ਦੇਸ਼ ਨੂੰ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਦੇਣ ਵਾਲੀ PU ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਨੂੰ ਦਿੱਤੀ ਪਹਿਲੀ ਮਹਿਲਾ ਜੱਜ, ਹਜ਼ਾਰਾਂ ਧੀਆਂ ਲਈ ਮਿਸਾਲ
ਭਾਵਨਾ ਦੀ ਕਹਾਣੀ ਹਜ਼ਾਰਾਂ ਧੀਆਂ ਲਈ ਮਿਸਾਲ ਹੈ, ਕਿਉਂਕਿ ਇਕ ਦਰਜ਼ੀ ਦੀ ਧੀ ਲਈ ਇਸ ਮੁਕਾਮ ਤਕ ਪਹੁੰਚਣ ਦਾ ਸਫ਼ਰ ਆਸਾਨ ਨਹੀਂ ਸੀ। ਪਰਿਵਾਰ ਦੀ ਤਾਕਤ, ਖੁਦ ਦਾ ਸੁਪਨਾ ਤੇ ਪੀਯੂ ਦਾ ਮਾਹੌਲ, ਇਨ੍ਹਾਂ ਸਭ ਨੇ ਭਾਵਨਾ ਦੇ ਕਰੀਅਰ ਨੂੰ ਨਵੀਂ ਦਿਸ਼ਾ ਦਿੱਤੀ।
Publish Date: Sat, 13 Dec 2025 03:16 PM (IST)
Updated Date: Sat, 13 Dec 2025 03:41 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਆਜ਼ਾਦੀ ਦੇ ਅੰਦੋਲਨ ਤੋਂ ਲੈ ਕੇ ਵਿਕਾਸ ਯਾਤਰਾ ਤਕ ਪੰਜਾਬ ਯੂਨੀਵਰਸਿਟੀ (PU) ਦਾ ਨਾਂ ਸੁਨਹਿਰੀ ਅੱਖਰਾਂ 'ਚ ਦਰਜ ਹੈ। ਦੇਸ਼ ਨੂੰ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਦੇਣ ਵਾਲੀ ਇਸ ਯੂਨੀਵਰਸਿਟੀ ਦੇ ਨਾਂ ਇਕ ਹੋਰ ਵੱਡੀ ਪ੍ਰਾਪਤੀ ਜੁੜ ਗਈ। ਇੱਥੋਂ ਪੜ੍ਹੀ ਭਾਵਨਾ ਕੇਸਰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੀ ਪਹਿਲੀ ਮਹਿਲਾ ਜੱਜ ਬਣੀ ਹੈ।
ਭਾਵਨਾ ਦੀ ਕਹਾਣੀ ਹਜ਼ਾਰਾਂ ਧੀਆਂ ਲਈ ਮਿਸਾਲ ਹੈ, ਕਿਉਂਕਿ ਇਕ ਦਰਜ਼ੀ ਦੀ ਧੀ ਲਈ ਇਸ ਮੁਕਾਮ ਤਕ ਪਹੁੰਚਣ ਦਾ ਸਫ਼ਰ ਆਸਾਨ ਨਹੀਂ ਸੀ। ਪਰਿਵਾਰ ਦੀ ਤਾਕਤ, ਖੁਦ ਦਾ ਸੁਪਨਾ ਤੇ ਪੀਯੂ ਦਾ ਮਾਹੌਲ, ਇਨ੍ਹਾਂ ਸਭ ਨੇ ਭਾਵਨਾ ਦੇ ਕਰੀਅਰ ਨੂੰ ਨਵੀਂ ਦਿਸ਼ਾ ਦਿੱਤੀ।
ਪੀਯੂ 'ਚ ਸਿੱਖਿਆ ਅਤੇ ਉਪਲਬਧੀ
ਪੀਯੂ ਦੇ ਕਨਵੋਕੇਸ਼ਨ ਸਮਾਰੋਹ 'ਚ ਸ਼ਨਿਚਰਵਾਰ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਹੋਣ ਵਾਲੀ ਭਾਵਨਾ ਦੀ ਉਮਰ ਅਜੇ 30 ਸਾਲ ਹੈ। ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ (UILS) 'ਚ ਉਨ੍ਹਾਂ ਦੀ ਪੜ੍ਹਾਈ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਦਿਸ਼ਾ ਦਿੱਤੀ। ਉਨ੍ਹਾਂ 2018 'ਚ ਬੀ.ਏ.-ਐੱਲ.ਐੱਲ.ਬੀ. ਅਤੇ 2019 'ਚ ਐੱਲ.ਐੱਲ.ਐੱਮ. ਪੂਰੀ ਕੀਤੀ।
ਇਸ ਤੋਂ ਬਾਅਦ 2021 ਵਿੱਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿੱਚ ਪ੍ਰੋ. ਦਵਿੰਦਰ ਸਿੰਘ ਦੀ ਨਿਗਰਾਨੀ ਹੇਠ ‘ਭਾਰਤੀ ਸੰਵਿਧਾਨ ਦੇ ਤਹਿਤ ਹੱਦਬੰਦੀ ਸਬੰਧੀ ਕਾਨੂੰਨ, ਖਾਸ ਹਵਾਲਾ—ਜੰਮੂ-ਕਸ਼ਮੀਰ’ ਵਿਸ਼ੇ 'ਤੇ ਪੀ.ਐੱਚ.ਡੀ. ਸ਼ੁਰੂ ਕੀਤੀ।
ਅਨੇਕਾਂ ਮਹਾਨ ਸ਼ਖਸੀਅਤਾਂ ਇਸ ਯੂਨੀਵਰਸਿਟੀ ਦੀ ਦੇਣ
ਕਨਵੋਕੇਸ਼ਨ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਰਾਜਪਾਲ ਅਤੇ ਪੀਯੂ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਪਹੁੰਚੇ। ਉਨ੍ਹਾਂ ਪੀਯੂ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਯੂਨੀਵਰਸਿਟੀ ਤੋਂ ਨਿਕਲੀਆਂ ਮਹਾਨ ਸ਼ਖਸੀਅਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ: ਨੋਬਲ ਪੁਰਸਕਾਰ ਜੇਤੂ ਅਰੁਣ ਕੁਮਾਰ ਗੋਇਲ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਆਈ. ਕੇ. ਗੁਜਰਾਲ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਮਹਾਨ ਕ੍ਰਿਕਟਰ ਕਪਿਲ ਦੇਵ, ਓਲੰਪਿਕ ਗੋਲਡ ਮੈਡਲ ਜੇਤੂ ਨੀਰਜ ਚੋਪੜਾ, ਅਦਾਕਾਰ ਅਨੁਪਮ ਖੇਰ ਅਤੇ ਕਿਰਨ ਖੇਰ, ਪ੍ਰਸਿੱਧ ਹਾਸ ਕਲਾਕਾਰ ਜਸਪਾਲ ਭੱਟੀ ਸਮੇਤ ਅਨੇਕਾਂ ਮਹਾਨ ਸ਼ਖਸੀਅਤਾਂ ਇਸੇ ਯੂਨੀਵਰਸਿਟੀ ਦੀ ਦੇਣ ਹਨ, ਜਿਨ੍ਹਾਂ ਨੇ ਦੇਸ਼ ਅਤੇ ਸਮਾਜ ਦੀ ਸੇਵਾ ਕੀਤੀ।