ਖ਼ੂਨੀ ਡੋਰ ਤੋਂ ਬਚਾਏਗੀ ਸੁਰੱਖਿਆ ਤਾਰ: ਨਗਰ ਕੌਂਸਲ ਨੇ ਫਲਾਈਓਵਰ 'ਤੇ ਲਾਇਆ 'ਸੁਰੱਖਿਆ ਜਾਲ', ਵਾਹਨ ਚਾਲਕਾਂ ਨੇ ਲਿਆ ਸੁੱਖ ਦਾ ਸਾਹ
ਕੌਂਸਲ ਪ੍ਰਧਾਨ ਨੇ ਅਫ਼ਸੋਸ ਜਤਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਈ ਗਈ ਪਾਬੰਦੀ ਦੇ ਬਾਵਜੂਦ ਸ਼ਹਿਰ ਵਿਚ ਚਾਈਨਾ ਡੋਰ ਦੀ ਵਰਤੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਆਪਣੇ ਪੱਧਰ 'ਤੇ ਲੋਕਾਂ ਦੀ ਜਾਨ ਬਚਾਉਣ ਲਈ ਇਹ ਉਪਰਾਲਾ ਕਰ ਰਹੀ ਹੈ, ਪਰ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ।
Publish Date: Wed, 14 Jan 2026 11:12 AM (IST)
Updated Date: Wed, 14 Jan 2026 11:14 AM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸ਼ਹਿਰ ਵਿਚ ਚਾਈਨਾ ਡੋਰ ਦੇ ਵਧਦੇ ਪ੍ਰਕੋਪ ਅਤੇ ਇਸ ਕਾਰਨ ਹੋਣ ਵਾਲੇ ਜਾਨਲੇਵਾ ਹਾਦਸਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਨਗਰ ਕੌਂਸਲ ਵੱਲੋਂ ਇਕ ਅਹਿਮ ਸੁਰੱਖਿਆ ਮੁਹਿੰਮ ਵਿੱਢੀ ਗਈ ਹੈ। ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਅਗਵਾਈ ਹੇਠ ਸ਼ਹਿਰ ਦੇ ਫਲਾਈਓਵਰਾਂ ਅਤੇ ਪ੍ਰਮੁੱਖ ਸੜਕਾਂ 'ਤੇ ਲੋਹੇ ਦੀਆਂ ਸੁਰੱਖਿਆ ਤਾਰਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਤਾਂ ਜੋ ਅਸਮਾਨ ਵਿਚੋਂ ਡਿੱਗਣ ਵਾਲੀ ਡੋਰ ਵਾਹਨ ਚਾਲਕਾਂ ਦੇ ਗਲੇ ਜਾਂ ਚਿਹਰੇ 'ਤੇ ਨਾ ਫਸ ਸਕੇ।
ਰੇਲਵੇ ਫਲਾਈਓਵਰ 'ਤੇ ਵਿਸ਼ੇਸ਼ ਪ੍ਰਬੰਧ
ਪ੍ਰਧਾਨ ਜੀਤੀ ਪਡਿਆਲਾ ਨੇ ਦੱਸਿਆ ਕਿ ਰੋਪੜ ਰੋਡ 'ਤੇ ਸਥਿਤ ਰੇਲਵੇ ਫਲਾਈਓਵਰ 'ਤੇ ਚਾਈਨਾ ਡੋਰ ਕਾਰਨ ਸਭ ਤੋਂ ਵੱਧ ਹਾਦਸੇ ਵਾਪਰਦੇ ਹਨ। ਅਕਸਰ ਪਤੰਗ ਉਡਾਉਣ ਤੋਂ ਬਾਅਦ ਟੁੱਟੀ ਹੋਈ ਡੋਰ ਪੁਲ਼ 'ਤੇ ਆ ਕੇ ਡਿੱਗ ਜਾਂਦੀ ਹੈ, ਜੋ ਦੁਪਹੀਆ ਵਾਹਨ ਚਾਲਕਾਂ ਲਈ ਘਾਤਕ ਸਾਬਤ ਹੁੰਦੀ ਹੈ। ਇਸ ਖ਼ਤਰੇ ਨੂੰ ਰੋਕਣ ਲਈ ਫਲਾਈਓਵਰ ਦੇ ਦੋਵੇਂ ਪਾਸੇ ਖੰਭਿਆਂ 'ਤੇ ਮਜ਼ਬੂਤ ਤਾਰਾਂ ਲਗਾਈਆਂ ਗਈਆਂ ਹਨ। ਹੁਣ ਜੇਕਰ ਕੋਈ ਡੋਰ ਉੱਪਰੋਂ ਡਿੱਗੇਗੀ, ਤਾਂ ਉਹ ਇਨ੍ਹਾਂ ਤਾਰਾਂ ਵਿਚ ਹੀ ਫਸ ਜਾਵੇਗੀ ਅਤੇ ਸੜਕ 'ਤੇ ਚੱਲ ਰਹੇ ਲੋਕਾਂ ਤੱਕ ਨਹੀਂ ਪਹੁੰਚੇਗੀ।
ਪ੍ਰਸ਼ਾਸਨ ਤੋਂ ਸਖ਼ਤੀ ਦੀ ਮੰਗ
ਕੌਂਸਲ ਪ੍ਰਧਾਨ ਨੇ ਅਫ਼ਸੋਸ ਜਤਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਈ ਗਈ ਪਾਬੰਦੀ ਦੇ ਬਾਵਜੂਦ ਸ਼ਹਿਰ ਵਿਚ ਚਾਈਨਾ ਡੋਰ ਦੀ ਵਰਤੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਆਪਣੇ ਪੱਧਰ 'ਤੇ ਲੋਕਾਂ ਦੀ ਜਾਨ ਬਚਾਉਣ ਲਈ ਇਹ ਉਪਰਾਲਾ ਕਰ ਰਹੀ ਹੈ, ਪਰ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਸ਼ਹਿਰ ਵਾਸੀਆਂ ਨੇ ਕੌਂਸਲ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਨਗਰ ਕੌਂਸਲ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ, ਜਿਨ੍ਹਾਂ ਨੇ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਅਤੇ ਪੰਛੀਆਂ ਤੇ ਮਨੁੱਖਾਂ ਦੀ ਜਾਨ ਦੀ ਰਾਖੀ ਕਰਨ ਦੀ ਅਪੀਲ ਕੀਤੀ।