ਸਫ਼ਰ ਕਰਨ ਵਾਲੇ ਹੋ ਜਾਣ ਅਲਰਟ! ਕਿਸਾਨ ਮਜ਼ਦੂਰ ਮੋਰਚਾ ਨੇ ਇਸ ਦਿਨ ਤੋਂ ਚਾਰ ਜ਼ਿਲ੍ਹਿਆਂ ’ਚ ਰੇਲ ਰੋਕੋ ਅੰਦੋਲਨ ਸ਼ੁਰੂ ਕਰਨ ਦੀ ਦਿੱਤੀ ਚਿਤਾਵਨੀ
ਆਗੂਆਂ ਨੇ ਕਿਹਾ ਕਿ ਪਹਿਲੀ ਦਸੰਬਰ ਨੂੰ ਸਰਕਾਰ ਨੂੰ ਮੰਗ ਪੱਤਰ ਸੌਂਪ ਦਿੱਤਾ ਗਿਆ ਸੀ, ਇਸ ਲਈ ਜੇ ਸਰਕਾਰ ਚਾਹੇ ਤਾਂ ਪਹਿਲਾਂ ਹੀ ਗੱਲਬਾਤ ਕਰ ਕੇ ਟਕਰਾਅ ਨੂੰ ਰੋਕ ਸਕਦੀ ਹੈ।
Publish Date: Sat, 13 Dec 2025 08:10 AM (IST)
Updated Date: Sat, 13 Dec 2025 08:13 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਕਿਸਾਨ ਮਜ਼ਦੂਰ ਮੋਰਚਾ ਨੇ ਮੁੜ ਆਪਣੀਆਂ ਮੰਗਾਂ ਨੂੰ ਲੈ ਕੇ ਰੇਲ ਰੋਕਣ ਵਰਗਾ ਕਦਮ ਚੁੱਕਣ ਦੀ ਚਿਤਾਵਨੀ ਦਿੱਤੀ ਹੈ। ਚੰਡੀਗੜ੍ਹ ’ਚ ਸ਼ੁੱਕਰਵਾਰ ਨੂੰ ਕਿਸਾਨ ਭਵਨ ’ਚ ਕਿਸਾਨ ਮਜ਼ਦੂਰ ਮੋਰਚਾ (ਕੇਐੱਮਐੱਮ) ਪੰਜਾਬ ਚੈਪਟਰ ਦੀ ਹੋਈ ਬੈਠਕ ’ਚ ਸੂਬਾ ਸਰਕਾਰ ਖਿਲਾਫ਼ ਅੰਦੋਲਨ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ। ਬੈਠਕ ’ਚ ਤੈਅ ਕੀਤਾ ਗਿਆ ਕਿ 18 ਤੇ 19 ਦਸੰਬਰ ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਦਫਤਰਾਂ ਦੇ ਬਾਹਰ ਦੋ ਦਿਨ ਦਾ ਸ਼ਾਂਤਮਈ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ’ਤੇ ਗੱਲਬਾਤ ਨਾ ਕੀਤੀ ਤਾਂ 20 ਦਸੰਬਰ ਤੋਂ ਅੰਮ੍ਰਿਤਸਰ, ਫਿਰੋਜ਼ਪੁਰ, ਸੰਗਰੂਰ ਤੇ ਬਠਿੰਡਾ ’ਚ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਪਹਿਲੀ ਦਸੰਬਰ ਨੂੰ ਸਰਕਾਰ ਨੂੰ ਮੰਗ ਪੱਤਰ ਸੌਂਪ ਦਿੱਤਾ ਗਿਆ ਸੀ, ਇਸ ਲਈ ਜੇ ਸਰਕਾਰ ਚਾਹੇ ਤਾਂ ਪਹਿਲਾਂ ਹੀ ਗੱਲਬਾਤ ਕਰ ਕੇ ਟਕਰਾਅ ਨੂੰ ਰੋਕ ਸਕਦੀ ਹੈ।
ਬੈਠਕ ’ਚ ਕੇਐੱਮਐੱਮ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਸਰਕਾਰ ’ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ 2025 ’ਤੇ ਸਰਕਾਰ ਦੀ ਚੁੱਪ ਕਿਸਾਨਾਂ ’ਚ ਰੋਸ ਪੈਦਾ ਕਰ ਰਹੀ ਹੈ। ਉਨ੍ਹਾਂ ਹਾਕਮ ਧਿਰ ਨੂੰ ਚੇਤੇ ਕਰਵਾਇਆ ਕਿ ਉਹ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਦੇ ਆਧਾਰ ’ਤੇ ਹੀ ਸੱਤਾ ’ਚ ਆਈ ਸੀ ਪਰ ਅੱਜ ਕਿਸਾਨ ਸਭ ਤੋਂ ਜ਼ਿਆਦਾ ਪਰੇਸ਼ਾਨ ਹਨ। ਕੇਐੱਮਐੱਮ ਨੇ ਰਾਜਸਥਾਨ ਦੇ ਟਿੱਬੀ ਇਲਾਕੇ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੀ ਨਿੰਦਾ ਕੀਤੀ।
ਬੈਠਕ ’ਚ ਕੇਐੱਮਐੱਮ ਨੇ ਆਪਣੀਆਂ ਮੁੱਖ ਮੰਗਾਂ ਸ਼ੰਭੂ ਬਾਰਡਰ ’ਤੇ ਨੁਕਸਾਨ ਤੇ ਚੋਰੀ ਲਈ 3 ਕਰੋੜ 77 ਲੱਖ 48 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣਾ, ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਲਾਏ ਗਏ ਜੁਰਮਾਨੇ ਤੇ ਮੁਕੱਦਮਿਆਂ ਦੀ ਵਾਪਸੀ, ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਫੌਰੀ ਰਾਹਤ, ਵਨ ਨੇਸ਼ਨ-ਵਨ ਰਜਿਸਟਰੀ ਪ੍ਰਕਿਰਿਆ ਨੂੰ ਰੋਕਣਾ ਤੇ ਸਮਾਰਟ ਮੀਟਰ ਲਾਉਣ ਦਾ ਵਿਰੋਧ ’ਤੇ ਵੀ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਤੋਂ ਸਲਾਹ ਲਏ ਬਿਨਾ ਲਗਾਤਾਰ ਨਵੇਂ ਕਾਨੂੰਨ ਲਿਆ ਰਹੀ ਹੈ, ਜਿਹੜਾ ਕਿਸਾਨਾਂ ਨਾਲ ਵਿਸ਼ਵਾਸਘਾਤ ਹੈ।