ਸੂਤਰ ਦੱਸਦੇ ਹਨ ਕਿ ਚੇਅਰਮੈਨ ਚੁਣਨ ਲਈ ਸਰਵੇਖਣ ਕਰਵਾਉਣ ਦੇ ਪਿੱਛੇ ਆਮ ਆਦਮੀ ਪਾਰਟੀ ਦਾ ਉਦੇਸ਼ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਚੰਗੇ ਉਮੀਦਵਾਰ ਦੀ ਭਾਲ ਵੀ ਹੈ। ਬੀਤੇ ਦਿਨ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਵੱਲੋਂ ਘਰ ਆ ਕੇ ਟਿਕਟਾਂ ਦੇਣ ਦੀ ਗੱਲ ਕੀਤੀ ਸੀ। ਸਿਆਸੀ ਹਲਕਿਆਂ ਵਿਚ ਚਰਚਾ ਚੱਲ ਰਹੀ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ’ਚ ਆਪ ਚਾਰ ਦਰਜ਼ਨ ਦੇ ਕਰੀਬ ਵਿਧਾਇਕਾਂ ਦੀਆਂ ਟਿਕਟਾਂ ਕੱਟ ਸਕਦੀ ਹੈ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ,ਚੰਡੀਗੜ੍ਹ : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦਾ ਚੇਅਰਮੈਨ ਲੱਗਣ ਦੇ ਚਾਹਵਾਨਾਂ ਨੇ ਜੋੜਤੋੜ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਆਮ ਆਦਮੀ ਪਾਰਟੀ ਚੇਅਰਮੈਨ ਸਬੰਧੀ ਸਰਵੇਖਣ ਕਰਵਾ ਰਹੀ ਹੈ। ਸਰਵੇਖਣ ਦੇ ਆਧਾਰ ’ਤੇ ਯੋਗ ਵਿਅਕਤੀ ਨੂੰ ਚੇਅਰਮੈਨ ਨਿਯੁਕਤ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਹੋਇਆ ਨੂੰ ਕਰੀਬ ਇਕ ਮਹੀਨੇ ਦੇ ਸਮਾਂ ਹੋਣ ਵਾਲਾ ਹੈ ਪਰ ਅਜੇ ਤੱਕ ਸੂਬਾ ਸਰਕਾਰ ਚੇਅਰਮੈਨ ਨਿਯੁਕਤ ਕਰਨ ਲਈ ਰਾਖਵਾਂਕਰਨ ਪ੍ਰਣਾਲੀ ਦਾ ਕੰਮ ਪੂਰਾ ਨਹੀਂ ਕਰ ਸਕੀ।
ਸੂਤਰ ਦੱਸਦੇ ਹਨ ਕਿ ਚੇਅਰਮੈਨ ਚੁਣਨ ਲਈ ਸਰਵੇਖਣ ਕਰਵਾਉਣ ਦੇ ਪਿੱਛੇ ਆਮ ਆਦਮੀ ਪਾਰਟੀ ਦਾ ਉਦੇਸ਼ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਚੰਗੇ ਉਮੀਦਵਾਰ ਦੀ ਭਾਲ ਵੀ ਹੈ। ਬੀਤੇ ਦਿਨ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਵੱਲੋਂ ਘਰ ਆ ਕੇ ਟਿਕਟਾਂ ਦੇਣ ਦੀ ਗੱਲ ਕੀਤੀ ਸੀ। ਸਿਆਸੀ ਹਲਕਿਆਂ ਵਿਚ ਚਰਚਾ ਚੱਲ ਰਹੀ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ’ਚ ਆਪ ਚਾਰ ਦਰਜ਼ਨ ਦੇ ਕਰੀਬ ਵਿਧਾਇਕਾਂ ਦੀਆਂ ਟਿਕਟਾਂ ਕੱਟ ਸਕਦੀ ਹੈ।
ਜ਼ਿਲ੍ਹਾ ਪ੍ਰੀਸ਼ਦ ਦੇ ਹਲਕੇ ’ਚ ਚੰਗੀ ਜਾਣ ਪਛਾਣ ਅਤੇ ਅਸਰ ਰਸੂਖ ਰੱਖਣ ਵਾਲੇ ਵਿਅਕਤੀ ਨੂੰ ਪਾਰਟੀ ਵਿਧਾਨ ਸਭਾ ਚੋਣਾਂ ਵਿਚ ਵੀ ਉਤਾਰ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਲਗਾਉਣ ਨੂੰ ਲੈ ਕੇ ਵਿਧਾਇਕਾਂ ਵਿਚ ਕਸ਼ਮਕਸ਼ ਬਣੀ ਹੋਈ ਹੈ। ਹਰੇਕ ਵਿਧਾਇਕ ਆਪਣੇ ਖਾਸ ਅਤੇ ਨਜ਼ਦੀਕੀ ਆਗੂ ਨੂੰ ਚੇਅਰਮੈਨ ਲਗਾਉਣ ਦਾ ਇਛੁੱਕ ਹੈ। ਪਰ ਅਜੇ ਤੱਕ ਰਾਖਵਾਂਕਰਨ ਬਾਰੇ ਨੋਟੀਫਿਕੇਸ਼ਨ ਨਾ ਹੋਣ ਕਰਕੇ ਸਥਿਤੀ ਭੰਬਲਭੂਸੇ ਵਾਲੀ ਬਣੀ ਹੋਈ ਹੈ।
ਦੱਸਿਆ ਜਾਂਦਾ ਹੈ ਕਿ ਚੇਅਰਮੈਨ ਲੱਗਣ ਦੇ ਇਛੁੱਕ ਆਗੂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਰਾਖਵਾਂਕਰਨ ਹੋਣ ਦੀ ਪ੍ਰੀਕਿਰਿਆ ਅਤੇ ਮੌਜੂਦਾ ਸਥਿਤੀ ਬਾਰੇ ਪੁੱਛ ਪੜ੍ਹਤਾਲ ਵਿਚ ਲੱਗੇ ਹੋਏ ਹਨ। ਪਿਛਲੇ ਸਾਲ 14 ਦਸੰਬਰ ਨੂੰ ਹੋਈਆਂ ਵੋਟਾਂ ਵਿਚ 23 ਜ਼ਿਲ੍ਹਾ ਪ੍ਰੀਸ਼ਦਾਂ ਲਈ 347 ਮੈਂਬਰ ਚੁਣੇ ਗਏ ਸਨ। ਜਿਹਨਾਂ ਵਿਚ 69 ਐੱਸਸੀ ( ਪੁਰਸ਼) 60 ਐੱਸਸੀ (ਔਰਤਾਂ) 113 ਔਰਤਾਂ , 111 ਪੁਰਸ਼ ਅਤੇ ਪਿਛੜੇ ਵਰਗ ਸ਼੍ਰੇਣੀ ਨਾਲ ਸਬੰਧਤ ਚਾਰ ਮੈਂਬਰ ਸ਼ਾਮਲ ਹਨ।
ਇਸੇ ਤਰ੍ਹਾਂ ਪੰਚਾਇਤ ਸੰਮਤੀ ਦੇ 154 ਬਲਾਕ ਕਮੇਟੀਆਂ ਲਈ 2863 ਮੈਂਬਰ ਚੁਣੇ ਗਏ ਹਨ। ਇਸ ਵਿਚ ਐੱਸਸੀ (ਪੁਰਸ਼) 544, ਐੱਸਸੀ (ਔਰਤਾਂ) 493, ਔਰਤਾਂ 888, ਪੁਰਸ਼ 906, ਪਿਛੜੇ ਵਰਗ ਦੇ 32 ਮੈਂਬਰ ਚੁਣੇ ਗਏ ਹਨ।