ਮੋਹਾਲੀ 'ਚ ਰਿਟਾਇਰਡ ਅਧਿਕਾਰੀ ਦੇ ਘਰ ਫਾਇਰਿੰਗ ਕੇਸ 'ਚ ਨਵਾਂ ਮੋੜ, ਬੇਟਾ ਕਰਦੈ IT ਕੰਪਨੀ 'ਚ ਕੰਮ, ਕ੍ਰਿਪਟੋ ਕਰੰਸੀ ਦੇ 2 ਕਰੋੜ ਦੇ ਲੈਣ-ਦੇਣ ਦਾ ਵਿਵਾਦ
ਪੁਲਿਸ ਨੇ ਮੁੱਢਲੇ ਤੌਰ 'ਤੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰ ਦਿੱਤੀ ਹੈ। 24 ਘੰਟੇ ਪਰਿਵਾਰ ਦੇ ਘਰ 'ਚ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਪੁਲਿਸ ਦੀਆਂ ਕਈ ਟੀਮਾਂ ਇਸ ਮਾਮਲੇ ਦੀ ਜਾਂਚ 'ਚ ਲੱਗੀਆਂ ਹੋਈਆਂ ਹਨ।
Publish Date: Mon, 10 Nov 2025 02:51 PM (IST)
Updated Date: Mon, 10 Nov 2025 03:07 PM (IST)
ਵੇਦ ਸ਼ਰਮਾ, ਮੋਹਾਲੀ : ਫੇਸ-7 'ਚ ਸਿੰਚਾਈ ਵਿਭਾਗ ਦੇ ਰਿਟਾਇਰਡ ਅਧਿਕਾਰੀ ਮਨਿੰਦਰ ਸਿੰਘ ਦੇ ਘਰ ਦੇ ਬਾਹਰ ਤਾਬੜਤੋੜ 35 ਗੋਲੀਆਂ ਚਲਾਉਣ ਦੇ ਮਾਮਲੇ 'ਚ ਨਵਾਂ ਖੁਲਾਸਾ ਹੋਇਆ ਹੈ। ਮਨਿੰਦਰ ਦਾ ਇਕ ਬੇਟਾ ਆਈਟੀ ਕੰਪਨੀ 'ਚ ਨੌਕਰੀ ਕਰਦਾ ਹੈ ਅਤੇ ਉਹ ਕ੍ਰਿਪਟੋ ਕਰੰਸੀ ਦਾ ਵੀ ਕੰਮ ਕਰਦਾ ਹੈ। ਉਸਦਾ ਕਿਸੇ ਸਹਿਯੋਗੀ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਹੈ। ਇਸੇ ਕਾਰਨ ਫਾਇਰਿੰਗ ਕੀਤੀ ਗਈ ਹੈ।
ਪੁਲਿਸ ਹੁਣ ਇਸ ਮਾਮਲੇ 'ਚ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ। ਹਾਲਾਂਕਿ ਫਾਇਰਿੰਗ ਸਮੇਂ ਇਕ ਪਰਚੀ ਘਰ 'ਤੇ ਸੁੱਟੀ ਗਈ ਸੀ, ਜਿਸ 'ਤੇ ਗੈਂਗਸਟਰ ਕਾਲਾ ਰਾਣਾ ਦਾ ਨਾਂ ਲਿਖਿਆ ਗਿਆ ਸੀ। ਪੁਲਿਸ ਉਸਨੂੰ ਵੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਪੁਲਿਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਤੋਂ ਲਗਾਤਾਰ ਪੁੱਛਤਾਛ ਕੀਤੀ ਜਾ ਰਹੀ ਹੈ। ਪੁੱਛਤਾਛ ਵਿਚ ਸਾਹਮਣੇ ਆਇਆ ਹੈ ਕਿ ਮਨਿੰਦਰ ਦੇ ਪੁੱਤਰ ਕੋਲ ਕਿਸੇ ਅਣਜਾਣ ਨੰਬਰ ਤੋਂ ਫੋਨ ਕਰ ਕੇ ਦੋ ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਇਹ ਮੰਗ ਕ੍ਰਿਪਟੋ ਕਰੰਸੀ ਦੇ ਵਿਵਾਦ ਨਾਲ ਸਬੰਧਿਤ ਹੈ।
ਪੁਲਿਸ ਨੇ ਮੁੱਢਲੇ ਤੌਰ 'ਤੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰ ਦਿੱਤੀ ਹੈ। 24 ਘੰਟੇ ਪਰਿਵਾਰ ਦੇ ਘਰ 'ਚ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਪੁਲਿਸ ਦੀਆਂ ਕਈ ਟੀਮਾਂ ਇਸ ਮਾਮਲੇ ਦੀ ਜਾਂਚ 'ਚ ਲੱਗੀਆਂ ਹੋਈਆਂ ਹਨ।
ਇਹ ਹੈ ਮਾਮਲਾ
ਵੀਰਵਾਰ ਰਾਤ ਕਰੀਬ 12:24 ਵਜੇ ਦੋ ਅਣਜਾਣ ਯੁਵਕ ਬਾਈਕ 'ਤੇ ਘਰ ਦੇ ਬਾਹਰ ਪਹੁੰਚਦੇ ਹਨ। ਦੋਹਾਂ ਨੇ ਆਪਣੇ ਚਿਹਰੇ ਨੂੰ ਨਕਾਬ ਨਾਲ ਢਕਿਆ ਹੋਇਆ ਹੁੰਦਾ ਹੈ। ਮੁਲਜ਼ਮਾਂ ਨੇ ਗੱਡੀਆਂ ਤੇ ਘਰ ਦੇ ਗੇਟ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਵਾਰਦਾਤ ਨੂੰ ਕਰੀਬ ਇਕ ਮਿੰਟ ਵਿਚ ਅੰਜਾਮ ਦੇ ਕੇ ਬਿਲਕੁਲ ਬੇਖੌਫ਼ ਤਰੀਕੇ ਨਾਲ ਉੱਥੋਂ ਬਾਈਕ 'ਤੇ ਸਵਾਰ ਹੋ ਕੇ ਫਰਾਰ ਹੋ ਜਾਂਦੇ ਹਨ।