ਜ਼ਿਲ੍ਹਾ ਬਾਰ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਸਿੰਘ ਕੰਗ ਦਾ ਕਹਿਣਾ ਹੈ ਕਿ ਰੂਪਨਗਰ ਜ਼ਿਲ੍ਹੇ ਨੂੰ ਤੋੜ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਨਾਉਣ ਤੇ ਸ੍ਰੀ ਚਮਕੌਰ ਸਾਹਿਬ ਵਿਖੇ ਗ੍ਰਾਮ ਅਦਾਲਤ ਦਾ ਮਤਾ ਲਿਆਉਣ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਸ਼ਹੀਦੀ ਦਿਹਾੜੇ ਮੌਕੇ ਖ਼ਾਲਸੇ ਦੀ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨੀਂ ਇਕ ਪ੍ਰੈੱਸ ਕਾਨਫਰੰਸ ਦੌਰਾਨ ਨਵਾਂ ਜ਼ਿਲ੍ਹਾਂ ਬਣਾਉਣ ਦੀਆਂ ਖ਼ਬਰਾਂ ਨੂੰ ਮੀਡੀਆਂ ਦੀ ਉਪਜ਼ ਦੱਸ ਚੁੱਕੇ ਹਨ ਤੇ ਇਸ ਬਾਰੇ ਸਰਕਾਰੀ ਅਧਿਕਾਰੀ ਵੀ ਕੁੱਝ ਕਹਿਣ ਤੋਂ ਅਸਮਰਥ ਹਨ ਪਰ ਇਸ ਦੇ ਬਾਵਜੂਦ ਚਾਰ-ਚੁਫੇਰੇ ਚੱਲ ਰਹੀਆਂ ਸਰਗਰਮੀਆਂ ਵਿਚਾਲੇ ਇਸ ਨਵੇਂ ਜ਼ਿਲ੍ਹੇ ਦੇ ਹੋਂਦ ’ਚ ਆਉਣ ਦੀ ਚਰਚਾ ਹੈ।
ਸ੍ਰੀ ਆਨੰਦਪਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀਆਂ ਇਨ੍ਹਾਂ ਹੀ ਚਰਚਾਵਾਂ ਵਿਚਾਲੇ ਰੂਪਨਗਰ, ਨਵਾਂਸ਼ਹਿਰ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਤਿੰਨ ਸਬ ਡਵੀਜ਼ਨਾਂ ਰੂਪਨਗਰ, ਬਲਾਚੌਰ ਤੇ ਗੜਸ਼ੰਕਰ ਦੀਆਂ ਬਾਰ ਐਸੋਸੀਏਸ਼ਨਾਂ ਪਿਛਲੇ ਕਰੀਬ ਸਵਾ ਮਹੀਨੇ ਤੋਂ ਨੋ-ਵਰਕ ਹੜਤਾਲ ’ਤੇ ਹਨ। ਵਕੀਲ ਭਾਈਚਾਰਾ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ’ਤੇ ਇਤਰਾਜ਼ ਨਹੀਂ ਕਰ ਰਿਹਾ ਪਰ ਉਹ ਆਪਣੇ ਆਪਣੇ ਇਲਾਕੇ ਦੇ ਪਿੰਡਾਂ, ਸਬ ਡਵੀਜ਼ਨਾਂ ਨੂੰ ਤੋੜੇ ਜਾਣ ਦੀਆਂ ਸੰਭਾਵਨਾਂ ਦਾ ਵਿਰੋਧ ਕਰ ਰਹੇ ਹਨ। ਤਿੰਨਾਂ ਸਬ ਡਿਵੀਜਨਾਂ ਦੇ ਵਕੀਲਾਂ ਦਾ ਮੰਨਣਾ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਨਾ ਸਿਰਫ਼ ਕਰੋੜਾਂ ਰੁਪਏ ਦਾ ਬੋਝ ਪਵੇਗਾ ਬਲਕਿ ਲੋਕਾਂ ਦੀ ਖੱਜਲ ਖੁਆਰੀ ਵੀ ਵੱਧ ਜਾਵੇਗੀ।
ਰੂਪ ਨਗਰ ਨੂੰ ਹੋਵੇਗਾ ਹੋਰ ਨੁਕਸਾਨ : ਕੰਗ
