ਮੋਹਾਲੀ ਨਗਰ ਨਿਗਮ ’ਚ ਆਏ ਪਿੰਡਾਂ 'ਚ ਨਹੀਂ ਹੋਣਗੀਆਂ ਪੰਚਾਇਤ ਸੰਮਤੀ ਤੇ ਜ਼ਿਲਾ ਪੰਚਾਇਤ ਚੋਣਾਂ, ਗ੍ਰਾਮੀਣ ਵਿਕਾਸ ਤੇ ਪੰਚਾਇਤਾਂ ਵਿਭਾਗ ਨੇ ਕੀਤਾ ਸਪੱਸ਼ਟ
ਸੂਬਾਈ ਚੋਣ ਕਮਿਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪੰਚਾਇਤ ਸੰਮਤੀ ਡੇਰਾਬੱਸੀ, ਪੰਚਾਇਤ ਸੰਮਤੀ ਖਰੜ ਤੇ ਪੰਚਾਇਤ ਸੰਮਤੀ ਮਾਜਰੀ ਦੇ ਮੈਂਬਰਾਂ ਦੀਆਂ ਚੋਣਾਂ ਸਾਬਕਾ ਨਿਰਧਾਰਿਤ ਪ੍ਰੋਗਰਾਮ ਮੁਤਾਬਕ ਹੀ ਹੋਣਗੀਆਂ।
Publish Date: Mon, 01 Dec 2025 08:51 AM (IST)
Updated Date: Mon, 01 Dec 2025 08:54 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਗ੍ਰਾਮੀਣ ਵਿਕਾਸ ਤੇ ਪੰਚਾਇਤ ਵਿਭਾਗ ਨੇ ਰਾਜ ਚੋਣ ਕਮਿਸ਼ਨ ਨੂੰ ਜਾਣੂ ਕਰਾਇਆ ਹੈ ਕਿ ਸਥਾਨਕ ਨਿਗਮ ਵਿਭਾਗ ਦੀ 28.11.2025 ਦੀ ਸੂਚਨਾ ਅਨੁਸਾਰ, ਮੋਹਾਲੀ ਨਗਰ ਨਿਗਮ ਨਾਲ ਲੱਗਦੇ 15 ਪਿੰਡਾਂ ਨੂੰ ਹੁਣ ਮੋਹਾਲੀ ਨਗਰ ਨਿਗਮ ਦੀਆਂ ਹੱਦਾਂ ’ਚ ਸ਼ਾਮਲ ਕਰ ਲਿਆ ਗਿਆ ਹੈ।
ਗ੍ਰਾਮੀਣ ਵਿਕਾਸ ਤੇ ਪੰਚਾਇਤਾਂ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਸ ਸੂਚਨਾ ਦੇ ਨਤੀਜੇ ਵਜੋਂ ਪੰਚਾਇਤ ਸੰਮਤੀ ਮੋਹਾਲੀ ਦੀਆਂ ਇਹ 15 ਗ੍ਰਾਮ ਪੰਚਾਇਤਾਂ ਹੁਣ ਸਬੰਧਤ ਪੰਚਾਇਤ ਸੰਮਤੀ/ਜ਼ਿਲ੍ਹਾ ਪੰਚਾਇਤ ਮੋਹਾਲੀ ਦੇ ਅਧਿਕਾਰ ਖੇਤਰ ਤੋਂ ਬਾਹਰ ਹੋ ਚੁੱਕੀਆਂ ਹਨ।
ਪੰਚਾਇਤ ਸੰਮਤੀ ਮੋਹਾਲੀ ਤੇ ਜ਼ਿਲਾ ਪੰਚਾਇਤ ਮੋਹਾਲੀ ਦੀ ਸੀਮਾ-ਰੇਖਾ ’ਚ ਹੁਣ ਮਹੱਤਵਪੂਰਨ ਬਦਲਾਅ ਆ ਚੁੱਕਾ ਹੈ, ਇਸ ਲਈ ਗ੍ਰਾਮੀਣ ਵਿਕਾਸ ਤੇ ਪੰਚਾਇਤਾਂ ਵਿਭਾਗ ਵੱਲੋਂ ਇਸ ਬਲਾਕ ਤੇ ਜ਼ਿਲ੍ਹਾ ਪੰਚਾਇਤ ਖੇਤਰ ਦਾ ਦੁਬਾਰਾ ਪੁਨਰਗਠਨ ਕਰਨਾ ਜ਼ਰੂਰੀ ਹੈ। ਗ੍ਰਾਮੀਣ ਵਿਕਾਸ ਤੇ ਪੰਚਾਇਤਾਂ ਵਿਭਾਗ ਅਤੇ ਡਿਪਟੀ ਕਮਿਸ਼ਨਰ ਮੋਹਾਲੀ ਦੀ ਸਿਫਾਰਸ਼ ਦੇ ਆਧਾਰ 'ਤੇ ਕਮਿਸ਼ਨ ਨੇ ਇਹ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਵਿਭਾਗ ਇਨ੍ਹਾਂ ਖੇਤਰਾਂ ਦਾ ਪੁਨਰਗਠਨ ਪੂਰਾ ਨਹੀਂ ਕਰ ਲੈਂਦਾ, ਤਦ ਤੱਕ ਪੰਚਾਇਤ ਸੰਮਤੀ ਮੋਹਾਲੀ ਤੇ ਜ਼ਿਲ੍ਹਾ ਪੰਚਾਇਤ ਮੋਹਾਲੀ ਦੇ ਮੈਂਬਰਾਂ ਦੀਆਂ ਚੋਣਾਂ ਰੋਕੀਆਂ ਜਾਣਗੀਆਂ।
ਸੂਬਾਈ ਚੋਣ ਕਮਿਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪੰਚਾਇਤ ਸੰਮਤੀ ਡੇਰਾਬੱਸੀ, ਪੰਚਾਇਤ ਸੰਮਤੀ ਖਰੜ ਤੇ ਪੰਚਾਇਤ ਸੰਮਤੀ ਮਾਜਰੀ ਦੇ ਮੈਂਬਰਾਂ ਦੀਆਂ ਚੋਣਾਂ ਸਾਬਕਾ ਨਿਰਧਾਰਿਤ ਪ੍ਰੋਗਰਾਮ ਮੁਤਾਬਕ ਹੀ ਹੋਣਗੀਆਂ।