ਪੰਜਾਬ ਦੇ 5 ਵੱਡੇ ਸ਼ਹਿਰਾਂ ਦੇ ਬੱਸ ਸਟੈਂਡਾਂ ਦੀ ਬਦਲੇਗੀ ਨੁਹਾਰ; ਮੰਤਰੀ ਭੁੱਲਰ ਵੱਲੋਂ ਪੀਪੀਪੀ ਮਾਡਲ ਰਾਹੀਂ ਅਪਗ੍ਰੇਡ ਕਰਨ ਦਾ ਐਲਾਨ
ਪ੍ਰੋਜੈਕਟਾਂ ਨੂੰ ਡਿਜ਼ਾਈਨ-ਬਿਲਡ-ਫਾਈਨਾਂਸ-ਓਪਰੇਟ-ਟ੍ਰਾਂਸਫਰ ਜਾਂ ਬਿਲਡ-ਓਪਰੇਟ-ਟ੍ਰਾਂਸਫਰ ਮਾਡਲਾਂ ਦੀ ਵਰਤੋਂ ਕਰ ਕੇ ਲਾਗੂ ਕੀਤਾ ਜਾਵੇਗਾ ਅਤੇ ਸਥਿਰਤਾ, ਗੁਣਵੱਤਾ ਵਾਲੀਆਂ ਸੇਵਾਵਾਂ, ਬਿਹਤਰ ਆਵਾਜਾਈ ਸਹੂਲਤਾਂ ਅਤੇ ਸ਼ਹਿਰੀ ਆਵਾਜਾਈ ਪ੍ਰਣਾਲੀਆਂ ਨਾਲ ਬਿਹਤਰ ਏਕੀਕਰਨ ਦੇ ਨਾਲ ਨਾਲ ਸੂਬੇ ਲਈ ਵਿੱਤੀ ਸਰੋਤਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ।
Publish Date: Sun, 18 Jan 2026 11:18 AM (IST)
Updated Date: Sun, 18 Jan 2026 11:20 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਪ੍ਰਮੁੱਖ ਬੱਸ ਟਰਮੀਨਲਾਂ ਦੇ ਆਧੁਨਿਕੀਕਰਨ ਲਈ ਵਿਆਪਕ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਯੋਜਨਾ ਤਹਿਤ ਲੁਧਿਆਣਾ, ਜਲੰਧਰ, ਸੰਗਰੂਰ, ਪਟਿਆਲਾ ਅਤੇ ਬਠਿੰਡਾ ਵਿਚ ਬੱਸ ਟਰਮੀਨਲਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਭਾਈਵਾਲੀ ਰਾਹੀਂ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਦਾ ਉਦੇਸ਼ ਕੁਸ਼ਲਤਾ, ਸੁਰੱਖਿਆ, ਪਹੁੰਚਯੋਗਤਾ ਅਤੇ ਬਿਹਤਰ ਸੇਵਾ ਪ੍ਰਦਾਨ ਕਰਨਾ ਹੈ।
ਮੰਤਰੀ ਨੇ ਦੱਸਿਆ ਕਿ ਇਹ ਟਰਮੀਨਲ ਅੰਤਰ-ਰਾਜੀ ਸੰਪਰਕ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਸਮੇਤ ਗੁਆਂਢੀ ਸੂਬਿਆਂ ਵਿਚ ਆਉਣ-ਜਾਣ ਦੀ ਸਹੂਲਤ ਦਿੰਦੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ, ਜਲੰਧਰ, ਪਟਿਆਲਾ, ਸੰਗਰੂਰ ਅਤੇ ਬਠਿੰਡਾ ਦੇ ਬੱਸ ਟਰਮੀਨਲਾਂ ਨੂੰ ਅਪਗ੍ਰੇਡ ਕਰ ਰਹੇ ਹਾਂ ਜਿਨ੍ਹਾਂ ਵਿੱਚ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਪੰਜਾਬ ਦੇ ਨਾਗਰਿਕ ਰੋਜ਼ਾਨਾ ਸਫ਼ਰ ਕਰਦੇ ਹਨ। ਪੀਪੀਪੀ ਮਾਡਲ ਰਾਹੀਂ ਇਨ੍ਹਾਂ ਪੰਜ ਟਰਮੀਨਲਾਂ ਨੂੰ ਲੋਕਾਂ ਦੇ ਰੋਜ਼ਾਨਾ ਸਫ਼ਰ ਨੂੰ ਪ੍ਰਭਾਵਿਤ ਕੀਤੇ ਬਿਨਾਂ ਸੁਰੱਖਿਅਤ ਥਾਵਾਂ, ਬਿਹਤਰ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।
ਪ੍ਰੋਜੈਕਟਾਂ ਨੂੰ ਡਿਜ਼ਾਈਨ-ਬਿਲਡ-ਫਾਈਨਾਂਸ-ਓਪਰੇਟ-ਟ੍ਰਾਂਸਫਰ ਜਾਂ ਬਿਲਡ-ਓਪਰੇਟ-ਟ੍ਰਾਂਸਫਰ ਮਾਡਲਾਂ ਦੀ ਵਰਤੋਂ ਕਰ ਕੇ ਲਾਗੂ ਕੀਤਾ ਜਾਵੇਗਾ ਅਤੇ ਸਥਿਰਤਾ, ਗੁਣਵੱਤਾ ਵਾਲੀਆਂ ਸੇਵਾਵਾਂ, ਬਿਹਤਰ ਆਵਾਜਾਈ ਸਹੂਲਤਾਂ ਅਤੇ ਸ਼ਹਿਰੀ ਆਵਾਜਾਈ ਪ੍ਰਣਾਲੀਆਂ ਨਾਲ ਬਿਹਤਰ ਏਕੀਕਰਨ ਦੇ ਨਾਲ ਨਾਲ ਸੂਬੇ ਲਈ ਵਿੱਤੀ ਸਰੋਤਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ।
ਇਸ ਪ੍ਰੋਜੈਕਟ ਵਿਚ ਸਾਰੇ ਵਰਗਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਬਜ਼ੁਰਗ ਨਾਗਰਿਕਾਂ ਅਤੇ ਅਪਾਹਜ ਵਿਅਕਤੀਆਂ ਲਈ ਨਿਰਵਿਘਨ ਪਹੁੰਚ ਅਤੇ ਆਵਾਜਾਈ ਦੀ ਸੌਖ ਲਈ ਪ੍ਰਬੰਧ ਸ਼ਾਮਲ ਕੀਤੇ ਜਾਣਗੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਜਨਤਕ ਆਵਾਜਾਈ ਬੁਨਿਆਦੀ ਢਾਂਚਾ ਸਮਾਜ ਦੇ ਸਾਰੇ ਵਰਗਾਂ ਲਈ ਪਹੁੰਚਯੋਗ ਅਤੇ ਸਨਮਾਨਜਨਕ ਹੋਵੇ।