ਜ਼ਿਲ੍ਹਾ ਬਾਰ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਸਿੰਘ ਕੰਗ ਦਾ ਕਹਿਣਾ ਹੈ ਕਿ ਰੂਪਨਗਰ ਜ਼ਿਲ੍ਹੇ ਨੂੰ ਤੋੜ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਨਾਉਣ ਤੇ ਸ੍ਰੀ ਚਮਕੌਰ ਸਾਹਿਬ ਵਿਖੇ ਗ੍ਰਾਮ ਅਦਾਲਤ ਦਾ ਮਤਾ ਲਿਆਉਣ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 40 ਦਿਨਾਂ ਤੋਂ ਅਦਾਲਤ ’ਚ ਮੁਕੰਮਲ ਹੜਤਾਲ ਹੈ। ਉਨਾਂ ਕਿਹਾ ਕਿ ਪਹਿਲਾਂ ਸ਼ਹੀਦ ਭਗਤ ਸਿੰਘ ਨਗਰ ਤੇ ਫਿਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਬਣਾਇਆ ਗਿਆ। ਇਸ ਨਾਲ ਜ਼ਿਲ੍ਹੇ ਦਾ ਨੁਕਸਾਨ ਹੋਇਆ ਹੈ। ਉਨਾਂ ਕਿਹਾ ਕਿ ਜੇਕਰ ਸਰਕਾਰ ਹੁਣ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਨਾਏਗੀ ਤਾਂ ਜ਼ਿਲ੍ਹੇ ਦਾ ਅਕਾਰ ਹੋਰ ਛੋਟਾ ਹੋ ਜਾਵੇਗਾ। ਘੜੂੰਆ ਕਾਨੂੰਨੋਗੀ ਹਲਕੇ ਦੇ 35 ਪਿੰਡ ਰੂਪਨਗਰ ਜ਼ਿਲ੍ਹੇ ’ਚ ਸ਼ਾਮਲ ਕਰਨ ਦਾ ਵਿਰੋਧ ਕਰ ਰਹੇ ਹਨ।
ਬਲਾਚੌਰ ਨੂੰ ਨਵਾਂਸ਼ਹਿਰ ਨਾਲ ਹੀ ਰੱਖਿਆ ਜਾਵੇ : ਸੈਣੀ
ਬਲਾਚੌਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਸੈਣੀ ਨੇ ਤਰਕ ਦਿੱਤਾ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦਾ ਵਿਰੋਧ ਨਹੀਂ ਕਰਦੇ ਪਰ ਬਲਾਚੌਰ ਦੇ ਪਿੰਡ ਤੋੜਣ ’ਤੇ ਉਨ੍ਹਾਂ ਨੂੰ ਇਤਰਾਜ਼ ਹੈ। ਸੈਣੀ ਮੁਤਾਬਕ ਬਲਾਚੌਰ ਤੋਂ ਨਵਾਂਸ਼ਹਿਰ ਜ਼ਿਲ੍ਹਾ ਅਦਾਲਤ ਦਾ ਸਫ਼ਰ ਵੀਹ ਮਿੰਟ ਦਾ ਹੈ। ਜੇਕਰ ਸ੍ਰੀ ਆਨੰਦਪੁਰ ਸਾਹਿਬ ਨਾਲ ਇਹ ਇਲਾਕਾ ਜੋੜਿਆ ਜਾਂਦਾ ਹੈ ਤਾਂ ਇਹ ਸਫ਼ਰ ਕਰੀਬ ਇੱਕ ਘੰਟੇ ਦਾ ਹੋ ਜਾਵੇਗਾ। ਦੂਜਾ ਨਵਾਂਸ਼ਹਿਰ ਨੂੰ ਪੰਜ-ਪੰਜ ਮਿੰਟ ਬਾਅਦ ਬੱਸ ਸਰਵਿਸ ਹੈ ਜਦਕਿ ਸ਼੍ਰੀ ਆਨੰਦਪੁਰ ਸਾਹਿਬ ਨੂੰ ਬਹੁਤ ਘੱਟ ਬੱਸ ਸਰਵਿਸ ਹੈ। ਤੱਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੇ ਕਾਠਗੜ ਕਾਨੂੰਨੋਗੀ ਦੇ ਕਰੀਬ 100 ਪਿੰਡ ਰੂਪਨਗਰ ਨਾਲ ਲਗਾਉਣ ਦਾ ਫ਼ੈਸਲਾ ਕੀਤਾ ਸੀ ਤਾਂ ਉਦੋਂ ਵੀ ਵਿਰੋਧ ਮਗਰੋਂ ਇਹ ਪਿੰਡ ਬਲਾਚੌਰ ਨਾਲ ਜੋੜੇ ਗਏ ਸਨ।
