਰ ਵਿੱਚ ਵਕੀਲ ਦੇ ਘਰ ਵਿੱਚ ਦਾਖਲ ਹੋ ਕੇ ਉਸ ’ਤੇ ਹਮਲਾ ਕੀਤਾ। ਇਸ ਦੌਰਾਨ ਬਹੁਤ ਹੀ ਖਤਰਨਾਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਜਿਸ ਨਾਲ ਘਰ ਦੇ ਕਈ ਮੈਂਬਰ ਜ਼ਖਮੀ ਹੋ ਗਏ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਐੱਫਆਈਆਰ ਦਰਜ ਕੀਤੀ ਪਰ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਕੀਤੀ ਗਈ। ਪੰਜਾਬ ਸਰਕਾਰ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਅਦਾਲਤ ਨੂੰ ਦੱਸਿਆ ਗਿਆ ਕਿ ਪੀੜਤਾ ਮਹਿਲਾ ਵਕੀਲ ਨੂੰ ਦੋ ਬੰਦੂਕਧਾਰੀ ਮੁਹੱਈਆ ਕਰਵਾਏ ਗਏ ਹਨ। ਪੀੜਤ ਧਿਰ ਨੇ ਕਿਹਾ ਕਿ ਗੰਨਮੈਨਾਂ ਦੀ ਮੌਜੂਦਗੀ ਦੇ ਬਾਵਜੂਦ ਮਹਿਲਾ ਵਕੀਲ ’ਤੇ ਦੁਬਾਰਾ ਹਮਲਾ ਕਰ ਦਿੱਤਾ ਗਿਆ। ਅਦਾਲਤ ਨੂੰ ਦੱਸਿਆ ਗਿਆ ਕਿ ਮੁਲਜ਼ਮ ਸੱਤਾਧਾਰੀ ਪਾਰਟੀ ਦਾ ਵਰਕਰ ਤੇ ਵਿਧਾਇਕ ਦਾ ਕਰੀਬੀ ਹੈ। ਇਸ ਲਈ ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਹਾਈ ਕੋਰਟ ਨੇ ਹੈਰਾਨੀ ਪ੍ਰਗਟ ਕਰਦਿਆਂ ਪੁੱਛਿਆ ਕਿ ਜਦੋਂ ਹਮਲਾ ਹੋਇਆ ਤਾਂ ਗੰਨਮੈਨ ਕੀ ਕਰ ਰਹੇ ਸਨ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਦਾਲਤ ਨੇ ਪੰਜਾਬ ਸਰਕਾਰ ਨੂੰ ਅਗਲੀ ਸੁਣਵਾਈ ’ਤੇ ਮਾਮਲੇ ਵਿੱਚ ਆਪਣਾ ਪੱਖ ਪੇਸ਼ ਕਰਨ ਦਾ ਹੁਕਮ ਦਿੱਤਾ।