ਕਾਲੋਨੀ ਵਾਸੀਆਂ ਦਾ ਦੋਸ਼ ਹੈ ਕਿ ਇਸ ਸਬੰਧੀ ਕਈ ਵਾਰ ਨਗਰ ਕੌਂਸਲ ਅਤੇ ਪ੍ਰਸ਼ਾਸਨ ਕੋਲ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰ ਹਰ ਵਾਰ ਸਿਰਫ਼ ਭਰੋਸੇ ਹੀ ਮਿਲੇ, ਜਦਕਿ ਜ਼ਮੀਨੀ ਪੱਧਰ 'ਤੇ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਨਿਵਾਸੀਆਂ ਨੇ ਦੱਸਿਆ ਕਿ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਰਾਤ ਦੇ ਸਮੇਂ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ।
ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਬਲਟਾਣਾ ਦੀ ਗੋਬਿੰਦ ਵਿਹਾਰ ਕਾਲੋਨੀ ’ਚ ਆਵਾਰਾ ਕੁੱਤਿਆਂ ਦੀ ਸਮੱਸਿਆ ਨੇ ਇਕ ਵਾਰ ਫਿਰ ਗੰਭੀਰ ਰੂਪ ਧਾਰ ਲਿਆ ਹੈ। ਕਾਲੋਨੀ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਟਿਊਸ਼ਨ ਜਾ ਰਹੇ 13 ਸਾਲਾ ਬੱਚੇ 'ਤੇ ਆਵਾਰਾ ਕੁੱਤੇ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਬੱਚਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਡਾਕਟਰਾਂ ਅਨੁਸਾਰ ਜ਼ਖ਼ਮੀ ਬੱਚੇ ਦੇ ਸਰੀਰ 'ਤੇ ਕਈ ਥਾਵਾਂ 'ਤੇ ਡੂੰਘੇ ਜ਼ਖ਼ਮ ਹਨ ਅਤੇ ਉਸਦੀ ਹਾਲਤ 'ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਜ਼ਖ਼ਮੀ ਬੱਚੇ ਓਜਸ ਦੀ ਦਾਦੀ ਉਮਾ ਦੇਵੀ ਨੇ ਦੱਸਿਆ ਕਿ ਓਜਸ ਕਰੀਬ ਸ਼ਾਮ ਚਾਰ ਵਜੇ ਟਿਊਸ਼ਨ ਲਈ ਘਰੋਂ ਨਿਕਲਿਆ ਸੀ। ਰਸਤੇ ਵਿਚ ਅਚਾਨਕ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਬੱਚੇ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਮੁਸ਼ਕਲ ਨਾਲ ਉਸ ਨੂੰ ਬਚਾਇਆ। ਇਸ ਘਟਨਾ ਤੋਂ ਬਾਅਦ ਗੋਬਿੰਦ ਵਿਹਾਰ ਕਾਲੋਨੀ ਦੇ ਨਿਵਾਸੀਆਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ। ਲੋਕਾਂ ਦਾ ਕਹਿਣਾ ਹੈ ਕਿ ਇਹ ਕੋਈ ਇਕੱਲੀ ਘਟਨਾ ਨਹੀਂ, ਸਗੋਂ ਪਹਿਲਾਂ ਵੀ ਕਈ ਵਾਰ ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ਅਤੇ ਵੱਡਿਆਂ ਨੂੰ ਵੱਢਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਕਾਲੋਨੀ ਵਾਸੀਆਂ ਦਾ ਦੋਸ਼ ਹੈ ਕਿ ਇਸ ਸਬੰਧੀ ਕਈ ਵਾਰ ਨਗਰ ਕੌਂਸਲ ਅਤੇ ਪ੍ਰਸ਼ਾਸਨ ਕੋਲ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰ ਹਰ ਵਾਰ ਸਿਰਫ਼ ਭਰੋਸੇ ਹੀ ਮਿਲੇ, ਜਦਕਿ ਜ਼ਮੀਨੀ ਪੱਧਰ 'ਤੇ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਨਿਵਾਸੀਆਂ ਨੇ ਦੱਸਿਆ ਕਿ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਰਾਤ ਦੇ ਸਮੇਂ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ।
ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਕੋਈ ਵਿਅਕਤੀ ਆਵਾਰਾ ਕੁੱਤਿਆਂ ਨੂੰ ਫੀਡ ਕਰਨ ਤੋਂ ਰੋਕਣ ਦੀ ਕੋਸ਼ਸ਼ਿ ਕਰਦਾ ਹੈ ਤਾਂ ਕਈ ਵਾਰ ਮਾਮਲਾ ਤਕਰਾਰ ਅਤੇ ਲੜਾਈ ਤੱਕ ਪਹੁੰਚ ਜਾਂਦਾ ਹੈ, ਜਿਸ ਨਾਲ ਕਾਲੋਨੀ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਕਾਲੋਨੀ ਵਾਸੀਆਂ ਅਨੁਸਾਰ ਪਿਛਲੇ ਡੇਢ ਮਹੀਨੇ ਦੌਰਾਨ ਆਵਾਰਾ ਕੁੱਤਿਆਂ ਵੱਲੋਂ ਕਰੀਬ 40 ਲੋਕਾਂ ਨੂੰ ਵੱਢਿਆ ਜਾ ਚੁੱਕਾ ਹੈ, ਪਰੰਤੂ ਇਸ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਆਪਣੀ ਕਰਨੀ ਅਤੇ ਕਥਨੀ ਵਿਚ ਫ਼ਰਕ ਨਾ ਰੱਖੇ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਅਤੇ ਸਥਾਈ ਹੱਲ ਕੱਢੇ।
ਗੋਬਿੰਦ ਵਿਹਾਰ ਕਾਲੋਨੀ ’ਚ ਆਵਾਰਾ ਕੁੱਤਿਆਂ ਦੀ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ। ਬੱਚੇ ਤੇ ਬਜ਼ੁਰਗ ਸਭ ਤੋਂ ਵੱਧ ਪ੍ਰਭਾਵਿਤ ਹਨ, ਪਰੰਤੂ ਸ਼ਿਕਾਇਤਾਂ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਹੀਂ ਹੋ ਰਹੀ। ਪ੍ਰਸਾਸ਼ਨ ਪਹਿਲ ਦੇ ਆਧਾਰ ’ਤੇ ਸਮਸਿਆ ਦਾ ਸਥਾਈ ਹੱਲ ਕਰੇ।
ਪਰਵੀਨ ਮਿੱਤਲ,
ਪ੍ਰਧਾਨ ਗੋਬਿੰਦ ਵਿਹਾਰ।
ਗੋਬਿੰਦ ਵਿਹਾਰ ਕਾਲੋਨੀ ਸਮੇਤ ਹਰ ਜਗ੍ਹਾ ਕੁੱਤਿਆਂ ਦੀ ਸਮੱਸਿਆ ਹੈ। ਕੁੱਤਿਆਂ ਨੂੰ ਸਟਰਲਾਇਜ਼ ਕਰਕੇ ਕਾਲੋਨੀ ਦੇ ਬਾਹਰ ਛੱਡਿਆ ਜਾਵੇ। ਇਸ ਨਾਲ ਕੁੱਤਿਆਂ ਦੀ ਗਿਣਤੀ 'ਤੇ ਕੰਟਰੋਲ ਹੋਵੇਗਾ ਅਤੇ ਲੋਕਾਂ ਨੂੰ ਵੱਢਣ ਦੀਆਂ ਘਟਨਾਵਾਂ 'ਚ ਕਮੀ ਆਵੇਗੀ। ਆਵਾਰਾ ਕੁੱਤਿਆਂ ਤੋਂ ਬਚਣ ਦਾ ਇਹ ਹੀ ਹੱਲ ਹੈ।