ਗੜ੍ਹਸ਼ੰਕਰ ਨੂੰ ਪੱਛੜੇ ਇਲਾਕੇ ਦੀਆਂ ਸਹੂਲਤਾਂ ਬੰਦ ਹੋਣ ਦਾ ਖ਼ਦਸ਼ਾ : ਭੱਟੀ
ਗੜ੍ਹਸ਼ੰਕਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਭੱਟੀ ਦਾ ਕਹਿਣਾ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਨਾਲ ਜਿੱਥੇ ਸਰਕਾਰੀ ਖ਼ਜ਼ਾਨੇ ’ਤੇ ਕਰੋੜਾ ਰੁਪਏ ਦਾ ਬੋਝ ਪਵੇਗਾ, ਉੱਥੇ ਗੜ੍ਹਸ਼ੰਕਰ ਇਲਾਕੇ ਦੇ ਲੋਕਾਂ ਨੂੰ ਪੱਛੜੇ ਇਲਾਕੇ ਵਾਲੀਆਂ ਸਹੂਲਤਾਂ ਬੰਦ ਹੋ ਜਾਣਗੀਆਂ। ਉਨ੍ਹਾਂ ਦਲੀਲ ਦਿੱਤੀ ਕਿ ਗੜ੍ਹਸ਼ੰਕਰ ਦੇ ਲੋਕਾਂ ਨੂੰ ਡੋਗਰਾ ਰੈਜੀਮੈਂਟ ’ਚ ਵੀ ਭਰਤੀ ਦਾ ਲਾਭ ਮਿਲਦਾ ਹੈ, ਇਹ ਸਹੂਲਤ ਖ਼ਤਮ ਹੋ ਸਕਦੀ ਹੈ। ਮਾਹਿਲਪੁਰ, ਚੱਬੇਬਾਲ ਦੇ ਇਲਾਕੇ ਦੇ ਲੋਕਾਂ ਨੂੰ ਆਨੰਦਪੁਰ ਸਾਹਿਬ ਜਾਣ ਲਈ ਕਰੀਬ ਇਕ ਘੰਟੇ ਦਾ ਸਫ਼ਰ ਤੈਅ ਕਰਨਾ ਪਵੇਗਾ।
1990 ਤੋਂ ਬਾਅਦ ਤਿੰਨ ਵਾਰ ਛਾਂਗਿਆ ਗਿਆ ਜ਼ਿਲ੍ਹਾ ਰੂਪਨਗਰ
ਜ਼ਿਲ੍ਹਾ ਰੂਪਨਗਰ 1992 ਤੋਂ ਬਾਅਦ ਹੁਣ ਤੱਕ ਤਿੰਨ ਵਾਰ ਵੰਡਿਆ ਗਿਆ ਹੈ। 1992 ’ਚ ਕਾਂਗਰਸ ਦੀ ਸਰਕਾਰ ਵੇਲੇ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹਾ ਹੋਂਦ ’ਚ ਆਇਆ ਤਾਂ ਸਤਲੁਜ ਦਰਿਆ ਦਾ ਉਪਰਲਾ ਹਿੱਸਾ ਕੱਟ ਕੇ ਨਵਾਂਸ਼ਹਿਰ ਨਾਲ ਜੋੜ ਦਿੱਤਾ ਗਿਆ। ਇਸੇ ਤਰ੍ਹਾਂ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਾ ਬਣਿਆ ਤਾਂ ਚਮਕੌਰ ਸਾਹਿਬ ਤੇ ਮੋਰਿੰਡਾ ਇਲਾਕੇ ਦੇ ਲਾਗਲੇ ਪਿੰਡ ਫ਼ਤਿਹਗੜ੍ਹ ਸਾਹਿਬ ’ਚ ਸ਼ਾਮਲ ਕਰ ਦਿੱਤੇ ਗਏ। ਇਸ ਤੋਂ ਬਾਅਦ 2007 ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਜ਼ਿਲ੍ਹਾ ਬਣਾਇਆ ਤਾਂ ਮੋਹਾਲੀ, ਕੁਰਾਲੀ, ਘੜੂਆਂ, ਮਾਜਰੀ ਦਾ ਏਰੀਆ ਰੂਨਗਰ ਨਾਲੋਂ ਤੋੜ ਕੇ ਨਵੇਂ ਜ਼ਿਲ੍ਹੇ ’ਚ ਪਾ ਦਿੱਤੇ। ਇਸ ਤਰ੍ਹਾਂ ਰੂਪਨਗਰ ਜ਼ਿਲ੍ਹੇ ਨੂੰ ਬੀਤੇ ਤਿੰਨ ਦਹਾਕਿਆਂ ’ਚ ਭੂਗੋਲਿਕ ਤੇ ਆਰਥਿਕ ’ਤੇ ਵੱਡਾ ਨੁਕਸਾਨ ਪੁੱਜਾ ਹੈ।