ਹਰਮੇਸ਼ ਕੁਮਾਰ,
ਵਾਸੀ ਗੋਬਿੰਦ ਵਿਹਾਰ।
ਆਵਾਰਾ ਕੁੱਤਿਆਂ ਦੀ ਸਮੱਸਿਆ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਬੱਚਿਆਂ ਤੇ ਬਜ਼ੁਰਗਾਂ ਦਾ ਕਾਲੋਨੀ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ, ਰਾਤ ਦੇ ਸਮੇਂ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ। ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਅਤੇ ਕਾਲੋਨੀ ਦੀ ਐਸੋਸੀਏਸ਼ਨ ਨੂੰ ਸਾਂਝਾ ਯਤਨ ਕਰਨ ਦੀ ਲੋੜ ਹੈ ਤਾਂ ਹੀ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
ਗੀਤਾ ਸ਼ਰਮਾ,
ਕਾਲੋਨੀ ਵਾਸੀ।
ਆਵਾਰਾ ਕੁੱਤਿਆਂ ਅਤੇ ਆਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਪ੍ਰਸ਼ਾਸਨ ਦੇ ਦਾਅਵੇ ਸਿਰਫ਼ ਕਿਤਾਬੀ ਫਾਈਲਾਂ ਵਿਚ ਹੀ ਦਰਜ ਹਨ। ਅਸਲੀਅਤ ਵਿਚ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਇਹ ਸਮੱਸਿਆ ਦੇ ਸਥਾਈ ਹੱਲ ਲਈ ਪ੍ਰਸ਼ਾਸਨ ਨੂੰ ਸਖ਼ਤੀ ਨਾਲ ਕਦਮ ਚੁੱਕਣ ਦੀ ਲੋੜ ਹੈ।
ਡੁੰਗਰ ਸਿੰਘ,
ਨਿਵਾਸੀ ਗੋਬਿੰਦ ਵਿਹਾਰ।
ਪ੍ਰਸ਼ਾਸਨ ਵੱਲੋਂ ਅਵਾਰਾ ਕੁੱਤਿਆਂ ਦੀ ਨਸਬੰਦੀ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਬੀਤੇ ਸਾਲ 700 ਤੋਂ ਵੱਧ ਕੁੱਤਿਆਂ ਦੀ ਨਸਬੰਦੀ ਕੀਤੀ ਗਈ ਸੀ ਅਤੇ ਹੁਣ ਨਵਾਂ ਟੈਂਡਰ ਜਾਰੀ ਕਰਕੇ ਜਲਦ ਹੀ ਜੀਰਕਪੁਰ ਖੇਤਰ ਵਿੱਚ ਸਟਰਲਾਈਜ਼ੇਸ਼ਨ ਦਾ ਕੰਮ ਮੁੜ ਸ਼ੁਰੂ ਕੀਤਾ ਜਾਵੇਗਾ।
ਰਣਜੀਤ ਕੁਮਾਰ, ਚੀਫ਼ ਸੈਨਟਰੀ ਇੰਸਪੈਕਟਰ, ਨਗਰ ਕੌਂਸਲ ਜ਼ੀਰਕਪੁਰ।ਕੋਟਸ :
ਪ੍ਰਸ਼ਾਸਨ ਵੱਲੋਂ ਆਵਾਰਾ ਕੁੱਤਿਆਂ ਦੀ ਨਸਬੰਦੀ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਬੀਤੇ ਸਾਲ 700 ਤੋਂ ਵੱਧ ਕੁੱਤਿਆਂ ਦੀ ਨਸਬੰਦੀ ਕੀਤੀ ਗਈ ਸੀ ਅਤੇ ਹੁਣ ਨਵਾਂ ਟੈਂਡਰ ਜਾਰੀ ਕਰਕੇ ਜਲਦ ਹੀ ਜ਼ੀਰਕਪੁਰ ਖੇਤਰ ਵਿਚ ਸਟਰਲਾਈਜ਼ੇਸ਼ਨ ਦਾ ਕੰਮ ਮੁੜ ਸ਼ੁਰੂ ਕੀਤਾ ਜਾਵੇਗਾ।
ਰਣਜੀਤ ਕੁਮਾਰ, ਚੀਫ਼ ਸੈਨੇਟਰੀ ਇੰਸਪੈਕਟਰ,
ਨਗਰ ਕੌਂਸਲ ਜ਼ੀਰਕਪੁਰ।